ਧੀ-ਜਵਾਈ ਨੂੰ ਕਤਲ ਕਰਨ ਵਾਲੇ ਪਿਓ ਖਿਲਾਫ ਅਦਾਲਤ ਦਾ ਸਖਤ ਫੈਸਲਾ

10/29/2016 6:28:01 PM

ਹੁਸ਼ਿਆਰਪੁਰ (ਜੈਨ) : ਮਾਨਯੋਗ ਵਧੀਕ ਸੈਸ਼ਨ ਜੱਜ ਬੀ. ਐੱਸ. ਦਿਓਲ ਦੀ ਅਦਾਲਤ ਨੇ ਥਾਣਾ ਚੱਬੇਵਾਲ ਦੇ ਪਿੰਡ ਮੁੱਗੋਵਾਲ ''ਚ ਆਨਰ ਕਿਲਿੰਗ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ 6 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਵਾਰਦਾਤ ''ਚ ਪਿੰਡ ਮੁੱਗੋਵਾਲ ਦੇ ਨੌਜਵਾਨ ਸੰਦੀਪ ਕੁਮਾਰ ਉਰਫ ਸੋਨੀ ਪੁੱਤਰ ਪ੍ਰਕਾਸ਼ ਚੰਦ ਵੱਲੋਂ ਆਪਣੇ ਗੁਆਂਢ ਦੀ ਲੜਕੀ ਖੁਸ਼ਬੂ ਪੁੱਤਰੀ ਸੋਢੀ ਰਾਮ ਨਾਲ ਪ੍ਰੇਮ ਵਿਆਹ ਕਰਨ ''ਤੇ ਲੜਕੀ ਦੇ ਪਿਤਾ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਮਾਣਯੋਗ ਅਦਾਲਤ ਨੇ ਦੋਸ਼ੀ ਸੋਢੀ ਰਾਮ ਪੁੱਤਰ ਪਿਆਰਾ ਰਾਮ, ਭੁਪਿੰਦਰਪਾਲ ਪੁੱਤਰ ਸੋਢੀ ਰਾਮ, ਅਵਿਨਾਸ਼ ਚੰਦਰ ਪੁੱਤਰ ਹਿੰਮਤ ਰਾਜ ਤਿੰਨੋਂ ਵਾਸੀ ਪਿੰਡ ਮੁੱਗੋਵਾਲ, ਸਰਬਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਅਜਨੋਹਾ, ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਜਸਵਿੰਦਰਪਾਲ ਵਾਸੀ ਪਿੰਡ ਗੁਜਰਾਤਾ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ ਤੇ ਅਮਰਜੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਪੰਜੌੜਾ ਨੂੰ ਧਾਰਾ 302 ਤਹਿਤ ਉਮਰ ਕੈਦ ਤੇ 25-25 ਹਜ਼ਾਰ ਰੁਪਏ ਜੁਰਮਾਨਾ, ਧਾਰਾ 326 ਤਹਿਤ 7-7 ਸਾਲ ਦੀ ਕੈਦ ਤੇ 10-10 ਹਜ਼ਾਰ ਰੁਪਏ ਜੁਰਮਾਨਾ, ਧਾਰਾ 452 ਤਹਿਤ 5-5 ਸਾਲ ਦੀ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਸਾਰੀਆਂ ਸਜ਼ਾਵਾਂ ਇਕਸਾਰ ਚੱਲਣਗੀਆਂ।
ਅਦਾਲਤ ਨੇ ਮਾਮਲੇ ਦੇ 3 ਦੋਸ਼ੀਆਂ ਜੁਝਾਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਨਡਾਲੋਂ, ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਤੇ ਸ਼ਸ਼ੀ ਪਰਮਾਰ ਪੁੱਤਰ ਇੰਦਰਜੀਤ ਸਿੰਘ ਦੋਵੇਂ ਵਾਸੀ ਪੰਜੌੜਾ ਨੂੰ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਇਸ ਕੇਸ ਦੇ 2 ਹੋਰ ਦੋਸ਼ੀ ਗੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਡਾਲੋਂ ਤੇ ਮੁਲਖ ਰਾਜ ਪੁੱਤਰ ਪਿਆਰਾ ਰਾਮ ਵਾਸੀ ਮੁੱਗੋਵਾਲ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ।
ਕੀ ਹੈ ਮਾਮਲਾ
ਵਰਨਣਯੋਗ ਹੈ ਕਿ ਮ੍ਰਿਤਕ ਲੜਕੇ ਸੰਦੀਪ ਕੁਮਾਰ ਉਰਫ ਸੋਨੀ ਦੀ ਮਾਂ ਊਧਮ ਕੌਰ ਦੀ ਸ਼ਿਕਾਇਤ ''ਤੇ ਥਾਣਾ ਚੱਬੇਵਾਲ ਦੀ ਪੁਲਸ ਨੇ ਐੱਫ. ਆਈ. ਆਰ. ਨੰ. 2 ਤਹਿਤ 4 ਜਨਵਰੀ 2015 ਨੂੰ ਉਪਰੋਕਤ ਦੋਸ਼ੀਆਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸਦੇ ਲੜਕੇ ਸੰਦੀਪ ਦਾ ਕੁੱਝ ਮਹੀਨੇ ਪਹਿਲਾਂ ਖੁਸ਼ਬੂ ਨਾਲ ਪ੍ਰੇਮ ਵਿਆਹ ਹੋਇਆ ਸੀ। ਇਸੇ ਰੰਜਿਸ਼ ਨੂੰ ਲੈ ਕੇ ਖੁਸ਼ਬੂ ਦੇ ਪਿਤਾ ਸੋਢੀ ਰਾਮ ਨੇ ਆਪਣੇ ਲੜਕੇ ਤੇ ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਸਾਡੇ ਘਰ ''ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਸੰਦੀਪ ਤੇ ਖੁਸ਼ਬੂ ''ਤੇ ਕਈ ਵਾਰ ਕੀਤੇ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। ਇਸ ਵਾਰਦਾਤ ''ਚ ਸੰਦੀਪ ਦੇ ਪਿਤਾ ਪ੍ਰਕਾਸ਼ ਚੰਦ ਨੂੰ ਵੀ ਜ਼ਖ਼ਮੀ ਕਰ ਦਿੱਤਾ ਗਿਆ। ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ''ਤੇ ਮਾਣਯੋਗ ਅਦਾਲਤ ਨੇ ਅੱਜ ਉਪਰੋਕਤ ਸਜ਼ਾ ਸੁਣਾਈ ਹੈ।


Gurminder Singh

Content Editor

Related News