ਸਟੇਸ਼ਨਰੀ ਦੀ ਦੁਕਾਨ ਦੇ ਨਾਂ ਹੇਠ ਪਟਾਕੇ ਵੇਚ ਰਿਹਾ ਅੜਿੱਕੇ

10/18/2017 6:07:22 AM

ਜਲੰਧਰ, (ਪ੍ਰੀਤ)- ਪੰਜਾਬ ਹਰਿਆਣਾ ਹਾਈਕੋਰਟ ਵਲੋਂ ਪਟਾਕੇ ਵੇਚਣ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ ਸਟੇਸ਼ਨਰੀ ਦੀ ਦੁਕਾਨ ਦੇ ਨਾਂ ਹੇਠ ਪਟਾਕੇ ਵੇਚ ਰਹੇ ਦੁਕਾਨਦਾਰ ਨੂੰ ਥਾਣਾ ਨੰਬਰ 7 ਦੀ ਪੁਲਸ ਨੇ ਕਾਬੂ ਕਰ ਲਿਆ। ਪੁਲਸ ਨੇ ਦੁਕਾਨ ਦੀ ਚੈਕਿੰਗ ਦੌਰਾਨ ਭਾਰੀ ਮਾਤਰਾ 'ਚ ਪਟਾਕੇ ਬਰਾਮਦ ਕੀਤੇ ਹਨ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਪੱਸ਼ਟ ਨਿਰਦੇਸ਼ ਹਨ ਕਿ ਬਿਨਾਂ ਲਾਇਸੈਂਸ ਦੇ ਪਟਾਕੇ ਵੇਚਣੇ ਗੈਰ ਕਾਨੂੰਨੀ ਹੈ। ਕਮਿਸ਼ਨਰੇਟ ਦੇ ਡੀ. ਸੀ. ਪੀ. ਰਾਜਿੰਦਰ ਸਿੰਘ ਵਲੋਂ ਵੀ ਅਦਾਲਤੀ ਨਿਰਦੇਸ਼ਾਂ  ਦੀ ਪਾਲਣਾ ਕਰਨ ਲਈ ਦੁਕਾਨਦਾਰਾਂ ਨੂੰ ਪਟਾਕੇ ਵੇਚਣ 'ਤੇ ਪਾਬੰਦੀ ਲਗਾਈ ਸੀ। ਅੱਜ ਸ਼ਾਮ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਦੀ ਅਗਵਾਈ 'ਚ ਡਿਊਟੀ ਦੌਰਾਨ ਏ. ਐੱਸ. ਆਈ. ਕੁਲਦੀਪ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮਿੱਠਾਪੁਰ ਚੌਕ ਕੋਲ ਸਟੇਸ਼ਨਰੀ ਦੀ ਦੁਕਾਨ 'ਤੇ ਛਾਪੇਮਾਰੀ ਕਰਕੇ ਦੁਕਾਨ ਮਾਲਿਕ ਮੁਕੇਸ਼ ਕੁਮਾਰ ਪੁੱਤਰ ਪੁਰਸ਼ੋਤਮ ਲਾਲ ਵਾਸੀ ਬੈਂਕ ਇਨਕਲੇਵ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਦੁਕਾਨ ਤੋਂ ਨਾਜਾਇਜ਼ ਢੰਗ ਨਾਲ ਸਟੋਰ ਕੀਤੇ ਗਏ ਭਾਰੀ ਮਾਤਰਾ 'ਚ ਪਟਾਕੇ ਬਰਾਮਦ ਕੀਤੇ ਗਏ। ਮੁਲਜ਼ਮ ਖਿਲਾਫ ਧਾਰਾ 188 ਆਈ. ਪੀ. ਸੀ. ਅਧੀਨ ਕਾਰਵਾਈ ਕੀਤੀ ਗਈ ਹੈ। 


Related News