ਬੱਚਿਆਂ ਨੂੰ ਸਕੂਲ ਨਾ ਭੇਜਿਆ ਤਾਂ ਪੰਜ ਦਿਨ ਮਾਪਿਆਂ ਨੂੰ ਥਾਣੇ ''ਚ ਬਿਠਾਵਾਂਗਾ

10/09/2017 9:10:32 AM

ਬਲੀਆ — ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਯਾ ਨਾਥ ਸਰਕਾਰ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਵਾਲੇ ਮਾਪਿਆਂ ਨੂੰ ਪੰਜ ਦਿਨ ਤਕ ਥਾਣੇ 'ਚ ਭੁੱਖੇ-ਪਿਆਸੇ ਬਿਠਾਉਣਗੇ। ਇਹ ਬਿਆਨ ਸਰਕਾਰ ਲਈ ਵੱਡੀ ਮੁਸੀਬਤ ਪੈਦਾ ਕਰ ਸਕਦਾ ਹੈ।
ਸੂਬੇ ਦੇ ਦਿਵਿਆਂਗ ਅਤੇ ਪਛੜਾ ਵਰਗ ਭਲਾਈ ਮੰਤਰੀ ਰਾਜਭਰ ਨੇ ਰਸੜਾ ਕਸਬੇ ਦੇ ਗਾਂਧੀ ਮੈਦਾਨ 'ਚ ਕਲ ਆਯੋਜਿਤ ਪਾਰਟੀ ਦੇ ਇਕ ਪ੍ਰੋਗਰਾਮ 'ਚ ਕਿਹਾ, ''ਮੈਂ ਆਪਣੇ ਮਰਨ ਦਾ ਕਾਨੂੰਨ ਬਣਾਉਣ ਵਾਲਾ ਹਾਂ। ਜਿਸ ਗਰੀਬ ਦਾ ਬੱਚਾ ਸਕੂਲ ਨਹੀਂ ਜਾਵੇਗਾ, ਉਸ ਦੇ ਮਾਂ-ਬਾਪ ਨੂੰ ਥਾਣੇ 'ਚ ਬਿਠਾਵਾਂਗਾ। ਨਾ ਪਾਣੀ ਪੀਣ ਦਿਆਂਗਾ, ਨਾ ਹੀ ਖਾਣਾ ਖਾਣ ਦਿਆਂਗਾ।
ਰਾਜਭਰ ਨੇ ਕਿਹਾ, ''ਭਗਵਾਨ ਰਾਮ ਨੇ ਸਮੁੰਦਰ ਨੂੰ ਤਿੰਨ ਦਿਨ ਮਨਾਇਆ ਸੀ, ਜਦੋਂ ਉਹ ਨਾ ਮੰਨਿਆ ਤਾਂ ਭਗਵਾਨ ਨੂੰ ਹਥਿਆਰ ਚੁੱਕਣਾ ਪਿਆ ਅਤੇ ਸਮੁੰਦਰ ਤ੍ਰਾਹ-ਤ੍ਰਾਹ ਕਰਨ ਲੱਗਾ। ਉਸੇ ਤਰ੍ਹਾਂ ਜਿਸ ਵੀ ਗਰੀਬ ਦਾ ਬੱਚਾ ਸਕੂਲ ਨਹੀਂ ਜਾਵੇਗਾ, ਉਹ ਸੋਚ ਲੈਣ, ਛੇ ਮਹੀਨਿਆਂ ਮਗਰੋਂ ਥਾਣੇ 'ਚ ਪਹੁੰਚਾ ਦਿਆਂਗਾ। ਭਾਵੇਂ ਇਸ ਲਈ ਮੈਨੂੰ ਫਾਂਸੀ ਕਿਉਂ ਨਾ ਹੋ ਜਾਵੇ। ਉਨ੍ਹਾਂ ਨੇ ਇਸ ਮੌਕੇ ਮੌਜੂਦ ਭੀੜ ਨੂੰ ਹੱਥ ਉੱਪਰ ਕਰ ਕੇ ਪੁੱਛਿਆ, ''ਕੋਈ ਗਲਤ ਕੰਮ ਤਾਂ ਨਹੀਂ ਹੈ। ਕਿੰਨੇ ਲੋਕ ਇਸ ਦੇ ਸਮਰਥਨ ਵਿਚ ਹਨ।'' ਇਸ 'ਤੇ ਕਈ ਔਰਤਾਂ ਨੇ ਹੱਥ ਉੱਪਰ ਚੁੱਕ ਕੇ ਸਹਿਮਤੀ ਪ੍ਰਗਟਾਈ।


Related News