ਵੀਰੋ ਮੌਤ ਟਲੀ ਨਹੀਂ, ਕੁਝ ਸਮਾਂ ਜ਼ਿੰਦਗੀ ਉਧਾਰੀ ਦਿੱਤੀ ਹੈ ਤੁਹਾਨੂੰ- ਵਿੱਕੀ ਗੌਂਡਰ

08/16/2017 9:36:44 PM

ਪਟਿਆਲਾ, (ਜੋਸਨ)—ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਫਿਰ ਧਮਕੀ ਭਰੀ ਪੋਸਟ ਵਾਇਰਲ ਕੀਤੀ ਹੈ। ਵਿੱਕੀ ਗੌਂਡਰ ਨੇ ਇਹ ਪੋਸਟ ਆਪਣੀ ਇਕ ਏਅਰਪੋਰਟ ਦੀ ਫੋਟੋ ਸਮੇਤ ਵਾਇਰਲ ਕੀਤੀ ਹੈ। ਇਹ ਪੋਸਟ 15 ਅਗਸਤ ਨੂੰ ਦੇਰ ਰਾਤ ਪਾਈ ਗਈ ਹੈ।

ਇਸ ਵਿਚ ਉਸ ਨੇ ਬਿਨਾਂ ਨਾਂ ਲਏ ਕੁਝ ਲੋਕਾਂ ਨੂੰ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਟਲੀ ਨਹੀਂ ਹੈ। ਇਹ ਤਾਂ ਕੁਝ ਦਿਨਾਂ ਲਈ ਉਧਾਰੀ ਦਿੱਤੀ ਗਈ ਹੈ। ਉਧਰ ਲੰਬੇ ਸਮੇਂ ਤੋਂ ਗੈਂਗਸਟਰਾਂ ਨੂੰ ਫੜਨ ਲਈ ਪੁਲਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਫਿਲਹਾਲ ਤਾਂ ਕੋਈ ਰੰਗ ਲਿਆਉਂਦੀ ਨਜ਼ਰ ਨਹੀਂ ਆ ਰਹੀ। ਇੰਨਾ ਹੀ ਨਹੀਂ, ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਸ ਦੀ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਕਿਹਾ ਸੀ ਕਿ ਫੇਸਬੁੱਕ 'ਤੇ ਅਕਾਊਂਟ ਬਣਾ ਕੇ ਕੋਈ ਵੀ ਵਿਅਕਤੀ ਫੋਟੋ ਜਾਂ ਮੈਸੇਜ ਆਸਾਨੀ ਨਾਲ ਪਾ ਸਕਦਾ ਹੈ। ਪੰਜਾਬ ਪੁਲਸ ਦਾ ਸਾਈਬਰ ਕ੍ਰਾਈਮ ਵਿੰਗ ਗੈਂਗਸਟਰਾਂ ਦੇ ਫੇਸਬੁੱਕ ਅਕਾਊਂਟ ਅਤੇ ਹੋਰ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨ ਲਈ ਕੰਪਨੀਆਂ ਨੂੰ ਲਿਖਣ ਜਾ ਰਿਹਾ ਹੈ।  ਏ. ਡੀ. ਜੀ. ਪੀ. ਨੇ ਕਿਹਾ ਕਿ ਅਜਿਹੇ ਵਿਅਕਤੀ ਨਾ ਕੇਵਲ ਸਮਾਜ ਦਾ ਮਾਹੌਲ ਖਰਾਬ ਕਰਦੇ ਹਨ ਬਲਕਿ ਅਜਿਹੀਆਂ ਫੇਸਬੁੱਕ ਪੋਸਟਾਂ ਰਾਹੀਂ ਗੈਂਗਵਾਰ ਵਧਦੀ ਵੀ ਦੇਖੀ ਗਈ ਹੈ।

ਜਾਣਕਾਰੀ ਮੁਤਾਬਕ ਗੈਂਗਸਟਰ ਵਿੱਕੀ ਗੌਂਡਰ ਦੇ ਫੇਸਬੁੱਕ ਅਕਾਊਂਟ ਤੋਂ ਬੀਤੇ ਦਿਨੀਂ ਰਾਤ ਸਮੇਂ ਇਕ ਪੋਸਟ ਪਾਈ ਗਈ ਹੈ। ਇਹ ਪੋਸਟ ਉਸ ਨੇ ਖੁਦ ਪਾਈ ਹੈ ਜਾਂ ਕਿਸੇ ਹੋਰ ਨੇ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਜੋ ਫੋਟੋ ਵਿੱਕੀ ਗੌਂਡਰ ਦੀ ਇਸ ਪੋਸਟ ਨਾਲ ਪਾਈ ਹੈ, ਉਹ ਇਕ ਏਅਰਪੋਰਟ ਦੀ ਹੈ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਵਿੱਕੀ ਗੌਂਡਰ ਵਿਦੇਸ਼ ਵਿਚ ਘੁੰਮ ਰਿਹਾ ਹੋ ਸਕਦਾ ਹੈ ਕਿਉਂਕਿ ਹਾਲ 'ਚ ਇਕ ਸੁਨੇਹਾ ਵੀ ਵਾਇਰਲ ਹੋਇਆ ਸੀ ਕਿ ਵਿੱਕੀ ਗੌਂਡਰ ਵਿਦੇਸ਼ ਚਲਾ ਗਿਆ ਹੈ। ਉਧਰ ਹੁਣ ਵਿੱਕੀ ਗੌਂਡਰ ਦੇ ਫੇਸਬੁੱਕ ਅਕਾਊਂਟ 'ਤੇ ਇਕ ਮੈਸਜ ਪਾਇਆ ਗਿਆ ਹੈ, ਜਿਸ ਵਿਚ ਪੰਜਾਬੀ ਵਿਚ ਸਮਝਿਆ ਜਾਵੇ ਤਾਂ ਸ਼ੇਰਆਮ ਕੁਝ ਲੋਕਾਂ ਨੂੰ ਕਿਹਾ ਗਿਆ ਹੈ ਕਿ  ਉਹ ਇਹ ਨਾ ਸੋਚਣ ਕਿ ਮੌਤ ਟਲ ਗਈ ਹੈ। ਉਨ੍ਹਾਂ ਨੂੰ ਤਾਂ ਸਿਰਫ ਕੁਝ ਸਮਾਂ ਹੀ ਜਿਊਣ ਵਾਸਤੇ ਉਧਾਰਾ ਦਿੱਤਾ ਗਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੈਂਗਸਟਰਾਂ ਦਾ ਸਾਇਆ ਪੰਜਾਬ ਉੱਤੋਂ ਅਜੇ ਟਲਿਆ ਨਹੀਂ ਹੈ। ਜਲਦੀ ਹੀ ਪਹਿਲਾਂ ਵਾਂਗ ਸ਼ਰੇਆਮ ਕਤਲ ਅਤੇ ਕੁੱਟਮਾਰ ਦੀਆਂ ਘਟਨਾਵਾਂ ਹੋਣ ਵਾਲੀਆਂ ਹਨ। ਇਸ ਤੋਂ ਪੁਲਸ ਨੂੰ ਸਬਕ ਲੈਣ ਦੀ ਲੋੜ ਹੈ ਅਤੇ ਚੌਕਸੀ ਵਰਤਣੀ ਚਾਹੀਦੀ ਹੈ।


Related News