ਲੋੜ ਤੋਂ ਵੱਧ ਭਾਰ ਲੱਦ ਕੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

06/27/2017 11:18:43 AM


ਸ੍ਰੀ ਮੁਕਤਸਰ ਸਾਹਿਬ(ਪਵਨ)-ਟ੍ਰੈਫਿਕ ਪੁਲਸ ਵੱਲੋਂ ਭਾਵੇਂ ਆਮ ਵਾਹਨਾਂ ਦੇ ਚਲਾਨ ਕੱਟਣ ਲਈ ਜਗ੍ਹਾ-ਜਗ੍ਹਾ 'ਤੇ ਨਾਕੇ ਲਾਏ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਜੁਗਾੜੀ ਪੀਟਰ ਰੇਹੜੇ ਸੜਕਾਂ 'ਤੇ ਦੌੜਦੇ ਆਮ ਨਜ਼ਰ ਆਉਂਦੇ ਹਨ। ਜਿਥੇ ਇਹ ਪੀਟਰ ਰੇਹੜੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਉਥੇ ਹੀ ਹੁਣ ਇਹ ਭਾਰ ਢੋਣ ਵਾਲੀਆਂ ਮਹਿੰਦਰਾ ਪਿੱਕਅਪ ਤੇ ਛੋਟੇ ਹਾਥੀ ਵਰਗੀਆਂ ਹੋਰ ਗੱਡੀਆਂ ਦੇ ਮਾਲਕਾਂ ਲਈ ਵੀ ਨੁਕਸਾਨ ਬਣ ਗਏ ਹਨ। ਇਨ੍ਹਾਂ ਦੇਸੀ ਜੁਗਾੜਾਂ ਦਾ ਨਾ ਤਾਂ ਕੋਈ ਕਾਗਜ਼-ਪੱਤਰ, ਬਲਕਿ ਇਥੋਂ ਤੱਕ ਕਿ ਇਨ੍ਹਾਂ ਦੇ ਕਲੱਚ, ਬਰੇਕ ਤੇ ਸਟੇਅਰਿੰਗ ਆਦਿ ਵੀ ਪੂਰੀ ਤਰ੍ਹਾਂ ਕੰਟਰੋਲ 'ਚ ਨਹੀਂ ਹੁੰਦੇ, ਜਿਸ ਕਰਕੇ ਇਹ ਜੁਗਾੜੀ ਵਾਹਨ ਹਾਦਸਿਆਂ ਨੂੰ ਸੱਦਾ ਦਿੰਦੇ ਹੋਏ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੇ ਹਨ। 
ਜ਼ਿਕਰਯੋਗ ਹੈ ਕਿ ਮਾਣਯੋਗ ਹਾਈਕੋਰਟ ਵੱਲੋਂ ਇਨ੍ਹਾਂ ਜੁਗਾੜੀ ਵਾਹਨਾਂ 'ਤੇ ਪੂਰਨ ਰੋਕ ਲਾਈ ਗਈ ਹੈ ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਪ੍ਰਤੀ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਇਹ ਦੇਸੀ ਜੁਗਾੜੀ ਵਾਹਨ ਸੜਕਾਂ 'ਤੇ ਆਮ ਹੀ ਨਜ਼ਰ ਆ ਰਹੇ ਹਨ। ਜੇਕਰ ਦੂਜੇ ਪਾਸੇ ਮਨਜ਼ੂਰਸ਼ੁਦਾ ਸਵਾਰੀ ਟੈਂਪੂ ਦੀ ਗੱਲ ਕਰੀਏ ਤਾਂ ਉਹ ਵੀ ਆਪਣੀ ਸਮਰੱਥਾ ਤੋਂ ਕਈ ਗੁਣਾ ਵੱਧ ਸਵਾਰੀਆਂ ਬਿਠਾ ਕੇ ਟ੍ਰੈਫਿਕ ਨਿਯਮਾਂ ਦੀਆਂ ਸ਼ੇਰਆਮ ਧੱਜੀਆਂ ਉਡਾ ਰਹੇ ਹਨ। ਇਹ ਟੈਂਪੂ ਮਾਲਕ ਸਵਾਰੀਆਂ ਦੀ ਜਾਨ ਦੀ ਪ੍ਰਵਾਹ ਘੱਟ ਤੇ ਆਪਣੀ ਕਮਾਈ ਦਾ ਲਾਲਚ ਜ਼ਿਆਦਾ ਕਰਦੇ ਹਨ।


Related News