ਮਿਡ-ਡੇ ਮੀਲ ਵਰਕਰਾਂ ਵੱਲੋਂ ਰੋਸ ਮਾਰਚ

12/11/2017 4:04:46 AM

ਅਜਨਾਲਾ,   (ਬਾਠ)-  ਅੱਜ ਇਥੇ ਮਿਡ-ਡੇ ਮੀਲ ਵਰਕਰਜ਼ ਯੂਨੀਅਨ (ਸੀਟੂ) ਤਹਿਸੀਲ ਅਜਨਾਲਾ ਦੀਆਂ ਦਰਜਨਾਂ ਵਰਕਰਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਗੁਰਮੀਤ ਕੌਰ ਅਜਨਾਲਾ ਦੀ ਅਗਵਾਈ 'ਚ ਕੈਪਟਨ ਸਰਕਾਰ 'ਤੇ ਦਬਾਅ ਵਧਾਉਣ ਲਈ ਤਹਿਸੀਲ ਪੱਧਰੀ ਜ਼ਬਰਦਸਤ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ।
ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਯੂਨੀਅਨ ਦੀ ਸੂਬਾ ਕਨਵੀਨਰ ਅਮਰਜੀਤ ਕੌਰ ਲੋਪੋਕੇ ਤੇ ਸੀਟੂ ਦੇ ਸੂਬਾ ਸਕੱਤਰ ਸੁੱਚਾ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ 2 ਮਹੀਨੇ ਦੀ ਤਨਖਾਹ ਤੇ ਪਿਛਲੇ 6 ਮਹੀਨੇ ਦੇ ਮਾਣ-ਭੱਤੇ ਦਾ ਬਕਾਇਆ ਪ੍ਰਤੀ ਮਹੀਨਾ 500 ਰੁਪਏ ਜਾਰੀ ਕਰਵਾਉਣ, ਲੇਬਰ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹਾਂ ਦੀ ਪ੍ਰਾਪਤੀ ਕਰਵਾਉਣ, ਬੀਮਾ ਸਹੂਲਤ ਮੁਫਤ ਲੈਣ, ਸਿਲੰਡਰਾਂ 'ਤੇ ਹੀ ਸਕੂਲੀ ਬੱਚਿਆਂ ਦਾ ਖਾਣਾ ਤਿਆਰ ਕਰਨ ਤੇ 20 ਬੱਚਿਆਂ ਪਿੱਛੇ ਇਕ ਕੁੱਕ ਦਾ ਪ੍ਰਬੰਧ ਕਰਵਾਉਣ ਆਦਿ ਮੰਗਾਂ ਲਈ 17 ਜਨਵਰੀ ਨੂੰ ਹੋਰਨਾਂ ਸਕੀਮ ਵਰਕਰਾਂ ਦੀ ਸ਼ਮੂਲੀਅਤ ਨਾਲ ਇਕ ਰੋਜ਼ਾ ਹੜਤਾਲ ਕੀਤੀ ਜਾਵੇਗੀ ਤੇ ਡੀ. ਸੀ. ਅੰਮ੍ਰਿਤਸਰ ਦਫਤਰ ਸਾਹਮਣੇ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਪਰਮਜੀਤ ਕਾਮਲਪੁਰਾ, ਬਚਨ ਸਿੰਘ ਗਿੱਲ, ਰਘਬੀਰ ਸਿੰਘ ਕਾਮਲਪੁਰਾ, ਗੁਰਮੀਤ ਕੌਰ, ਸੰਦੀਪ ਕੌਰ, ਦਲਜੀਤ ਕੌਰ, ਬੀਬੀ ਦਲਬੀਰ ਕੌਰ, ਪਰਮਜੀਤ ਕੌਰ, ਲਖਵਿੰਦਰ ਕੌਰ ਆਦਿ ਆਗੂ ਹਾਜ਼ਰ ਸਨ।


Related News