ਮੁਸ਼ੱਰਫ ਵਲੋਂ ਲਾਏ ਦੋਸ਼ਾਂ ਦਾ ਜ਼ਰਦਾਰੀ ਦੀਆਂ ਬੇਟੀਆਂ ਨੇ ਇੰਝ ਦਿੱਤਾ ਕਰਾਰਾ ਜਵਾਬ

09/22/2017 9:49:50 PM

ਇਸਲਾਮਾਬਾਦ— ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀਆਂ ਬੇਟੀਆਂ ਨੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਨੂੰ ਕਾਤਲ ਤੇ ਕਾਇਰ ਦੱਸਿਆ। ਅਸਲ 'ਚ ਸਾਬਕਾ ਤਾਨਾਸ਼ਾਹ ਨੇ ਬੇਨਜ਼ੀਰ ਦੇ ਕਤਲ ਲਈ ਆਸਿਫ ਅਲੀ ਜ਼ਰਦਾਰੀ ਨੂੰ ਜ਼ਿੰਮੇਦਾਰ ਠਹਿਰਾਇਆ ਸੀ। 
ਮੁਸ਼ੱਰਫ ਨੇ ਬੀਤੇ ਦਿਨ ਦੋਸ਼ ਲਗਾਇਆ ਸੀ ਕਿ ਜ਼ਰਦਾਰੀ ਆਪਣੀ ਪਤਨੀ ਦੇ ਕਤਲ ਲਈ ਜ਼ਿੰਮੇਦਾਰ ਹੈ। ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੇ ਕਤਲ ਨਾਲ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ। ਬੇਨਜ਼ੀਰ ਦੀ ਛੋਟੀ ਬੇਟੀ ਆਸੀਫਾ ਭੁੱਟੋ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ 'ਚ ਆਈਆਂ ਖਬਰਾਂ ਨੇ ਹੈਰਾਨ ਕਰ ਦਿੱਤਾ ਹੈ, ਜੋ ਇਸ ਭਗੋੜੇ ਕਾਤਲ 'ਤੇ ਧਿਆਨ ਦੇ ਰਹੇ ਹਨ। ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਪੀੜਤ 'ਤੇ ਹੀ ਦੋਸ਼ ਲਗਾਏ ਜਾ ਰਹੇ ਹਨ। ਸ਼ਰਮ ਕਰੋ ਮੁਸ਼ੱਰਫ। 
ਬੇਨਜ਼ੀਰ ਦੀ ਵੱਡੀ ਬੇਟੀ ਬਖਤਾਵਰ ਨੇ ਟਵੀਟ ਕਰਕੇ ਮੁਸ਼ੱਰਫ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੁਸ਼ੱਰਫ ਨੂੰ ਟਾਕ ਸ਼ੋਅ ਛੱਡਣਾ ਚਾਹੀਦਾ ਹੈ ਤੇ ਪਾਕਿਸਤਾਨ ਦੀ ਅਦਾਲਤ 'ਚ ਪੇਸ਼ ਹੋਣਾ ਚਾਹੀਦਾ ਹੈ। ਇਕ ਹੋਰ ਟਵੀਟ 'ਚ ਉਨ੍ਹਾਂ ਕਿਹਾ ਕਿ ਮੁਸ਼ੱਰਫ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਜੋ ਪੀੜਤ 'ਤੇ ਹੀ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਕ ਕਾਇਰ ਵਾਂਗ ਭੱਜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਆਓ ਤੇ ਅਸਲੀ ਅਦਾਲਤ ਦਾ ਸਾਹਮਣਾ ਕਰੋ। ਜ਼ਿਕਰਯੋਗ ਹੈ ਕਿ ਦੋ ਵਾਰ ਪ੍ਰਧਾਨ ਮੰਤਰੀ ਰਹੀ ਬੇਨਜ਼ੀਰ ਦੀ 27 ਦਸੰਬਰ 2007 ਨੂੰ ਇਕ ਚੋਣ ਰੈਲੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ।


Related News