ਭਾਰਤੀ ਫੌਜੀ ਚੰਦੂ ਚੌਹਾਨ ਦੇ ਘਰ ਵਾਲਿਆਂ ਲਈ ਖੁਸ਼ਖ਼ਬਰੀ, ਪਾਕਿਸਤਾਨ ਨੇ ਕੀਤਾ ਰਿਹਾਅ

01/21/2017 4:04:27 PM

ਨਵੀਂ ਦਿੱਲੀ/ਇਸਲਾਮਾਬਾਦ— ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਪਾਕਿਸਤਾਨ ਦੇ ਚੰਗੁਲ ''ਚ ਫਸੇ ਭਾਰਤੀ ਜਵਾਨ ਚੰਦੂ ਬਾਬੂਲਾਲ ਚੌਹਾਨ ਦੇ ਘਰ ਵਾਲਿਆਂ ਲਈ ਖੁਸ਼ਖਬਰੀ ਹੈ। ਚੰਦੂ ਬਾਬੂਲਾਲ ਚੌਹਾਨ ਨੂੰ ਪਾਕਿਸਤਾਨ ਨੇ ਰਿਹਾਅ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਵੱਲੋਂ ਸ਼ਨੀਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰ ਕੇ ਇਸ ਗੱਲ ਦਾ ਐਲਾਨ ਕੀਤਾ ਗਿਆ। ਜਵਾਨ ਬਾਬੂਲਾਲ ਚੌਹਾਨ 29 ਸਤੰਬਰ ਨੂੰ ਭਟਕ ਕੇ ਸਰਹੱਦ ਪਾਰ ਕਰ ਗਿਆ ਸੀ, ਜਿੱਥੇ ਪਾਕਿਸਤਾਨੀ ਫੌਜ ਨੇ ਉਸ ਨੂੰ ਫੜ ਲਿਆ ਸੀ। ਸੂਤਰਾਂ ਅਨੁਸਾਰ ਬਾਬੂਲਾਲ ਚੌਹਾਨ 3 ਵਜੇ ਵਾਹਗਾ ਚੌਕੀ ਰਾਹੀਂ ਆਪਣੇ ਦੇਸ਼ ਆਏਗਾ। ਉੱਥੇ ਉਸ ਤੋਂ ਪੁੱਛ-ਗਿੱਛ ਤੋਂ ਬਾਅਦ ਉਸ ਦੀ ਵਿਸ਼ੇਸ਼ ਮੈਡੀਕਲ ਜਾਂਚ ਕੀਤੀ ਜਾਵੇਗੀ। ਭਾਰਤ ਅਤੇ ਪਾਕਿਸਤਾਨ ਦੇ ਫੌਜ ਸੰਚਾਲਨ ਡਾਇਰੈਕਟਰ ਜਨਰਲਾਂ ਦੀ ਹਾਟਲਾਈਨ ''ਤੇ ਗੱਲਬਾਤ ਤੋਂ ਬਾਅਦ ਉਸ ਨੂੰ ਛੱਡਣ ਦਾ ਫੈਸਲਾ ਲਿਆ ਗਿਆ ਹੈ।
ਇਸ ਦੌਰਾਨ ਪਾਕਿਸਤਾਨ ਦੀ ਫੌਜ ਨੇ ਜਨਸੰਪਰਕ ਵਿਭਾਗ ਦੀ ਰੀਲੀਜ਼ ''ਚ ਕਿਹਾ ਕਿ ਕਸ਼ਮੀਰ ''ਚ ਕੰਟਰੋਲ ਰੇਖਾ ''ਤੇ ਤਾਇਨਾਤ ਭਾਰਤੀ ਫੌਜ ਦਾ ਜਵਾਨ ਚੰਦੂ ਬਾਬੂਲਾਲ ਚੌਹਾਨ 29 ਸਤੰਬਰ ਨੂੰ ਜਾਣ-ਬੁੱਝ ਕੇ ਉਸ ਦੀ ਸਰਹੱਦ ''ਚ ਆਇਆ ਸੀ। ਉਸ ਦਾ ਕਹਿਣਾ ਹੈ ਕਿ ਜਵਾਨ ਨੇ ਇਹ ਕਦਮ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਨਾਰਾਜ਼ ਹੋ ਕੇ ਚੁੱਕਿਆ ਸੀ। ਜਵਾਨ ਨੇ ਪਾਕਿਸਤਾਨੀ ਫੌਜੀਆਂ ਦੇ ਸਾਹਮਣੇ ਆਤਮਸਮਰਪਣ ਕੀਤਾ ਸੀ। ਪਾਕਿਸਤਾਨੀ ਫੌਜ ਦਾ ਕਹਿਣਾ ਹੈ ਕਿ ਉਸ ਨੇ ਇਸ ਜਵਾਨ ਨੂੰ ਸਦਭਾਵਨਾ ਅਤੇ ਸਰਹੱਦ ''ਤੇ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਦੇ ਅਧੀਨ ਰਿਹਾਅ ਕਰਨ ਦਾ ਫੈਸਲਾ ਲਿਆ ਹੈ। ਰੀਲੀਜ਼ ''ਚ ਦਾਅਵਾ ਕੀਤਾ ਗਿਆ ਹੈ ਕਿ ਇਸ ਜਵਾਨ ਨੂੰ ਦੇਸ਼ ਆਉਣ ਲਈ ਮਨ੍ਹਾ ਲਿਆ ਗਿਆ ਹੈ ਅਤੇ ਉਸ ਨੂੰ ਵਾਹਗਾ ਚੌਕੀ ''ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਦੂਜੇ ਪਾਸੇ ਭਾਰਤੀ ਫੌਜ ਸ਼ੁਰੂ ਤੋਂ ਕਹਿੰਦੀ ਰਹੀ ਹੈ ਕਿ ਚੰਦੂ ਬਾਬੂਲਾਲ ਚੌਹਾਨ ਗਲਤੀ ਨਾਲ ਪਾਕਿਸਤਾਨੀ ਦੀ ਸਰਹੱਦ ''ਚ ਚੱਲਾ ਗਿਆ ਸੀ ਅਤੇ ਉਹ ਉਸ ਦੀ ਵਾਪਸੀ ਲਈ ਸ਼ੁਰੂ ਤੋਂ ਹੀ ਫੌਜ ਸੰਚਾਲਨ ਡਾਇਰੈਕਟਰ ਜਨਰਲਾਂ ਦੇ ਪੱਧਰ ''ਤੇ ਗੱਲ ਕਰ ਰਹੀ ਸੀ। ਚੰਦੂ ਬਾਬੂਲਾਲ ਚੌਹਾਨ ਤਿੰਨ ਮਹੀਨਿਆਂ ਤੱਕ ਪਾਕਿਸਤਾਨੀ ਫੌਜ ਦੇ ਕਬਜ਼ੇ ''ਚ ਰਹਿਣ ਤੋਂ ਬਾਅਦ ਦੇਸ਼ ਵਾਪਸ ਆ ਰਿਹਾ ਹੈ।


Disha

News Editor

Related News