ਜੀ. ਐੱਸ. ਟੀ. ਦਾ ਜਿੰਨ ਹਰ ਵਰਗ ਨੂੰ ਡਰਾਉਣ ਲੱਗਾ

06/27/2017 12:55:39 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ - ਮੋਦੀ ਸਰਕਾਰ ਵੱਲੋਂ ਜੀ. ਐੱਸ. ਟੀ. ਲਾਗੂ ਕੀਤੇ ਜਾਣ 'ਚ ਸਿਰਫ 4 ਦਿਨ ਦਾ ਸਮਾਂ ਬਚਿਆ ਹੈ। ਅਜਿਹੇ 'ਚ ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। 
30 ਜੂਨ ਦੀ ਰਾਤ 12 ਵਜੇ ਤੋਂ ਜੀ. ਐੱਸ. ਟੀ. ਲਾਗੂ ਹੋਣ ਨਾਲ ਹਰ ਛੋਟੀ-ਵੱਡੀ ਚੀਜ਼ ਕੀਮਤ ਇਸ ਦੀ ਮਾਰ ਹੇਠ ਆ ਜਾਵੇਗੀ। ਕਿਸੇ ਨੂੰ ਆਪਣਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਕੋਈ ਹੋਰ ਭਾਰ ਪੈਣ 'ਤੇ ਡਰ ਤੋਂ ਘਬਰਾਇਆ ਫਿਰ ਰਿਹਾ ਹੈ। ਸਰਕਾਰ ਫਾਇਦੇ ਗਿਣਾਉਣ ਦੀ ਗੱਲ ਕਰਦੀ ਹੈ ਤਾਂ ਇਸ ਦੇ ਪ੍ਰਭਾਵ 'ਚ ਆਉਣ ਵਾਲੇ ਲੋਕ ਨੁਕਸਾਨ ਦਾ ਮੁੱਦਾ ਚੁੱਕੀ ਫਿਰਦੇ ਹਨ। ਸੱਚ ਤਾਂ ਇਹ ਹੈ ਕਿ ਜੀ. ਐੱਸ. ਟੀ. ਬਾਰੇ ਸੰਪੂਰਨ ਜਾਣਕਾਰੀ ਬਹੁਤ ਹੀ ਸੀਮਤ ਲੋਕਾਂ ਤੱਕ ਪਹੁੰਚ ਸਕੀ ਹੈ, ਜਿਸ ਕਾਰਨ ਹਰ ਪਾਸੇ ਸਹਿਮ ਵਾਲਾ ਮਾਹੌਲ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ।  
ਜਿਵੇਂ ਨੋਟਬੰਦੀ 'ਚ ਕੁਝ ਲੋਕਾਂ ਨੇ ਹੱਥ ਰੰਗੇ ਸਨ, ਉਸੇ ਤਰ੍ਹਾਂ ਕੁਝ ਚਲਾਕ ਕਿਸਮ ਦੇ ਦੁਕਾਨਦਾਰ ਲੋਕਾਂ ਨੂੰ ਰੇਟ ਵਧਣ ਦਾ ਡਰਾਵਾ ਦੇ ਕੇ 30 ਜੂਨ ਤੋਂ ਪਹਿਲਾਂ ਖਰੀਦਦਾਰੀ ਕਰਨ ਲਈ ਉਕਸਾਅ ਰਹੇ ਹਨ। ਇਸ ਖੇਡ ਦਾ ਸ਼ਿਕਾਰ ਕਿਸਾਨ ਹੋ ਰਹੇ ਹਨ ਕਿਉਂਕਿ ਮੌਜੂਦਾ ਦੌਰ 'ਚ ਝੋਨੇ ਅਤੇ ਨਰਮੇ-ਕਪਾਹ ਦੀ ਲਵਾਈ ਤੋਂ ਸ਼ੁਰੂ ਹੋ ਕੇ ਅਖੀਰ ਤੱਕ ਇਨ੍ਹਾਂ ਫਸਲਾਂ 'ਤੇ ਸਭ ਤੋਂ ਵੱਧ ਨਦੀਨ-ਨਾਸ਼ਕ ਅਤੇ ਹੋਰ ਬੀਮਾਰੀਆਂ ਦੀ ਰੋਕਥਾਮ ਲਈ ਸਪਰੇਅ ਆਦਿ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਜੋ ਕਿ ਪਹਿਲਾਂ ਹੀ ਬਹੁਤ ਮਹਿੰਗੀਆਂ ਹੁੰਦੀਆਂ ਹਨ, ਜਿਸ ਕਾਰਨ ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਕੁਝ ਆੜ੍ਹਤੀਏ ਤੇ ਪੈਸਟੀਸਾਈਡਜ਼ ਵਿਕ੍ਰੇਤਾ ਕਿਸਾਨਾਂ ਨੂੰ 30 ਜੂਨ ਤੋਂ ਪਹਿਲਾਂ ਹੀ ਪੂਰੀ ਫਸਲ 'ਤੇ ਕੀਤੀ ਜਾਣ ਵਾਲੀ ਲੋੜੀਂਦੀ ਸਪਰੇਅ ਖਰੀਦਣ ਦੀ ਸਲਾਹ ਦੇ ਰਹੇ ਹਨ। ਦੂਸਰੇ ਪਾਸੇ ਕਿਸਾਨਾਂ ਨੂੰ ਵੀ ਇਸ ਦੀ ਲੋੜ ਮਹਿਸੂਸ ਹੋ ਰਹੀ ਹੈ ਅਤੇ ਕੁਝ ਕਿਸਾਨ ਇਸ ਝਾਂਸੇ 'ਚ ਆ ਕੇ ਖਰੀਦਦਾਰੀ ਕਰ ਵੀ ਰਹੇ ਹਨ ਅਤੇ ਕਈਆਂ ਨੂੰ ਲੱਗ ਰਿਹਾ ਹੈ ਕਿ ਕਿਤੇ ਉਹ ਨਾ ਠੱਗੇ ਜਾਣ। 
ਜ਼ਿਕਰਯੋਗ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਨਾਲ ਰੇਹ 'ਤੇ 12 ਫੀਸਦੀ, ਸਪਰੇਅ 'ਤੇ 18 ਫੀਸਦੀ, ਸਪਰੇਅ ਪੰਪਾਂ 'ਤੇ 28 ਫੀਸਦੀ ਨਵਾਂ ਟੈਕਸ ਲਾਗੂ ਹੋਣ ਦਾ ਡਰ ਦਿਖਾਇਆ ਜਾ ਰਿਹਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪੈਸਟੀਸਾਈਡਜ਼ ਵਿਕ੍ਰੇਤਾ ਆਪਣਾ ਫਾਇਦਾ ਦੇਖ ਰਹੇ ਹਨ ਨਾ ਕਿ ਕਿਸਾਨਾਂ ਦਾ ਕਿਉਂਕਿ ਜੁਲਾਈ ਮਹੀਨੇ ਤੋਂ ਹਰ ਚੀਜ਼ ਦਾ ਪੱਕਾ ਬਿੱਲ ਕੱਟਣਾ ਲਾਜ਼ਮੀ ਹੋਵੇਗਾ ਤਾਂ ਅਜਿਹੇ 'ਚ ਅੰਦਰ ਪਏ ਸਟਾਕ 'ਤੇ ਵੀ ਟੈਕਸ ਪੈਣ ਦੇ ਡਰੋਂ ਦਵਾਈਆਂ ਨਾਲ ਕਿਸਾਨਾਂ ਦੇ ਘਰ ਭਰੇ ਜਾ ਰਹੇ ਹਨ। 
ਕਿਸਾਨ ਹਰਦੇਵ ਸਿੰਘ ਮਾਛੀਕੇ, ਮਲਕੀਤ ਸਿੰਘ ਦੀਨਾਂ ਨੇ ਕਿਹਾ ਕਿ ਕਿਸਾਨਾਂ 'ਤੇ 30 ਜੂਨ ਤੋਂ ਪਹਿਲਾਂ ਦਵਾਈਆਂ ਖਰੀਦਣ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਪਦਾਨ, ਡੀ. ਏ. ਪੀ. ਆਦਿ ਦਵਾਈਆਂ ਦੀ ਲਾਗਤ ਅਜੇ ਕੁਝ ਸਮੇਂ ਬਾਅਦ ਸ਼ੁਰੂ ਹੋਣੀ ਹੈ ਪਰ ਆੜ੍ਹਤੀ ਅਤੇ ਪੈਸਟੀਸਾਈਡਜ਼ ਵਿਕ੍ਰੇਤਾ ਹੁਣੇ ਦਵਾਈਆਂ ਖਰੀਦ ਕੇ ਰੱਖਣ ਦੀਆਂ ਸਲਾਹਾਂ ਦੇ ਰਹੇ ਹਨ। 
2015 'ਚ ਨਰਮੇ ਦੀ ਨਹੀਂ ਮਰੀ ਸੀ ਸੁੰਡੀ
ਸਾਲ-2015 'ਚ ਨਰਮੇ ਦੀ ਫਸਲ 'ਤੇ ਹੋਏ ਚਿੱਟੀ ਮੱਖੀ ਦੇ ਹਮਲੇ ਕਾਰਨ ਪੰਜਾਬ ਦੇ ਕਿਸਾਨਾਂ ਦਾ 90 ਫੀਸਦੀ ਨਰਮਾ ਤਬਾਹ ਹੋ ਗਿਆ ਸੀ। ਕਿਸੇ ਵੀ ਨਦੀਨ-ਨਾਸ਼ਕ ਦਵਾਈ ਨੇ ਕਿਸਾਨਾਂ ਨੂੰ ਰਾਹਤ ਨਹੀਂ ਸੀ ਦਿੱਤੀ ਅਤੇ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਵੀ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਿਆ ਸੀ। ਕਿਸਾਨ ਜਥੇਬੰਦੀਆਂ ਨੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੂੰ ਕਥਿਤ ਨਕਲੀ ਕੀੜੇਮਾਰ ਦਵਾਈਆਂ ਅਤੇ ਬੀਜ ਕਿਸਾਨਾਂ ਨੂੰ ਦੇਣ ਦੇ ਮੁੱਦੇ 'ਤੇ ਤਿੱਖਾ ਸੰਘਰਸ਼ ਵੀ ਲੜਿਆ ਸੀ ਅਤੇ ਇਹ ਮੁੱਦਾ ਅਕਾਲੀ-ਭਾਜਪਾ ਸਰਕਾਰ ਦੇ ਪਤਨ ਦਾ ਮੁੱਖ ਕਾਰਨ ਬਣਿਆ। 
ਕੀ ਕਹਿਣਾ ਹੈ ਕਿਸਾਨ ਆਗੂ ਦਾ
ਇਸ ਸਬੰਧੀ ਭਾਰਤੀ ਕਿਸਾਨ ਏਕਤਾ (ਉਗਰਾਹਾਂ) ਦੇ ਜ਼ਿਲਾ ਪ੍ਰੈੱਸ ਸਕੱਤਰ ਸੌਦਾਗਰ ਸਿੰਘ ਖਾਈ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਝਾਂਸੇ ਵਿਚ ਆ ਕੇ ਕੀਟਨਾਸ਼ਕ, ਰੇਹ-ਸਪਰੇਅ ਆਦਿ ਦਾ ਸਟਾਕ ਆਪਣੇ ਕੋਲ ਜਮ੍ਹਾ ਨਾ ਕਰਨ ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਇਸ ਕਾਲੇ ਕਾਨੂੰਨ ਖਿਲਾਫ ਕਿਸਾਨ ਲੜਾਈ ਲੜਨਗੇ। 



 


Related News