ਸਰਕਾਰ ਵੱਲੋਂ ਟਰੱਕ ਯੂਨੀਅਨ ਖਤਮ ਕਰਨ ਦਾ ਫੈਸਲਾ ਮੰਦਭਾਗਾ : ਟੀਨੂੰ

06/26/2017 8:17:47 AM

ਆਦਮਪੁਰ, (ਕਮਲਜੀਤ, ਦਿਲਬਾਗੀ, ਹੇਮਰਾਜ)– ਦਿ ਪਬਲਿਕ ਕੈਰੀਅਰ ਟਰੱਕ ਆਪਰੇਟਰਜ਼ ਯੂਨੀਅਨ ਆਦਮਪੁਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਲਕਾ ਵਿਧਾਇਕ ਪਵਨ ਟੀਨੂੰ ਉਚੇਚੇ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਖਤਮ ਕਰਨ ਦਾ ਫੈਸਲਾ ਮੰਦਭਾਗਾ ਹੈ, ਸਰਕਾਰ ਮਲਟੀਨੈਸ਼ਨਲ ਕੰਪਨੀਆਂ ਨੂੰ ਸੱਦਾ ਦੇ ਰਹੀ ਹੈ, ਜੋ ਟਰਾਂਸਪੋਰਟ ਦਾ ਕੰਮ ਕਰਨਗੀਆਂ। ਉਨ੍ਹਾਂ ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਛੋਟੇ ਟਰੱਕ ਮਾਲਕਾਂ ਨੂੰ ਨੁਕਸਾਨ ਵੱਧ ਹੋਵੇਗਾ, ਕਿਉਂਕਿ ਯੂਨੀਅਨ ਰਾਹੀਂ ਛੋਟੇ ਟਰੱਕ ਮਾਲਕਾਂ ਨੂੰ ਕੰਮ ਮਿਲ ਜਾਂਦਾ ਹੈ ਪਰ ਸਰਕਾਰ ਦੇ ਫੈਸਲੇ ਨਾਲ ਛੋਟੇ ਮਾਲਕ ਰੁਲ ਜਾਣਗੇ। ਯੂਨੀਅਨ ਵੱਲੋਂ ਜਾਰੀ ਪ੍ਰੈੱਸ ਨੋਟ ਰਾਹੀਂ ਦੱਸਿਆ ਗਿਆ ਕਿ ਜੇਕਰ ਯੂਨੀਅਨਾਂ ਟੁੱਟਦੀਆਂ ਹਨ ਤਾਂ 93 ਹਜ਼ਾਰ ਟਰੱਕਾਂ ਮਗਰ 4 ਲੱਖ ਪਰਿਵਾਰ ਕਰੀਬ 12 ਲੱਖ ਲੋਕ ਭੁੱਖ ਨਾਲ ਮਰਨ ਲਈ ਮਜਬੂਰ ਹੋ ਜਾਣਗੇ। ਪਹਿਲਾਂ ਤਾਂ ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਕਰਦੇ ਸਨ, ਹੁਣ ਟਰੱਕਾਂ ਵਾਲੇ ਵੀ ਖੁਦਕੁਸ਼ੀਆਂ ਕਰਨ ਲੱਗ ਪੈਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਫੈਸਲੇ ਦੇ ਵਿਰੋਧ ਵਿਚ 28 ਜੂਨ ਨੂੰ ਐੱਸ. ਡੀ. ਐੱਮ. ਜਲੰਧਰ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਪ੍ਰਾਣ ਨਾਥ ਸ਼ਰਮਾ, ਸੁਰਿੰਦਰ ਸਿੰਘ, ਕਰਨੈਲ ਸਿੰਘ ਰਾਣਾ, ਸਤਪਾਲ ਸਿੰਘ, ਅਰਵਿੰਦ ਜੰਡੂਸਿੰਘਾ, ਬਿਧੀ ਚੰਦ, ਦਲਵੀਰ ਸਿੰਘ ਖੋਜਕੀਪੁਰ, ਚਮਨ ਸਿੰਘ ਮਹੱਦੀਪੁਰ, ਕੁਲਦੀਪ ਸਿੰਘ ਰੰਧਾਵਾ, ਤੀਰਥ ਰਾਮ, ਗੁਰਚਰਨ ਰਾਏ ਸ਼ਿੰਗਾਰੀ, ਚਰਨਜੀਤ ਸ਼ੇਰੀ ਅਤੇ ਹੋਰ ਹਾਜ਼ਰ ਸਨ।  


Related News