ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਨੇ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਮੋੜਿਆ ਮੁੱਖ

11/19/2017 10:04:08 AM


ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਖਾਲਸਾ ਪੰਥ ਦੀ ਸਾਜਨਾ ਕਾਰਨ ਵਾਲੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਵੱਡੀ ਪੱਧਰ 'ਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ 25 ਦਸੰਬਰ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਸ਼੍ਰੋਮਣੀ ਕਮੇਟੀ ਅਤੇ ਸਰਕਾਰਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਬਣੇ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਇਤਿਹਾਸਕ ਸਥਾਨਾਂ ਨੂੰ ਜਾਂਦੇ ਰਸਤਿਆਂ ਵੱਲ ਧਿਆਨ ਨਾ ਦੇਣ ਤੋਂ ਸਿੱਧ ਹੁੰਦਾ ਹੈ ਕਿ ਲੋਕਾਂ ਨੂੰ ਇਤਿਹਾਸ ਨਾਲ ਜੋੜਨ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ। ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ ਅੱਜ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ। ਇਸ ਮਾਰਗ ਤੋਂ ਜਾਣ ਲਈ ਲੋਕ ਕੰਨੀ ਕਤਰਾਉਂਦੇ ਹਨ।

ਕੀ ਹੈ ਗੁਰੂ ਗੋਬਿੰਦ ਸਿੰਘ ਮਾਰਗ ਦਾ ਇਤਿਹਾਸ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਯੁੱਧ ਕਰਦੇ ਹੋਏ ਬਿਖੜੇ ਪੈਂਡੇ ਨੂੰ ਤਹਿ ਕਰਦੇ ਹੋਏ ਅਤੇ ਰਸਤੇ 'ਚ ਹੋਰ ਇਤਿਹਾਸ ਸਿਰਜਦੇ ਹੋਏ 20 ਪੋਹ 1705 ਸਦੀ ਨੂੰ ਤਖਤੂਪੁਰਾ ਸਾਹਿਬ ਦੀ ਧਰਤੀ ਤੋਂ ਹੁੰਦੇ ਹੋਏ ਪਿੰਡ ਮਧੇਕੇ ਪਹੁੰਚੇ ਸਨ, ਉਸ ਸਮੇਂ ਇਸ ਜਗ੍ਹਾ ਉੱਪਰ ਝਾੜੀਆਂ ਤੇ ਜੰਗਲਨੁਮਾ ਝਿੜੀ ਸੀ। ਤੀਰ ਤੇ ਤਲਵਾਰ ਚਲਾਉਂਦਿਆਂ ਗੁਰੂ ਸਾਹਿਬ ਦੇ ਹੱਥ ਦੀ ਉਂਗਲ ਉੱਪਰ ਜ਼ਖਮ ਹੋ ਗਿਆ ਸੀ, ਇਸ ਸਮੇਂ ਗੁਰੂ ਸਾਹਿਬ ਦੇ ਹੱਥ ਦੀ ਉਂਗਲ ਉੱਪਰੋਂ ਇਕ ਮੁਸਲਮਾਨ ਲੁਹਾਰ ਨੇ ਮੂੰਹ ਦੀ ਭਾਫ ਦੇ ਕੇ ਪੱਟੀ ਉਤਾਰ ਦਿੱਤੀ ਸੀ। ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਸ ਲੁਹਾਰ ਨੂੰ ਕੁੱਲ 'ਚ ਵਾਧਾ ਹੋਣ ਦਾ ਬਚਨ ਦਿੱਤਾ ਸੀ। ਹੁਣ ਇਸ ਜਗ੍ਹਾ 'ਤੇ ਗੁਰਦੁਆਰਾ ਪਾਕਾ ਸਾਹਿਬ ਸੁਸ਼ੋਭਿਤ ਹੈ। ਇਸ ਤੋਂ ਬਾਅਦ ਗੁਰੂ ਜੀ ਨੂੰ ਦੀਨਾ ਸਾਹਿਬ ਦੀਆਂ ਸੰਗਤਾਂ ਬੇਨਤੀ ਕਰ ਕੇ ਲੈ ਗਈਆਂ ਸਨ ਅਤੇ ਦੀਨਾ ਸਾਹਿਬ ਦੀ ਧਰਤੀ 'ਤੇ ਹੀ ਗੁਰੂ ਸਾਹਿਬ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ 'ਚ ਚਿੱਠੀ ਲਿਖੀ ਸੀ, ਜਿਸ ਨੂੰ ਇਤਿਹਾਸ 'ਚ ਗੁਰੂ ਸਾਹਿਬ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਜ਼ਫਰਨਾਮਾ ਕਿਹਾ ਜਾਂਦਾ ਹੈ। ਜ਼ਫਰਨਾਮਾ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਇਸ ਇਤਿਹਾਸਕ ਮਾਰਗ ਦੀ ਹਾਲਤ ਪਿਛਲੇ 10 ਸਾਲ ਤੋਂ ਬਹੁਤ ਹੀ ਨਾਜ਼ੁਕ ਹੈ। ਕਈ ਜਗ੍ਹਾ ਤੋਂ ਇਹ ਮਾਰਗ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਮਧੇਕੇ ਵਿਖੇ ਇਸ ਮਾਰਗ 'ਤੇ ਬਣੇ ਸ਼ੈਲਰ ਵਾਲਿਆਂ ਵੱਲੋਂ ਗੰਦਾ ਪਾਣੀ ਛੱਡ ਕੇ ਇਸ ਮਾਰਗ ਨੂੰ ਤੋੜ ਦਿੱਤਾ ਗਿਆ ਹੈ। ਲੋਕਾਂ ਵੱਲੋਂ ਇਸ ਸਬੰਧੀ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਪੱਤਰ ਵੀ ਭੇਜੇ ਗਏ ਹਨ ਪਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਇਹ ਮਾਰਗ ਛੱਪੜ ਦਾ ਰੂਪ ਧਾਰਨ ਕਰ ਕੇ ਲੋਕਾਂ ਲਈ ਪਵਿੱਤਰ ਸਥਾਨ ਗੁਰਦੁਆਰਾ ਪਾਕਾ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਮੁਸੀਬਤ ਬਣ ਚੁੱਕਾ ਹੈ। ਇਸੇ ਤਰ੍ਹਾਂ ਹੀ ਤਖਤੂਪੁਰਾ ਸਾਹਿਬ, ਧੂੜਕੋਟ, ਰਾਮਾਂ ਆਦਿ ਵਿਖੇ ਵੀ ਇਹ ਮਾਰਗ ਡੂੰਘੇ ਖੱਡਿਆਂ ਦਾ ਰੂਪ ਧਾਰਨ ਕਰ ਚੁੱਕਾ ਹੈ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੇ ਇਸ ਮਾਰਗ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ। 

ਗਿਆਨੀ ਜ਼ੈਲ ਸਿੰਘ ਨੇ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਮਾਰਗ
ਗੁਰੂ ਗੋਬਿੰਦ ਸਿੰਘ ਜੀ ਦੀ ਯਾਦ 'ਚ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ  ਗਿਆਨੀ ਜ਼ੈਲ ਸਿੰਘ ਨੇ 10 ਅਪ੍ਰੈਲ 1973 ਨੂੰ ਇਸ ਇਤਿਹਾਸਕ ਮਾਰਗ ਦਾ ਨੀਂਹ ਪੱਥਰ ਰੱਖਿਆ ਸੀ। ਇਸ ਮਾਰਗ ਦੀ ਲੰਬਾਈ 577 ਕਿਲੋਮੀਟਰ ਹੈ। ਜੋ ਕਿ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕਿ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਜਾਂਦਾ ਹੈ। ਪਹਿਲਾਂ ਮਧੇਕੇ ਨੂੰ ਇਸ ਮਾਰਗ 'ਚ ਸ਼ਾਮਲ ਨਹੀਂ ਸੀ ਕੀਤਾ ਗਿਆ ਪਰ ਹਲਕੇ ਦੀਆਂ ਸਿੱਖ ਸੰਗਤਾਂ ਵੱਲੋਂ ਇਸ ਦੀ ਪਹੁੰਚ ਪ੍ਰਧਾਨ ਮੰਤਰੀ ਤੱਕ ਕੀਤੀ ਗਈ, ਜਿਸ 'ਤੇ ਉਸ ਸਮੇਂ ਦੀ ਡਾ. ਮਨਮੋਹਨ ਸਿੰਘ ਦੀ ਕੇਂਦਰ ਦੀ ਸਰਕਾਰ ਨੇ ਗੌਰ ਕਰਦਿਆਂ ਮਧੇਕੇ ਨੂੰ ਇਸ ਮਾਰਗ ਨਾਲ ਜੋੜ ਦਿੱਤਾ।

ਇਸ ਮਾਰਗ 'ਤੇ 2006 'ਚ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਵਿਕਾਸ ਯਾਤਰਾ
2006 'ਚ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਅਖੀਰਲੇ ਸਮੇਂ 'ਚ ਲੋਕਾਂ ਨਾਲ ਰਾਬਤਾ ਬਣਾਉਣ ਲਈ ਵਿਕਾਸ ਯਾਤਰਾ ਕੀਤੀ ਸੀ ਜੋ ਕਿ ਇਸ ਮਾਰਗ ਤੋਂ ਗੁਜ਼ਰੀ ਸੀ, ਇਸ ਯਾਤਰਾ ਦੌਰਾਨ ਪ੍ਰਸ਼ਾਸਨ ਨੇ ਗੁਰੂ ਗੋਬਿੰਦ ਸਿੰਘ ਮਾਰਗ ਦੀ ਦਿਸ਼ਾ ਨੂੰ ਬਦਲਣ ਲਈ ਦਿਨ-ਰਾਤ ਇਕ ਕਰ ਦਿੱਤਾ ਸੀ।


Related News