ਸ਼ਹਿਰ ''ਚ ਖਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਪੋਸਟਰ

10/18/2017 6:05:04 AM

ਤਰਨਤਾਰਨ,   (ਰਮਨ, ਰਾਜੂ)-  ਸਥਾਨਕ ਸ਼ਹਿਰ 'ਚ ਅੱਜ ਸਵੇਰੇ ਖਾਲਿਸਤਾਨ ਜ਼ਿੰਦਾਬਾਦ 2020 ਦੇ ਵੱਖ-ਵੱਖ ਥਾਵਾਂ 'ਤੇ ਪੋਸਟਰ ਲੱਗਣ ਨਾਲ ਸ਼ਹਿਰ ਵਾਸੀਆਂ 'ਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਹ ਪੋਸਟਰ ਕਰੀਬ ਤਿੰਨ ਥਾਵਾਂ 'ਤੇ ਲੱਗੇ ਨਜ਼ਰ ਆਏ। ਇਸ ਨੇ ਖੁਫੀਆ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਪੈਦਾ ਕਰ ਦਿੱਤਾ ਹੈ।
 ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਸਕੱਤਰ ਅਸ਼ਵਨੀ ਕੁਮਾਰ ਕੁੱਕੂ ਨੇ ਐੱਸ. ਐੱਸ. ਪੀ. ਨਾਲ ਗੱਲ ਕਰ ਕੇ ਇਸ ਘਟਨਾ ਸਬੰਧੀ ਰੋਸ ਜਤਾਇਆ ਹੈ। ਗੌਰਤਲਬ ਹੈ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਪੰਜਾਬ 'ਚ ਪਹਿਲੀ ਵਾਰ ਤਰਨਤਾਰਨ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਾਏ ਗਏ ਹਨ।
 ਜਾਣਕਾਰੀ ਅਨੁਸਾਰ ਅੱਜ ਸਵੇਰੇ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਗੇਟ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ 2020 ਦੇ ਲੱਗੇ ਪੋਸਟਰਾਂ ਨੂੰ ਵੇਖ ਕੇ ਲੋਕਾਂ ਨੂੰ ਅੱਤਵਾਦ ਦਾ ਸਮਾਂ ਯਾਦ ਆ ਗਿਆ, ਜਿਸ ਨੂੰ ਵੇਖ ਕੇ ਜਿਥੇ ਸਕੂਲੀ ਵਿਦਿਆਰਥਣਾਂ ਅਤੇ ਸਟਾਫ ਦੇ ਰੰਗ ਪੀਲੇ ਪੈ ਗਏ ਉਥੇ ਦੀਵਾਲੀ ਦੇ ਤਿਉਹਾਰ ਮੌਕੇ ਖੁਫੀਆ ਏਜੰਸੀਆਂ ਅਤੇ ਪੁਲਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਵੀ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਪੋਸਟਰਾਂ ਨੂੰ ਕਰੀਬ 12 ਵਜੇ ਦੁਪਹਿਰੇ ਇਕ ਪ੍ਰਾਈਵੇਟ ਸਵਿਫਟ ਗੱਡੀ 'ਤੇ ਸਵਾਰ ਬਿਨਾਂ ਵਰਦੀ ਦੇ ਚਾਲਕ ਜਿਸ 'ਤੇ ਅੰਮ੍ਰਿਤਸਰ ਦਾ ਨੰਬਰ ਲੱਗਾ ਸੀ, ਵੱਲੋਂ ਕਾਲੀ ਸਪਰੇਅ ਮਾਰ ਕੇ ਮਿਟਾ ਦਿੱਤਾ ਗਿਆ। ਇਨ੍ਹਾਂ ਪੋਸਟਰਾਂ ਨੇ ਇਲਾਕਾ ਵਾਸੀਆਂ ਨੂੰ ਫਿਰ ਚਿੰਤਾ ਵਿਚ ਪਾ ਕੇ ਰੱਖ ਦਿੱਤਾ ਹੈ। ਇਹ ਪੋਸਟਰ ਦੇਰ ਰਾਤ ਜਾਂ ਫਿਰ ਤੜਕਸਾਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਵੀ ਲਗਾਏ ਜਾ ਸਕਦੇ ਹਨ, ਇਸ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ।
 ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਿਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਵੱਲੋਂ ਮੌਕੇ 'ਤੇ ਟੀਮ ਭੇਜੀ ਗਈ ਸੀ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ। ਇਨ੍ਹਾਂ ਪੋਸਟਰਾਂ ਨੂੰ ਕਿਸ ਨੇ ਲਾਇਆ ਜਾਂ ਫਿਰ ਕਿਸ ਨੇ ਸਪਰੇਅ ਨਾਲ ਮਿਟਾਇਆ, ਉਨ੍ਹਾਂ ਨੂੰ ਨਹੀਂ ਪਤਾ। ਪਤਾ ਲੱਗਣ 'ਤੇ ਸਬੰਧਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। 


Related News