ਫੌਜੀਆਂ ਨੂੰ ਮਿਲਿਆ ਦੀਵਾਲੀ ਤੋਹਫਾ, ਹੁਣ 1 ਰੁਪਏ ਪ੍ਰਤੀ ਮਿੰਟ ''ਚ ਕਰ ਸਕਣਗੇ ਸੈਟੇਲਾਈਟ ਫੋਨ ''ਤੇ ਗੱਲ

10/18/2017 11:19:57 PM

ਨਵੀਂ ਦਿੱਲੀ— ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਫੌਜ ਅਤੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਦਿਵਾਲੀ 'ਤੇ ਸ਼ਾਨਦਾਰ ਤੋਹਫਾ ਦਿੱਤਾ ਹੈ। ਦੂਰ-ਦਰਾਜ ਦੇ ਇਲਾਕਿਆਂ ਵਿੱਚ ਤਾਇਨਾਤ ਜਵਾਨ ਹੁਣ ਆਪਣੇ ਪਰਿਵਾਰ ਵਾਲਿਆਂ ਨਾਲ ਸਿਰਫ 1 ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਸੈਟੇਲਾਈਟ ਫੋਨ ਦੇ ਜ਼ਰੀਏ ਗੱਲ ਕਰ ਸਕਣਗੇ। ਫਿਲਹਾਲ ਉਨ੍ਹਾਂ ਨੂੰ ਇਸਦੇ ਲਈ 5 ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਪੈਸੇ ਦੇਣੇ ਹੁੰਦੇ ਸੀ। ਨਵੀਂ ਦਰਾਂ ਦਿਵਾਲੀ ਵਾਲੇ ਦਿਨ ਭਾਵ ਵੀਰਵਾਰ ਤੋਂ ਹੀ ਲਾਗੂ ਹੋ ਜਾਣਗੇ।
ਦੂਰਸੰਚਾਰ ਮੰਤਰੀ ਮਨੋਜ ਸਿੰਹਾ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ, 'ਦਿਵਾਲੀ ਤੋਂ ਪਹਿਲਾਂ ਅਸੀ ਐਲਾਨ ਕਰ ਰਹੇ ਹਾਂ ਕਿ ਦੂਰ ਦੇ ਇਲਾਕਿਆਂ ਵਿੱਚ ਤਾਇਨਾਤ ਫੌਜੀ ਬਲਾਂ ਅਤੇ ਨੀਮ ਫੌਜੀ ਬਲਾਂ ਦੇ ਜਵਾਨ ਹੁਣ 1 ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਸੈਟੇਲਾਈਟ ਫੋਨ 'ਤੇ ਗੱਲ ਕਰ ਸਕਣਗੇ। ਇਸ ਨਾਲ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਘੱਟ ਖਰਚ ਵਿੱਚ ਜ਼ਿਆਦਾ ਗੱਲ ਕਰ ਸਕਣਗੇ।
ਸਿਨਹਾ ਨੇ ਸੈਟੇਲਾਈਟ ਫੋਨ 'ਤੇ ਲਏ ਜਾਣ ਵਾਲੇ ਕਿਰਾਏ ਨੂੰ ਵੀ ਦਿਵਾਲੀ ਵਾਲੇ ਦਿਨ ਖਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, 'ਅਜੇ ਸੁਰੱਖਿਆ ਬਲਾਂ ਨੂੰ ਸੈਟੇਲਾਈਟ ਫੋਨ ਕੁਨੈਕਸ਼ਨ ਲਈ ਪ੍ਰਤੀ ਮਹੀਨੇ 500 ਰੁਪਏ ਕਿਰਾਇਆ ਦੇਣਾ ਹੁੰਦਾ ਹੈ ਪਰ ਵੀਰਵਾਰ ਤੋਂ ਉਨ੍ਹਾਂ ਨੂੰ ਕੋਈ ਕਿਰਾਇਆ ਦੇਣ ਦੀ ਲੋੜ ਨਹੀਂ ਹੈ।' ਸੈਟੇਲਾਈਟ ਫੋਨ ਸੇਵਾ ਪਹਿਲਾਂ ਟਾਟਾ ਕਮਿਊਨਿਕੇਸ਼ਨ ਦਿੰਦੀ ਸੀ ਪਰ ਹੁਣ ਇਹ ਜਨਤਕ ਸੇਵਾ ਬੀ.ਐੱਸ.ਐੱਨ.ਐੱਲ. ਦੇ ਰਹੀ ਹੈ। ਫਿਲਹਾਲ ਦੇਸ਼ 'ਚ 2500 ਸੈਟੇਲਾਈਟ ਫੋਨ ਕੁਨੈਕਸ਼ਨ ਚਲਨ 'ਚ ਹਨ। ਦੂਰਸੰਚਾਰ ਸਕੱਤਰ ਅਰੂਣਾ ਸੁੰਦਰਰਾਜਨ ਨੇ ਕਿਹਾ ਕਿ ਇਸ ਨਾਲ ਹਰੇਕ ਸਾਲ 3-4 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ, ਜਿਸ ਦਾ ਭੁਗਤਾਨ ਸਰਕਾਰ ਕਰੇਗੀ।


Related News