ਲੁਧਿਆਣਾ : ਇਕਸੁਰ ''ਚ ਬੋਲੇ ਦੁਕਾਨਦਾਰ, ਸੰਡੇ ਦੇ ਦਿਨ ਟੂ-ਵ੍ਹੀਲਰ ਦੀ ਐਂਟਰੀ ਨਾ ਹੋਵੇ ਬੰਦ

12/12/2017 4:36:02 PM

ਲੁਧਿਆਣਾ (ਸੰਨੀ) : ਨਗਰ ਦੇ ਪ੍ਰਮੁੱਖ ਚੌੜਾ ਬਾਜ਼ਾਰ 'ਚ ਸੰਡੇ ਦੇ ਦਿਨ ਭਾਰੀ ਟਰੈਫਿਕ ਜਾਮ ਨੂੰ ਦੇਖਦੇ ਹੋਏ ਟਰੈਫਿਕ ਪੁਲਸ ਵੱਲੋਂ ਵਿਸ਼ੇਸ਼ ਯਤਨ ਕਰਦੇ ਹੋਏ ਸਿਰਫ ਸੰਡੇ ਦੇ ਦਿਨ ਲਈ ਹਰ ਤਰ੍ਹਾਂ ਦੇ ਵਾਹਨਾਂ ਦੀ ਐਂਟਰੀ ਬੰਦ ਰੱਖੀ ਗਈ ਸੀ, ਜਿਸ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਚੌੜਾ ਬਾਜ਼ਾਰ ਅਤੇ ਇਸ ਦੇ ਆਸ-ਪਾਸ ਦੀਆਂ ਕਈ ਮਾਰਕੀਟਾਂ ਦੇ ਦੁਕਾਨਦਾਰਾਂ ਦੇ ਸੰਗਠਨਾਂ ਨੇ ਟਰੈਫਿਕ ਪੁਲਸ ਦੇ ਇਸ ਯਤਨ ਦੀ ਸ਼ਲਾਘਾ ਤਾਂ ਕੀਤੀ ਹੀ ਹੈ ਪਰ ਇਕਸੁਰ 'ਚ ਟੂ-ਵ੍ਹੀਲਰ ਨੂੰ ਇਸ ਤੋਂ ਮੁਕਤ ਰੱਖਣ ਦੀ ਮੰਗ ਕੀਤੀ ਹੈ। 
ਬੀਤੇ ਸੰਡੇ ਨੂੰ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਮਿਲੀ ਵਾਹੋ-ਵਾਹੀ ਤੋਂ ਬਾਅਦ ਟਰੈਫਿਕ ਪੁਲਸ ਦੇ ਅਧਿਕਾਰੀ ਖੁਸ਼ੀ ਮਹਿਸੂਸ ਕਰ ਰਹੇ ਹਨ। ਟਰੈਫਿਕ ਪੁਲਸ ਵੱਲੋਂ ਸੰਡੇ ਨੂੰ 10 ਸਥਾਨਾਂ 'ਤੇ ਬੈਰੀਕੇਡਿੰਗ ਕਰ ਕੇ 15 ਦੇ ਕਰੀਬ ਕਰਮਚਾਰੀਆਂ ਨੂੰ ਉਥੇ ਤਾਇਨਾਤ ਕਰ ਕੇ ਚੌੜਾ ਬਾਜ਼ਾਰ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਹਰ ਤਰ੍ਹਾਂ ਦੇ ਵਾਹਨਾਂ ਲਈ ਸਵੇਰੇ 9 ਤੋਂ ਸ਼ਾਮ 9 ਵਜੇ ਤੱਕ ਬੰਦ ਕਰ ਦਿੱਤਾ ਸੀ। ਟਰੈਫਿਕ ਪੁਲਸ ਵੱਲੋਂ ਚੌੜਾ ਬਾਜ਼ਾਰ ਨੂੰ ਪੈਦਲ ਜ਼ੋਨ ਬਣਾਉਣ ਤੋਂ ਬਾਅਦ ਉਥੇ ਟਰੈਫਿਕ ਜਾਮ ਦੇ ਹਾਲਾਤ ਪੈਦਾ ਨਾ ਹੋਣ ਜੋ ਅਕਸਰ ਹਰ ਸੰਡੇ ਦੇਖਣ ਨੂੰ ਮਿਲਦੇ ਸਨ। ਉਥੇ ਇਸ ਨਵੀਂ ਵਿਵਸਥਾ ਨੂੰ ਲੈ ਕੇ ਚੌੜਾ ਬਾਜ਼ਾਰ ਅਤੇ ਇਸ ਦੇ ਆਸ-ਪਾਸ ਦੇ ਦੁਕਾਨਦਾਰਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਗਾਹਕ ਵਧੇ ਪਰ ਟੂ-ਵ੍ਹੀਲਰ ਨੂੰ ਮਿਲੇ ਐਂਟਰੀ : ਜਸਪਾਲ
ਕਿਤਾਬ ਬਾਜ਼ਾਰ ਸ਼ਾਪਕੀਪਰ ਐਸੋ. ਦੇ ਪ੍ਰਧਾਨ ਜਸਪਾਲ ਸਿੰਘ ਬੰਟੀ ਦਾ ਕਹਿਣਾ ਹੈ ਕਿ ਟਰੈਫਿਕ ਪੁਲਸ ਦੀ ਪਹਿਲ ਕਾਰਨ ਬਾਜ਼ਾਰ 'ਚ ਗਾਹਕਾਂ ਦੀ ਆਮਦ ਵਧੀ ਹੈ ਪਰ ਸੰਡੇ ਨੂੰ ਟੂ-ਵ੍ਹੀਲਰ ਦੀ ਐਂਟਰੀ ਬੰਦ ਨਹੀਂ ਹੋਣੀ ਚਾਹੀਦੀ। ਟਰੈਫਿਕ ਪੁਲਸ ਨੂੰ ਸਿਰਫ ਚਾਰ-ਪਹੀਆ ਅਤੇ ਰਿਕਸ਼ੇ, ਰੇਹੜਿਆਂ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ ਤਾਂ ਕਿ ਦੁਕਾਨਦਾਰ ਭਰਾਵਾਂ ਦਾ ਵੀ ਨੁਕਸਾਨ ਨਾ ਹੋਵੇ।
ਫੜ੍ਹੀਆਂ ਲਾਉਣ ਵਾਲੇ ਦੁਕਾਨਦਾਰਾਂ 'ਤੇ ਵੀ ਹੋਵੇ ਕਾਰਵਾਈ : ਮੱਕੜ
ਬਿਜਲੀ ਮਾਰਕੀਟ ਤੋਂ ਜਸਮੀਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਫੜ੍ਹੀਆਂ ਲਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਪੁਲਸ ਵਿਭਾਗ ਨੇ ਜੇਕਰ ਅਸਲੀਅਤ 'ਚ ਚੌੜਾ ਬਾਜ਼ਾਰ ਨੂੰ ਜਾਮ ਮੁਕਤ ਬਣਾਉਣਾ ਹੈ ਤਾਂ ਫੜ੍ਹੀਆਂ ਲਾਉਣ ਵਾਲੇ ਦੁਕਾਨਦਾਰਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਕਈ ਵਾਰ ਸੋਚਣ।
ਟਰੈਫਿਕ ਪੁਲਸ ਦਾ ਪਲਾਨ ਸ਼ਲਾਘਾਯੋਗ : ਬੰਟੀ
ਅਕਾਲਗੜ੍ਹ ਮਾਰਕੀਟ ਦੀ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਨੇ ਟਰੈਫਿਕ ਪੁਲਸ ਦੇ ਪਲਾਨ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਬੰਟੀ ਨੇ ਕਈ ਖੇਤਰਾਂ 'ਚ ਰੋਜ਼ਾਨਾ ਆਧਾਰ 'ਤੇ ਵਨ-ਵੇ ਪ੍ਰਣਾਲੀ ਲਾਗੂ ਕਰਨ ਦੀ ਮੰਗ ਕੀਤੀ ਹੈ। ਬੰਟੀ ਅਨੁਸਾਰ ਵਨ-ਵੇ ਪ੍ਰਣਾਲੀ ਲਾਗੂ ਕਰਨ ਨਾਲ ਸੰਡੇ ਤੋਂ ਇਲਾਵਾ ਬਾਕੀ ਦਿਨਾਂ 'ਚ ਵੀ ਬਾਜ਼ਾਰ ਨੂੰ ਜਾਮ ਮੁਕਤ ਬਣਾਇਆ ਜਾ ਸਕਦਾ ਹੈ।
ਦੁਕਾਨਦਾਰ ਪੁਲਸ-ਪ੍ਰਸ਼ਾਸਨ ਨੂੰ ਕਰਨ ਸਹਿਯੋਗ : ਚੌਧਰੀ
ਅਰੋੜਾ ਮਾਰਕੀਟ ਦੇ ਪ੍ਰਧਾਨ ਸੰਜੀਵ ਚੌਧਰੀ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੁਲਸ ਪ੍ਰਸ਼ਾਸਨ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਚੌਧਰੀ ਅਨੁਸਾਰ ਜੇਕਰ ਦੁਕਾਨਦਾਰ ਭਰਾ ਆਪਣੀਆਂ ਦੁਕਾਨਾਂ ਦੇ ਬਾਹਰ ਰੇਹੜੀ-ਫੜ੍ਹੀ ਨਾ ਲਾਉਣ ਦੇਣ ਤਾਂ ਚੌੜਾ ਬਾਜ਼ਾਰ 'ਚ ਕਿਸੇ ਕਾਰਵਾਈ ਦੀ ਕਦੇ ਜ਼ਰੂਰਤ ਹੀ ਨਹੀਂ ਪਵੇਗੀ।


Related News