ਡੇਂਗੂ ਦੇ ਡੰਗ ਅੱਗੇ ਬੇਵੱਸ ਸਰਕਾਰ

10/17/2017 6:55:52 AM

ਹੁਸ਼ਿਆਰਪੁਰ, (ਘੁੰਮਣ)- ਸਿਹਤ ਵਿਭਾਗ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਦੇ ਬਾਵਜੂਦ ਜ਼ਿਲੇ ਵਿਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ, ਉਥੇ ਹੀ ਸਰਕਾਰ ਵੱਲੋਂ ਜ਼ਰੂਰੀ ਸਾਜ਼ੋ-ਸਾਮਾਨ ਮੁਹੱਈਆ ਨਾ ਕਰਵਾਏ ਜਾਣ ਕਾਰਨ ਮਰੀਜ਼ਾਂ ਨੂੰ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ, ਨਾਲ ਹੀ ਮਰੀਜ਼ਾਂ ਦੇ ਇਲਾਜ ਅਤੇ ਦੇਖ-ਰੇਖ ਵਿਚ ਲੱਗੇ ਡਾਕਟਰ ਵੀ ਆਪਣੇ ਆਪ ਵਿਚ ਲਾਚਾਰ ਨਜ਼ਰ ਆ ਰਹੇ ਹਨ। ਹਾਲਾਤ ਇਹ ਹਨ ਕਿ ਡੇਂਗੂ ਦੇ ਸ਼ਿਕਾਰ ਮਰੀਜ਼ਾਂ ਲਈ ਪਲੇਟਲੈੱਟ ਹਾਸਲ ਕਰਨ ਦੀਆਂ ਮਸ਼ੀਨਾਂ ਤਾਂ ਸਿਵਲ ਹਸਪਤਾਲ ਬਲੱਡ ਬੈਂਕ ਵਿਚ 2 ਮੌਜੂਦ ਹਨ ਪਰ ਪਲੇਟਲੈੱਟ ਲੈਣ ਲਈ ਉਨ੍ਹਾਂ ਮਸ਼ੀਨਾਂ ਨੂੰ ਚਲਾਉਣ ਲਈ ਕਿੱਟਾਂ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਭੁੱਲੀ ਬੈਠੀ ਹੈ। ਪਿਛਲੇ ਸਾਲ ਆਖਰੀ ਵਾਰ ਇਹ ਕਿੱਟਾਂ ਦੀ ਸਪਲਾਈ ਬਹੁਤ ਘੱਟ ਸੀ। ਇਸ ਸਾਲ ਮਰੀਜ਼ਾਂ ਦੀ ਗਿਣਤੀ ਤਾਂ ਵਧੀ ਹੈ ਪਰ ਇਕ ਵੀ ਕਿੱਟ ਸਰਕਾਰ ਵੱਲੋਂ ਮੁਹੱਈਆ ਨਹੀਂ ਕਰਵਾਈ ਗਈ। ਸਿੰਗਲ ਬਲੱਡ ਡੋਨਰ ਤੋਂ ਬਲੱਡ ਹਾਸਲ ਕਰਨ ਲਈ ਵਰਤੀ ਜਾਣ ਵਾਲੀ ਮਸ਼ੀਨ ਲਈ ਕਿੱਟ ਦੀ ਕੀਮਤ 7000 ਤੋਂ 9000 ਰੁਪਏ ਤੱਕ ਦੀ ਹੈ, ਜਿਸ ਨੂੰ ਖਰੀਦ ਪਾਉਣਾ ਗਰੀਬ ਮਰੀਜ਼ਾਂ ਦੇ ਵੱਸੋਂ ਬਾਹਰ ਹੈ, ਉਲਟਾ ਮਹਿਕਮੇ ਕੋਲ ਵੀ ਅਜਿਹੇ ਕੋਈ ਫੰਡ ਨਹੀਂ ਹਨ, ਜਿਸ ਨਾਲ ਕਿੱਟਾਂ ਦੀ ਖਰੀਦ ਕੀਤੀ ਜਾ ਸਕੇ। ਉਥੇ ਡਾਕਟਰ ਵੀ ਚਾਹੁੰਦੇ ਹੋਏ ਉਨ੍ਹਾਂ ਦੀ ਮਦਦ ਕਰਨ ਵਿਚ ਬੇਵੱਸ ਹਨ। 
ਜਦੋਂ ਇਸ ਸਬੰਧ ਵਿਚ ਜ਼ਿਲਾ ਸਿਹਤ ਅਫਸਰ-ਕਮ-ਨੋਡਲ ਅਫਸਰ ਡਾ. ਸੇਵਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰ ਮਾਈਕ੍ਰੋ ਬਾਇਓਲੋਜੀ ਲੈਬ ਵੱਲੋਂ 2000 ਸੈਂਪਲ ਲਏ ਗਏ ਹਨ, ਜਿਸ ਵਿਚੋਂ 62 ਮਰੀਜ਼ਾਂ ਦਾ ਡੇਂਗੂ ਟੈਸਟ ਪਾਜ਼ੇਟਿਵ ਆਇਆ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਦੇ ਮਰੀਜ਼ਾਂ ਲਈ ਸਪੈਸ਼ਲ ਵਾਰਡ ਤਿਆਰ ਕੀਤੇ ਗਏ ਹਨ, ਜਿਸ ਵਿਚ ਮੱਛਰਦਾਨੀਆਂ ਅਤੇ ਬਕਾਇਦਾ ਉਨ੍ਹਾਂ ਵਾਰਡਾਂ ਵਿਚ ਸਪਰੇਅ ਕਰਵਾਈ ਜਾਂਦੀ ਹੈ, ਜਿਥੇ ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਲਈ ਦਵਾਈਆਂ ਅਤੇ ਹੋਰ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਜ ਨਾਲੋਂ ਪ੍ਰਹੇਜ਼ ਬਿਹਤਰ ਹੁੰਦਾ ਹੈ। ਇਸ ਲਈ ਡੇਂਗੂ ਦੀ ਰੋਕਥਾਮ ਲਈ ਪਾਣੀ ਨੂੰ ਕਿਧਰੇ ਵੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਕੂਲਰਾਂ ਅਤੇ ਫਰਿੱਜਾਂ ਦੀਆਂ ਟਰੇਆਂ ਦੀ ਰੋਜ਼ਾਨਾ ਸਫਾਈ ਜ਼ਰੂਰੀ ਹੈ। ਇਸ ਤੋਂ ਇਲਾਵਾ ਜੇਕਰ ਤੇਜ਼ ਬੁਖਾਰ, ਸਰੀਰ ਦਰਦ ਜਾਂ ਸਿਰ ਦਰਦ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਕੋਲ ਜਾਂਚ ਕਰਵਾਉਣੀ ਚਾਹੀਦੀ ਹੈ। ਸਮੂਹ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਕਿਹਾ ਕਿ ਸਿਵਲ ਹਸਪਤਾਲ ਵਿਖੇ ਅੱਜ ਤੋਂ ਤਿੰਨ ਸਾਲ ਪਹਿਲਾਂ ਕੰਪੋਨੈਂਟ ਸੈਪੇਰੇਟਰ ਮਸ਼ੀਨ, ਜਿਸ ਦੀ ਕੀਮਤ 28 ਲੱਖ ਹੈ, ਆਈ ਸੀ। ਉਸ ਸਮੇਂ ਤੱਤਕਾਲੀਨ ਸਿਹਤ ਸਕੱਤਰ ਵਿੰਨੀ ਮਹਾਜਨ ਨਾਲ ਗੱਲਬਾਤ ਵੀ ਹੋਈ ਸੀ ਪਰ ਕਿੱਟਾਂ ਮਹਿੰਗੀਆਂ ਹੋਣ ਕਾਰਨ ਕਿਸੇ ਵੀ ਫਰਮ ਵੱਲੋਂ ਖਰੀਦੀ ਨਹੀਂ ਗਈ। ਉਨ੍ਹਾਂ ਮੰਨਿਆ ਕਿ ਬੇਸ਼ੱਕ ਸਾਡੇ ਕੋਲ ਮੈਡੀਕਲ ਸਪੈਸ਼ਲਿਸਟਾਂ ਦੀ ਘਾਟ ਹੋਣ ਕਾਰਨ ਪੀ. ਐੱਚ. ਸੀਜ਼ ਤੋਂ ਸਪੈਸ਼ਲ ਡਾਕਟਰਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਹਨ ਤਾਂ ਜੋ ਇਨ੍ਹਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।


Related News