ਕਾਂਗਰਸ ਸਰਕਾਰ ਵਲੋਂ ਮਾਛੀਵਾੜਾ ਸ਼ਹਿਰ ਦੇ ਵਿਕਾਸ ਲਈ 8 ਕਰੋੜ ਦੀ ਗ੍ਰਾਂਟ ਜਾਰੀ

10/19/2017 7:16:05 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਹਲਕਾ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਨਿਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਪੰਜਾਬ ਦੀ ਕਾਂਗਰਸ ਸਰਕਾਰ ਤੋਂ 8 ਕਰੋੜ ਦੀ ਗ੍ਰਾਂਟ ਜਾਰੀ ਕਰਵਾ ਦਿੱਤੀ ਹੈ, ਜਿਸ ਦੀ ਪਹਿਲੀ ਕਿਸ਼ਤ 2 ਕਰੋੜ ਰੁਪਏ ਦਾ ਚੈੱਕ ਅੱਜ ਵਿਧਾਇਕ ਨੇ ਨਗਰ ਕੌਂਸਲ ਦਫਤਰ ਵਿਖੇ ਪ੍ਰਸ਼ਾਸਕ ਐੈੱਸ. ਡੀ. ਐੈੱਮ. ਅਮਿਤ ਬੈਂਬੀ ਤੇ ਕਾਰਜਸਾਧਕ ਅਫਸਰ ਜਸਵੀਰ ਸਿੰਘ ਨੂੰ ਸੌਂਪਿਆ।
ਨਗਰ ਕੌਂਸਲ ਦਫਤਰ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸ਼ਹਿਰ ਦੇ ਵਿਕਾਸ ਲਈ 8 ਕਰੋੜ ਰੁਪਏ ਦੀ ਗ੍ਰਾਂਟ ਖਰਚਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ 'ਚੋਂ 3.75 ਕਰੋੜ ਰੁਪਏ ਸ਼ਹਿਰ ਦੇ 15 ਵਾਰਡਾਂ 'ਚ ਵੱਖ-ਵੱਖ ਵਿਕਾਸ ਕਾਰਜਾਂ ਲਈ ਖਰਚੇ ਜਾਣਗੇ। ਇਸ ਤੋਂ ਇਲਾਵਾ 4. 25 ਕਰੋੜ ਰੁਪਏ, ਜੋ ਸ਼ਹਿਰ 'ਚ ਸੀਵਰੇਜ ਪਾਉਣ ਦਾ ਕੰਮ ਅਧੂਰਾ ਰਹਿ ਗਿਆ ਹੈ, ਲਈ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ 2 ਕਰੋੜ ਰੁਪਏ ਦਾ ਚੈੱਕ ਨਗਰ ਕੌਂਸਲ ਨੂੰ ਸੌਂਪ ਦਿੱਤਾ ਗਿਆ ਹੈ ਤੇ 2 ਮਹੀਨਿਆਂ 'ਚ ਹੀ ਇਹ ਪੈਸਾ ਵਿਕਾਸ ਕਾਰਜਾਂ ਲਈ ਖਰਚ ਕਰ ਦਿੱਤਾ ਜਾਏ ਤੇ ਅਗਲੀ 1.75 ਕਰੋੜ ਦੀ ਕਿਸ਼ਤ ਤੁਰੰਤ ਜਾਰੀ ਕਰ ਦਿੱਤੀ ਜਾਵੇਗੀ। ਢਿੱਲੋਂ ਨੇ ਕਿਹਾ ਕਿ ਇਸ ਰਾਸ਼ੀ ਨਾਲ ਲੋਕਾਂ ਦੀ ਮੰਗ ਅਨੁਸਾਰ ਜੋ ਸ਼ਹਿਰ 'ਚ ਸੜਕਾਂ ਤੋਂ ਇਲਾਵਾ ਹੋਰ ਵੀ ਵਿਕਾਸ ਕਾਰਜ ਕੀਤੇ ਜਾਣ ਵਾਲੇ ਹਨ, ਉਹ ਕਰਵਾਏ ਜਾਣਗੇ। ਇਸ ਮੌਕੇ ਪ੍ਰਸ਼ਾਸਕ ਐੱਸ. ਡੀ. ਐੱਮ. ਅਮਿਤ ਬੈਂਬੀ ਨੇ ਕਿਹਾ ਕਿ ਸਰਕਾਰ ਵਲੋਂ ਜੋ ਵਿਕਾਸ ਕਾਰਜਾਂ ਲਈ ਗ੍ਰਾਂਟ ਆਈ ਹੈ, ਉਹ ਬੜੇ ਸੁਚੱਜੇ ਢੰਗ ਨਾਲ ਖਰਚ ਕੀਤੀ ਜਾਵੇਗੀ।
ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕੁੰਦਰਾ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਜੇ. ਪੀ. ਸਿੰਘ ਮੱਕੜ, ਪੀ. ਏ. ਲਵੀ ਢਿੱਲੋਂ, ਮਨਜੀਤ ਕੁਮਾਰੀ, ਪਰਮਜੀਤ ਪੰਮੀ, ਸੁਰਿੰਦਰ ਛਿੰਦੀ, ਉਪਿੰਦਰ ਸਾਹਨੀ (ਸਾਬਕਾ ਕੌਂਸਲਰ), ਕੁਲਵਿੰਦਰ ਸਿੰਘ ਮਾਣੇਵਾਲ, ਚੇਤਨ ਕੁਮਾਰ, ਸੁਖਪ੍ਰੀਤ ਸਿੰਘ ਝੜੌਦੀ, ਹਰਮਿੰਦਰ ਸਿੰਘ ਗੋਰਾ ਮਾਂਗਟ, ਰਾਜੇਸ਼ ਬਿੱਟੂ, ਸੁਰਿੰਦਰ ਜ਼ੋਸੀ, ਦਵਿੰਦਰ ਸਿੰਘ ਰਾਜੇਵਾਲ-ਰਾਜਪੂਤਾਂ, ਵਿਜੇ ਚੌਧਰੀ, ਗੁਰਨਾਮ ਸਿੰਘ ਖਾਲਸਾ, ਪਰਮਜੀਤ ਪੰਮਾ, ਜਸਦੇਵ ਸਿੰਘ ਟਾਂਡਾ, ਤੇਜਿੰਦਰ ਸਿੰਘ ਸੈਣੀ, ਸ਼ੰਮੀ ਔਜਲਾ, ਲੈਕ. ਸਵਰਨ ਸਿੰਘ ਛੌੜੀਆਂ, ਅਮਰਜੀਤ ਸਿੰਘ, ਹਰਚੰਦ ਸਿੰਘ, ਜਸਦੇਵ ਸਿੰਘ ਬਿੱਟੂ, ਏ. ਐੱਮ. ਆਈ. ਜਗਪਾਲ ਸਿੰਘ, ਹਰਮੇਲ ਸਿੰਘ, ਸੁਖਦੇਵ ਸਿੰਘ ਬਿੱਟੂ ਆਦਿ ਵੀ ਮੌਜੂਦ ਸਨ।


Related News