ਖੌਲਦਾ ਹੋਇਆ ਲੋਹਾ ਡਿੱਗਣ ਨਾਲ 4 ਮਜ਼ਦੂਰ ਜ਼ਖਮੀ, ਇਕ ਦੀ ਮੌਤ

06/27/2017 3:24:51 PM

ਮੰਡੀ ਗੋਬਿੰਦਗੜ੍ਹ (ਸ.ਹ.) — ਅਮਲੋਹ  ਰੋਡ 'ਤੇ ਸਥਿਤ ਪਿੰਡ ਤੂਰਾ ਦੀ ਇਕ ਫਨੇਰਸ ਇਕਾਈ 'ਚ ਸ਼ਾਮ ਕਰੀਬ 4 ਵਜੇ ਹੋਏ ਦਰਦਨਾਕ ਹਾਦਸੇ 'ਚ ਮਜ਼ਦੂਰ ਸ਼ਾਮ ਦੇਵ ਰਾਇ (21) ਪੁੱਤਰ ਕਪਿਲ ਦੇਵ ਰਾਇ ਨਿਵਾਸੀ ਪਿੰਡ ਬੈਨੀਪੁਰ ਥਾਣਾ ਪਰਸੋਨੀ ਜ਼ਿਲਾ ਸੀਤਾਮੜੀ ਬਿਹਾਰ ਦੀ ਮੌਤ ਹੋ ਗਈ, ਜਦ ਕਿ 4 ਹੋਰਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਨ੍ਹਾਂ 'ਚੋਂ 2 ਪ੍ਰਵਾਸੀ ਮਜ਼ਦੂਰਾਂ ਨੂੰ ਖੰਨਾ ਦੇ ਇਕ ਨਿਜੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਜਦ ਕਿ 2 ਹੋਰ ਸਥਾਨਕ ਮਜ਼ਦੂਰਾਂ ਬਾਰੇ ਕੋਈ ਸੂਚਨਾ ਨਹੀਂ ਮਿਲ ਸਕੀ ਹੈ।
ਪ੍ਰਵਾਸੀ ਮਜ਼ਦੂਰ ਸ਼ਾਮ ਦੇਵ ਰਾਇ ਦੇ ਸਗੇ ਭਰਾ ਵਿਕਾਸ ਯਾਦਵ (27), ਦਵਿੰਦਰ, ਸ਼ੇਰ ਬਹਾਦੁਰ, ਮੁਕੇਸ਼ ਤੇ ਉਪਦੇਸ਼ ਸ਼ਰਮਾ ਨੇ ਦੱਸਿਆ ਕਿ ਅਮਲੋਹ ਰੋਡ ਪਿੰਡ ਤੂਰਾ ਸਥਿਤ ਫਰਨੇਸ ਇਕਾਈ ਪੰਜਾਬ ਸਟੀਲ 'ਚ ਸ਼ਾਮ 4 ਵਜੇ ਕਰੀਬ ਗਰਮ ਹੋਏ ਲੋਹੇ ਨੂੰ ਕ੍ਰੇਨ ਤੇ ਲੋਡਰ ਦੀ ਮਦਦ ਨਾਲ ਇਕ ਭੱਠੀ ਤੋਂ ਦੂਜੇ ਭੱਠੀ ਤਕ ਲੈ ਜਾਣ ਦਾ ਕੰਮ ਕੀਤਾ ਜਾ ਰਿਹਾ ਸੀ। 
ਇਸ ਦੌਰਾਨ ਕ੍ਰੇਨ ਦਾ ਅਚਾਨਕ ਰੱਸਾ ਟੁੱਟ ਗਿਆ, ਜਿਸ ਕਾਰਨ ਕ੍ਰੇਨ ਦੇ ਰੱਸੇ 'ਤੇ ਝੂਲ ਰਿਹਾ ਗਰਮ ਲੋਹੇ ਨਾਲ ਭਰਿਆ ਲੋਡਰ ਪਲਟ ਗਿਆ। ਇਸ ਦੌਰਾਨ ਕਰੀਬ 12 ਟਨ ਖੌਲਦਾ ਹੋਇਆ ਲੋਹਾ ਉਥੇ ਕੰਮ ਕਰ ਰਹੇ ਮਜ਼ਦੂਰਾਂ 'ਤੇ ਡਿੱਗ ਗਿਆ, ਜਿਸ ਕਾਰਨ ਇਕ ਪ੍ਰਵਾਸੀ ਮਜ਼ਦੂਰ ਸ਼ਾਮ ਦੇਵ ਰਾਇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਹੋਰ ਪ੍ਰਵਾਸੀ ਬਲਿ ਰਾਮ ਤੇ ਰੋਸ਼ਨ ਤੇ 2 ਪੰਜਾਬੀ ਮਜ਼ਦੂਰਾਂ ਸਮੇਤ ਕੁੱਲ 4 ਮਜ਼ਦੂਰ ਝੂਲਸ ਗਏ।
ਟਰਾਲੀ 'ਚ ਲਿਆਂਦੀ ਗਈ ਹਸਪਤਾਲ ਲਾਸ਼
ਮ੍ਰਿਤਕ ਸ਼ਾਮ ਦੇਵ ਦੀ ਲਾਸ਼ ਨੂੰ ਉਦਯੋਗਿਕ ਇਕਾਈ 'ਚ ਸਕ੍ਰੈਪ ਦੀ ਢੁਆਈ ਲਈ ਇਸਤੇਮਾਲ 'ਚ ਲਿਆਂਦੀ ਜਾਂਦੀ ਟਰਾਲੀ 'ਚ ਹਸਪਤਾਲ ਲਿਆਂਦਾ ਗਿਆ, ਜਿਸ ਨੂੰ ਇਕ ਮੋਟੇ ਜਿਹੇ ਬੋਰੀ ਨੁਮਾ ਟਾਟ 'ਚ ਲਪੇਟਿਆ ਹੋਇਆ ਸੀ। 
 


Related News