ਦਿੱਲੀ ਤੋਂ ਬਾਹਰ ''ਆਪ'' ਦੀ ਹੋਂਦ ਨੂੰ ਖਤਰਾ

10/18/2017 7:11:50 AM

ਜਲੰਧਰ  (ਬੁਲੰਦ) ¸ ਆਮ ਆਦਮੀ ਪਾਰਟੀ ਦੀ ਗੁਰਦਾਸਪੁਰ ਚੋਣ ਵਿਚ ਹਾਰ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਚਰਚਾ ਛਿੜੀ ਹੋਈ ਹੈ ਕਿ ਆਖਿਰ ਜਿਸ ਤਰ੍ਹਾਂ 'ਆਪ' ਦਾ ਭਵਿੱਖ ਦਿੱਲੀ ਦੇ ਬਾਹਰ ਲਗਾਤਾਰ ਖਤਰੇ ਵਿਚ ਪੈ ਰਿਹਾ ਹੈ, ਉਸ ਨਾਲ ਪਾਰਟੀ ਦੀ ਹੋਂਦ ਹੀ ਕਿਤੇ ਖਤਰੇ ਵਿਚ ਨਾ ਪੈ ਜਾਵੇ। ਪਾਰਟੀ ਦੇ ਅੰਦਰੂਨੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਲਈ ਗੁਰਦਾਸਪੁਰ ਦੀ ਹਾਰ ਬੇਹੱਦ ਪਰੇਸ਼ਾਨੀਆਂ ਪੈਦਾ ਕਰ ਗਈ ਹੈ। ਪਾਰਟੀ ਦੇ ਗੁਰਦਾਸਪੁਰ ਦੇ ਉਮੀਦਵਾਰ ਸੁਰੇਸ਼ ਖਜ਼ੂਰੀਆ ਦੀ ਜ਼ਮਾਨਤ ਜ਼ਬਤ ਹੋਈ ਹੈ ਅਤੇ ਉਹ ਸਿਰਫ 23579 ਵੋਟਾਂ ਹੀ ਪ੍ਰਾਪਤ ਕਰ ਸਕੇ ਜਦ ਕਿ ਕਾਂਗਰਸ ਦੇ ਜਾਖੜ ਨੇ ਤਕਰੀਬਨ 5 ਲੱਖ ਵੋਟਾਂ ਪ੍ਰਾਪਤ ਕੀਤੀਆਂ ਅਤੇ 193219 ਵੋਟਾਂ ਨਾਲ ਜਿੱਤੇ। ਦੂਜੇ ਨੰਬਰ 'ਤੇ ਆਈ ਭਾਜਪਾ ਦੇ ਸਲਾਰੀਆ ਵੀ ਤਿੰਨ ਲੱਖ ਵੋਟਾਂ ਲੈਣ ਵਿਚ ਕਾਮਯਾਬ ਰਹੇ। ਪਰ 'ਆਪ' ਦੀ ਪਤਲੀ ਹਾਲਤ ਨੇ ਪਾਰਟੀ ਦੇ ਪੰਜਾਬ ਵਿਚ ਭਵਿੱਖ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਹੈ।
ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਨਗਰ ਨਿਗਮ ਚੋਣਾਂ ਵੀ ਤਕਰੀਬਨ ਉਹੀ ਪਾਰਟੀ ਜਿੱਤਦੀ ਹੈ,ਜਿਸ ਦੀ ਸਰਕਾਰ ਹੋਵੇ। ਤਾਂ ਮਤਲਬ ਨਗਰ ਨਿਗਮ ਚੋਣਾਂ ਵਿਚ ਵੀ 'ਆਪ' ਦਾ ਸੂਪੜਾ ਸਾਫ ਹੀ ਸਮਝਿਆ ਜਾਵੇ। 'ਆਪ' ਦੀ ਹਾਰ ਨਾਲ ਸਿਆਸੀ ਹਲਕਿਆਂ 'ਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦਾ ਸਾਰਾ ਥਿੰਕ ਟੈਂਕ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਹੋਇਆ ਪਿਆ ਹੈ। ਗੁਰਦਾਸਪੁਰ ਚੋਣ ਲਈ ਪਾਰਟੀ ਦੀ ਦਿੱਲੀ ਤੋਂ ਬਾਅਦ ਸਭ ਤੋਂ ਮਜ਼ਬੂਤ ਇਕਾਈ ਦੇ ਤੌਰ 'ਤੇ ਜਾਣੀ ਜਾਂਦੀ ਪੰਜਾਬ ਇਕਾਈ ਦੇ ਸਾਰੇ ਵੱਡੇ ਨੇਤਾਵਾਂ, ਜਿਨ੍ਹਾਂ ਵਿਚ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਸ਼ਾਮਲ ਸੀ, ਸਾਰਿਆਂ ਨੇ ਪੂਰਾ ਜ਼ੋਰ ਲਗਾ ਦਿੱਤਾ ਸੀ ਕਿ ਪਾਰਟੀ ਜੇ ਜਿੱਤ ਨਾ ਸਕੇ ਤਾਂ ਘੱਟੋ-ਘੱਟ ਦੂਸਰੇ ਨੰਬਰ 'ਤੇ ਤਾਂ ਆਵੇ ਪਰ ਹੈਰਾਨੀਜਨਕ ਤਰੀਕੇ ਨਾਲ ਪਾਰਟੀ ਦੇ ਉਮੀਦਵਾਰ ਦੀ ਤਾਂ ਜ਼ਮਾਨਤ ਹੀ ਜ਼ਬਤ ਹੋ ਗਈ। ਅਜਿਹੇ ਵਿਚ ਹੁਣ ਪਾਰਟੀ ਦੇ ਸੰਗਠਨਾਤਮਕ ਢਾਂਚੇ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਸਿਆਸੀ ਮਾਹਿਰ ਮੰਨਦੇ ਹਨ ਕਿ ਜੇ ਪੰਜਾਬ ਵਰਗੀ ਮਜ਼ਬੂਤ ਇਕਾਈ ਪਾਰਟੀ ਦੇ ਲੋਕ ਸਭਾ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਤੋਂ ਨਹੀਂ ਬਚਾ ਸਕੀ ਤਾਂ ਪਾਰਟੀ ਕਿਸ ਆਧਾਰ 'ਤੇ ਗੁਜਰਾਤ ਅਤੇ ਰਾਜਸਥਾਨ ਵਿਚ ਜਿੱਤ ਦੇ ਸੁਪਨੇ ਦੇਖ ਕੇ ਉਥੋਂ ਚੋਣਾਂ ਲੜਨ ਜਾ ਰਹੀ ਹੈ। ਪੰਜਾਬ ਦੀ ਇਸ ਗੁਰਦਾਸਪੁਰ ਸੀਟ ਲਈ ਜੇ ਹਾਈ ਕਮਾਨ ਪੰਜਾਬ ਇਕਾਈ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣਾ ਪੱਲਾ ਝਾੜ ਵੀ ਲਵੇ ਤਾਂ ਪੰਜਾਬ ਵਿਚ ਚੋਣਾਂ ਨੂੰ ਅਜੇ 6 ਮਹੀਨੇ ਹੀ ਹੋਏ ਹਨ, ਉਸ ਵਿਚ ਤਾਂ ਸਿੱਧੇ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੇ ਆਪਣਾ ਪੂਰਾ ਜ਼ੋਰ ਲਗਾਇਆ ਸੀ, ਫਿਰ ਵੀ ਡੇਢ ਦਰਜਨ ਸੀਟਾਂ ਮੁਸ਼ਕਿਲ ਨਾਲ ਹੀ ਹਾਸਲ ਕਰ ਸਕੇ।
ਅਜਿਹੇ ਵਿਚ ਹੁਣ ਪਾਰਟੀ ਲਈ ਦਿੱਲੀ ਤੋਂ ਬਾਹਰੀ ਰਾਜਾਂ ਵਿਚ ਆਪਣਾ ਆਧਾਰ ਕਾਇਮ ਰੱਖ ਸਕਣਾ ਮੁਸ਼ਕਿਲ ਹੋ ਗਿਆ ਹੈ। ਪਾਰਟੀ ਦੀ ਦਿੱਲੀ ਵਿਚ ਵੀ ਹਾਲਤ ਲਗਾਤਾਰ ਪਤਲੀ ਹੋ ਰਹੀ ਹੈ, ਕਿਉਂਕਿ ਨਾ ਤਾਂ ਦਿੱਲੀ ਵਾਲਿਆਂ ਨੂੰ ਟ੍ਰੈਫਿਕ ਤੋਂ ਨਿਜਾਤ ਮਿਲ ਸਕੀ ਹੈ ਅਤੇ ਨਾ ਹੀ ਦਿੱਲੀ ਵਿਚ ਅਪਰਾਧ ਰੁਕਣ ਦਾ ਨਾਂ ਲੈ ਰਿਹਾ ਹੈ। ਦੂਸਰਾ ਆਏ ਦਿਨ ਕੇਜਰੀਵਾਲ ਦਾ ਐੱਲ. ਜੀ. ਨਾਲ ਪੰਗਾ ਪਿਆ ਰਹਿੰਦਾ ਹੈ, ਜਿਸ ਨਾਲ ਦਿੱਲੀ ਵਾਲਿਆਂ ਵਿਚ ਹੁਣ ਇਹ ਵਿਚਾਰ ਘਰ ਕਰਨ ਲੱਗਾ ਹੈ ਕਿ ਜੇ ਦਿੱਲੀ ਵਿਚ ਕਿਸੇ ਵੱਡੀ ਪਾਰਟੀ ਦੀ ਸਰਕਾਰ ਹੋਵੇ, ਜਿਸ ਦਾ ਕੇਂਦਰ ਵਿਚ ਹੱਥ ਹੋਵੇ ਤਾਂ ਹੀ ਦਿੱਲੀ ਦਾ ਵਿਕਾਸ ਹੋ ਸਕੇਗਾ। ਅਜਿਹੇ ਵਿਚ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਨੇਤਾਵਾਂ ਦੇ ਪਸੀਨੇ ਛੁੱਟਣੇ ਸੁਭਾਵਕ ਹਨ, ਕਿਉਂਕਿ ਬਿਨਾਂ ਕਿਸੇ ਠੋਸ ਆਧਾਰ ਦੇ ਗੁਜਰਾਤ ਅਤੇ ਰਾਜਸਥਾਨ ਵਿਚ ਪਾਰਟੀ ਨੂੰ ਕੀ ਨਤੀਜੇ ਮਿਲਣਗੇ ਇਹ ਵੀ ਪਾਰਟੀ ਦੇ ਨੇਤਾ ਜਾਣਦੇ ਹਨ ਪਰ ਜੇ ਪਾਰਟੀ ਨੇ ਆਪਣੀ ਦਿੱਲੀ ਬਚਾਉਣੀ ਹੈ, ਹੋਰ ਰਾਜਾਂ ਵਿਚ ਆਪਣਾ ਆਧਾਰ ਮਜ਼ਬੂਤ ਕਰਨਾ ਹੈ ਤੇ 2019 ਲੋਕਸਭਾ ਚੋਣਾਂ ਵਿਚ ਕੋਈ ਕ੍ਰਿਸ਼ਮਾ ਕਰਨਾ ਹੈ , ਤਾਂ ਜ਼ਰੂਰਤ ਹੈ ਕਿ ਪਾਰਟੀ ਆਪਣੀਆਂ ਰਣਨੀਤੀਆਂ ਵਿਚ ਉਚਿਤ ਬਦਲਾਅ ਲਿਆਵੇ, ਨਹੀਂ ਤਾਂ ਪਾਰਟੀ ਨੂੰ ਭਵਿੱਖ ਵਿਚ ਹੋਂਦ ਬਚਾਉਣ ਲਈ ਬਹੁਤ ਜ਼ੋਰ ਲਗਾਉਣਾ ਪੈ ਸਕਦਾ ਹੈ।


Related News