ਕੈਪਟਨ ਸਰਕਾਰ ਨੇ ਆਜ਼ਾਦੀ ਦਿਹਾੜੇ ਕੈਦੀਆਂ ਨੂੰ ਦਿੱਤਾ ਵੱਡਾ ਤੋਹਫਾ, ਪਰਿਵਾਰਾਂ ਨੇ ਜੇਲ ਦੇ ਬਾਹਰ ਵਜਾਏ ਢੋਲ (ਤਸਵੀਰਾਂ)

08/17/2017 10:11:30 AM

ਲੁਧਿਆਣਾ (ਸਿਆਲ) : ਪੰਜਾਬ ਦੀ ਕੈਪਟਨ ਸਰਕਾਰ ਨੇ ਆਜ਼ਾਦੀ ਦਿਵਸ 'ਤੇ ਜੇਲਾਂ ਵਿਚ ਬੰਦ ਕੈਦੀਆਂ ਨੂੰ ਰਿਹਾਈ ਦਾ ਵੱਡਾ ਤੋਹਫਾ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਲ ਬਾਗੋ-ਬਾਗ ਕਰ ਦਿੱਤੇ ਹਨ। ਇਸੇ ਲੜੀ ਤਹਿਤ ਲੁਧਿਆਣਾ ਦੀ ਤਾਜਪੁਰ ਰੋਡ 'ਤੇ ਸਥਿਤ ਸੈਂਟਰਲ ਜੇਲ ਤੋਂ 7 ਕੈਦੀ ਰਿਹਾਅ ਹੋਏ ਹਨ। ਇਸੇ ਜੇਲ ਵਿਚ ਆਜ਼ਾਦੀ ਦਿਵਸ 'ਤੇ ਆਯੋਜਿਤ ਸਮਾਰੋਹ ਦੌਰਾਨ ਜੇਲ ਸੁਪਰਡੈਂਟ ਐੱਸ. ਪੀ. ਖੰਨਾ, ਡਿਪਟੀ ਸੁਪਰਡੈਂਟ ਕਮਲਜੀਤ ਸਿੰਘ ਚੀਮਾ, ਫੈਕਟਰੀ ਸੁਪਰਡੈਂਟ ਨਰਪਿੰਦਰ ਸਿੰਘ ਨੇ 150 ਦੇ ਲਗਭਗ ਜੇਲ ਗਾਰਦ, ਪੈਸਕੋ, ਹੋਮਗਾਰਡ ਤੇ ਪੰਜਾਬ ਪੁਲਸ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤੇ। ਚੇਤੇ ਰਹੇ ਕਿ 12 ਅਗਸਤ ਨੂੰ ਪੰਜਾਬ ਕੇਸਰੀ ਨੇ 'ਪੰਜਾਬ ਦੀਆਂ ਜੇਲਾਂ 'ਚ ਬੰਦ 8950 ਕੈਦੀਆਂ ਨੂੰ ਸਜ਼ਾ ਵਿਚ ਰਿਆਇਤ ਦੀ ਆਸ' ਨਾਮਕ ਸਿਰਲੇਖ ਨਾਲ ਉਕਤ ਮਾਮਲਾ ਉਠਾਇਆ ਸੀ, ਜਿਸ ਕਾਰਨ ਪੰਜਾਬ ਸਰਕਾਰ ਨੇ ਰਾਜ ਦੀਆਂ ਜੇਲਾਂ ਵਿਚ ਬੰਦ ਕੈਦੀਆਂ ਨੂੰ ਸਜ਼ਾ ਮੁਆਫੀ ਅਤੇ ਰਿਆਇਤ ਪ੍ਰਦਾਨ ਕੀਤੀ ਹੈ। 
ਕੈਦੀਆਂ ਨੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਵਸ
ਸੈਂਟਰਲ ਜੇਲ ਵਿਚ ਆਜ਼ਾਦੀ ਦਿਵਸ 'ਤੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਦੇਸ਼ ਭਗਤੀ 'ਤੇ ਆਯੋਜਿਤ ਸਮਾਰੋਹ ਵਿਚ ਕੈਦੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜੇਲ ਪ੍ਰਸ਼ਾਸਨ ਨੇ ਜੇਲ ਨੂੰ ਤਿਰੰਗੇ ਨਾਲ ਰੰਗਿਆ ਹੋਇਆ ਸੀ। ਉਥੇ ਕੈਦੀਆਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵਿਚ ਭੰਗੜਾ ਤੇ ਢੋਲ ਟੀਮ ਆਦਿ ਸ਼ਾਮਲ ਸੀ। ਇਸ ਦੇ ਨਾਲ ਹੀ ਸਾਰੇ ਕੈਦੀਆਂ ਨੇ ਤਿਰੰਗਾ ਵੀ ਲਹਿਰਾਇਆ ਤੇ ਦੇਸ਼ ਭਗਤੀ ਦੇ ਗਾਣਿਆਂ 'ਤੇ ਕਈ ਪੇਸ਼ਕਾਰੀਆਂ ਦਿੱਤੀਆਂ। ਅਧਿਕਾਰੀ ਵੀ ਉਤਸ਼ਾਹ ਨਾਲ ਸਮਾਰੋਹ ਵਿਚ ਸ਼ਾਮਲ ਹੋਏ। ਅਜਿਹਾ ਲੱਗ ਰਿਹਾ ਸੀ ਜਿਵੇਂ ਜੇਲ ਨਹੀਂ, ਬਲਕਿ ਕੋਈ ਦੇਸ਼ ਭਗਤੀ ਸਥਾਨ ਹੋਵੇ।
ਨਸ਼ੇ 'ਤੇ ਲਘੂ ਨਾਟਕ ਕੀਤਾ
ਇਸ ਦੌਰਾਨ ਇਮਨੂਲ ਹਸਪਤਾਲ ਐਸੋਸੀਏਸ਼ਨ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਜ਼ਿਲਾ ਕੋਆਰਡੀਨੇਟਰ ਮਨਪ੍ਰੀਤ ਸਿੰਘ ਤੇ ਰਣਜੀਤ ਸਿੰਘ ਨੇ ਨਸ਼ੇ ਦੀ ਬੁਰਾਈ ਤੋਂ ਦੂਰ ਰਹਿਣ ਲਈ ਬੰਦੀਆਂ ਨੂੰ ਜਾਗਰੂਕ ਕਰਦੇ ਹੋਏ ਇਕ ਲਘੂ ਨਾਟਕ ਪੇਸ਼ ਕੀਤਾ। ਲਗਭਗ 30 ਮਿੰਟ ਤੱਕ ਚੱਲੇ ਇਸ ਨਾਟਕ ਵਿਚ ਕੈਦੀਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵ ਦੱਸੇ ਗਏ। ਕਈ ਕੈਦੀਆਂ ਨੇ ਨਸ਼ਾ ਨਾ ਕਰਨ ਦਾ ਸੰਕਲਪ ਵੀ ਲਿਆ।
ਰਿਹਾਅ ਹੋਏ ਕੈਦੀ
ਸਹਾਇਕ ਸੁਪਰਡੈਂਟ ਗੁਰਪ੍ਰੀਤ ਸਿੰਘ ਤੇ ਕੁਲਦੀਪ ਸਿੰਘ ਸੰਧੂ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੇ ਸਰਕਾਰ ਦੇ ਐਲਾਨ ਦੇ ਬਾਅਦ ਜੇਲ ਤੋਂ ਰਿਹਾਅ ਹੋਣ 'ਤੇ ਕੈਦੀਆਂ ਦੀ ਸੂਚੀ ਤਿਆਰ ਕੀਤੀ, ਜਿਸ ਦੇ ਬਾਅਦ ਕੈਦੀ ਸਰਵਨ ਕੁਮਾਰ, ਬਲਵਿੰਦਰ ਸਿੰਘ, ਕਿਰਨਦੀਪ ਸਿੰਘ, ਉਪਕਾਰ ਸਿੰਘ, ਗੋਰਾ ਸਿੰਘ, ਗੁਰਪ੍ਰੀਤ ਸਿੰਘ ਤੇ ਸੋਨੂ ਮਿੱਤਲ ਨੂੰ ਪੂਰੀ ਪ੍ਰਕਿਰਿਆ ਦੇ ਬਾਅਦ ਰਿਹਾਅ ਕੀਤਾ ਗਿਆ। ਇਸ ਮੌਕੇ ਰਿਹਾਅ ਹੋਏ ਕੈਦੀਆਂ ਨੇ ਕਿਹਾ ਕਿ ਉਹ ਹੁਣ ਘਰ ਜਾ ਕੇ ਚੰਗਾ ਜੀਵਨ ਬਤੀਤ ਕਰਦੇ ਹੋਏ ਸਮਾਜ ਕਲਿਆਣ ਦੇ ਕਾਰਜਾਂ 'ਚ ਹਿੱਸੇਦਾਰੀ ਨਿਭਾਉਣਗੇ।
ਜੇਲ ਦੇ ਬਾਹਰ ਜਸ਼ਨ
ਇਕ ਪਾਸੇ ਜਿਥੇ ਜੇਲ ਵਿਚ ਆਜ਼ਾਦੀ ਦਿਵਸ ਨੂੰ ਲੈ ਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਕੈਦੀਆਂ ਨੇ ਦੇਸ਼ ਭਗਤੀ 'ਤੇ ਬਿਹਤਰੀਨ ਪੇਸ਼ਕਾਰੀ ਦਿੱਤੀ, ਉਥੇ ਰਿਹਾਅ ਹੋਣ ਵਾਲੇ ਕੈਦੀਆਂ ਦੇ ਪਰਿਵਾਰਾਂ ਨੇ ਬਾਹਰ ਢੋਲ ਵਜਾ ਕੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਰਿਹਾਅ ਹੋਏ ਕੈਦੀਆਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾਏ ਅਤੇ ਮਠਿਆਈਆਂ ਵੰਡੀਆਂ।


Related News