ਟਰੂਡੋ ਨੇ ਕਿਹਾ- ''ਚੀਨ ਨਾਲ ਵਪਾਰ ਕਰਨ ਦੀ ਅਜੇ ਕਾਹਲੀ ਨਹੀਂ''

12/06/2017 10:31:46 AM

ਬੀਜਿੰਗ/ਟੋਰਾਂਟੋ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੀਨ ਦੌਰੇ 'ਤੇ ਹਨ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੂੰ ਚੀਨ ਨਾਲ ਵਪਾਰਕ ਸਮਝੌਤੇ ਦੀ ਬਹੁਤ ਉਮੀਦ ਹੈ ਪਰ ਅਸੀਂ ਕਾਹਲੀ ਵਿੱਚ ਅਜਿਹਾ ਵਿਚਾਰ-ਵਟਾਂਦਰਾ ਨਹੀਂ ਚਾਹੁੰਦੇ ਜੋ ਆਉਣ ਵਾਲੀਆਂ ਨਸਲਾਂ ਲਈ ਸਾਡੇ ਅਰਥਚਾਰਿਆਂ ਉਤੇ ਮਾੜਾ ਅਸਰ ਪਾ ਸਕੇ। ਪੇਈਚਿੰਗ ਦੇ ਦੌਰੇ ਦੇ ਦੂਜੇ ਦਿਨ ਟਰੂਡੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡਾ, ਚੀਨ ਨਾਲ ਲਗਾਤਾਰ ਵਪਾਰਕ ਮਸਲਿਆਂ ਵਿੱਚ ਰੁੱਝਿਆ ਰਿਹਾ ਹੈ। ਵਪਾਰਕ ਸਮਝੌਤੇ ਦੀ ਸੰਭਾਵਨਾ ਲੱਭਣ ਲਈ ਦੋ ਸਾਲਾਂ ਪਹਿਲਾਂ ਸ਼ੁਰੂ ਕੀਤੀ ਗੱਲਬਾਤ ਕਾਰਨ ਹੀ ਖੇਤੀਬਾੜੀ ਬਰਾਮਦਾਂ ਵਰਗੇ ਕੁੱਝ ਮੁੱਦਿਆਂ ਨਾਲ ਸਿੱਝਿਆ ਜਾ ਸਕਿਆ।ਟਰੂਡੋ ਦੇ ਦੌਰੇ ਦੌਰਾਨ ਕਿਸੇ ਸਮਝੌਤੇ ਬਾਰੇ ਰਸਮੀ ਗੱਲਬਾਤ ਦਾ ਐਲਾਨ ਹੋਣ ਦੀ ਸੰਭਾਵਨਾ ਦੇ ਬਾਵਜੂਦ ਲੱਗਦਾ ਹੈ ਕਿ ਗੱਲਬਾਤ ਸ਼ੁਰੂ ਨਹੀਂ ਹੋਣ ਜਾ ਰਹੀ। ਉਨ੍ਹਾਂ ਕਿਹਾ ਕਿ ''ਦੋ ਸਾਲਾਂ ਤੋਂ ਵਪਾਰਕ ਰਿਸ਼ਤਿਆਂ, ਛੋਟੇ ਕਾਰੋਬਾਰਾਂ ਲਈ ਮੌਕਿਆਂ, ਕੈਨਡੀਅਨ ਨਾਗਰਿਕਾਂ ਦੀ ਚੀਨੀ ਬਾਜ਼ਾਰਾਂ ਤੱਕ ਵਧੀਆ ਪਹੁੰਚ ਲਈ ਕੰਮ ਕਰ ਰਹੇ ਹਾਂ।''  ਵਪਾਰ ਲਈ ਗੱਲਬਾਤ ਦਾ ਐਲਾਨ ਕਰਨ ਦੀ ਥਾਂ ਟਰੂਡੋ ਨੇ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਅਤੇ 2015 ਦੇ ਪੈਰਿਸ ਸਮਝੌਤੇ ਦੀ ਅਹਿਮੀਅਤ ਬਾਰੇ ਚੀਨ ਨਾਲ ਸਮਝੌਤੇ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਵਾਤਾਵਰਨ ਤਬਦੀਲੀ ਅਜਿਹੀਆਂ ਵੱਡੀਆਂ ਚੁਣੌਤੀਆਂ ਵਿੱਚੋਂ ਇਕ ਹੈ, ਜਿਸ ਨੂੰ ਸਾਡੇ ਵਿੱਚੋਂ ਕੋਈ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ ਅਤੇ ਨਾ ਨਜ਼ਰਅੰਦਾਜ਼ ਕਰੇਗਾ।


Related News