''ਰਵਿਦਾਸੀਆ ਧਰਮ ਦੀ ਚੜ੍ਹਦੀ ਕਲਾ ਲਈ ਸੰਗਤਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਤੋਂ ਸੇਧ ਲੈਣ''

06/14/2017 4:53:52 PM

ਰੋਮ (ਕੈਂਥ)— ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਪੂਰੀ ਦੁਨੀਆ 'ਚ ਬੁਲੰਦ ਕਰਨ ਵਾਲੇ ਮਹਾਨ ਸ਼ਹੀਦ 108 ਸੰਤ ਰਾਮਾਨੰਦ ਜੀ ਦਾ 8ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ 'ਚ ਸੰਗਤਾਂ ਨੇ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਆਰੰਭੇ ਆਖੰਡ ਜਾਪਾਂ ਦੇ ਭੋਗ ਉਪੰਰਤ ਪਾਠੀ ਸਹਿਬਾਨ ਭਾਈ ਸਤਨਾਮ ਸਿੰਘ ਨੇ ਸੰਤਾਂ ਦੀ ਸ਼ਹੀਦੀ ਨੂੰ ਆਪਣੀ ਰਚਨਾ ਦੁਆਰਾ ਸ਼ਰਧਾਜਲੀ ਦਿੱਤੀ।ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ 108 ਸੰਤ ਮੰਗਲ ਦਾਸ ਜੀ ਈਸਪੁਰ ਵਾਲਿਆਂ ਨੇ ਕਿਹਾ ਕਿ ਰਵਿਦਾਸੀਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹੀਦੀ ਨੇ ਜੋ ਸਮਾਜ ਅੰਦਰ ਜਾਗਰੂਕਤਾ ਪੈਦਾ ਕੀਤੀ ਹੈ ਉਸ ਨਾਲ ਮਿਸ਼ਨ ਦਾ ਪ੍ਰਚਾਰ ਪਹਿਲਾਂ ਤੋਂ ਵੀ ਜ਼ਿਆਦਾ ਜੋਰਾਂ 'ਤੇ ਹੈ। ਉਹਨਾਂ  ਸੰਗਤਾਂ ਨੂੰ ਰਵਿਦਾਸੀਆਂ ਧਰਮ ਦੀ ਚੜ੍ਹਦੀ ਕਲਾ ਲਈ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੋਂ ਸੇਧ ਲੈਕੇ ਆਪਣੇ ਸਾਰੇ ਕਾਰਜ ਕਰਨ ਦਾ ਉਪਦੇਸ਼ ਦਿੰਦਿਆਂ ਕਿਹਾ ਕਿ ਸੰਗਤਾਂ ਗੁਰੂ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਸਮਰਪਿਤ ਹੋਣ।ਇਸ ਸ਼ਹੀਦੀ ਸਮਾਗਮ ਮੌਕੇ ਮਿਸ਼ਨਰੀ ਗਾਇਕ ਸੁਖਦੇਵ ਚੌਹਾਨ, ਰਵੀ ਅਮਰਜੀਤ, ਬੀਬੀ ਸਕੰਤਲਾ ਦੇਵੀ, ਜੈਸੀਕਾ ਸੰਧੂ ਅਤੇ ਵਿਰੋਨਾ ਤੋਂ ਆਏ ਸੁਦੇਸ਼ ਕੁਮਾਰ ਆਦਿ ਨੇ ਆਪਣੇ ਗੀਤਾਂ ਰਾਹੀਂ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਜਲੀ ਦਿੱਤੀ।ਇਸ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਵੀਰ ਬੱਬੂ ਪ੍ਰਧਾਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ(ਵਿਚੈਂਸਾ) ਨੇ ਕਿਹਾ ਕਿ ਜਿਹੜਾ ਮਿਸ਼ਨ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਅਧੂਰਾ ਛੱਡ ਗਏ ਹਨ, ਨੂੰ ਸੰਗਤ ਪੂਰਾ ਕਰਨ ਲਈ ਲਾਮਬੰਦ ਹੋਵੇ। ਇਸ ਮੌਕੇ ਸੇਵਾਦਾਰਾਂ ਦੇ ਸਨਮਾਨ ਤੋਂ ਇਲਾਵਾ ਸੰਤ ਮੰਗਲ ਦਾਸ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸਮੁੱਚੀਆਂ ਸੰਗਤਾਂ ਲਈ ਠੰਡੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।ਪ੍ਰੋਗਰਾਮ 'ਚ ਸਟੇਜ ਸਕੱਤਰ ਦੀ ਸੇਵਾ ਅਜਮੇਰ ਦਾਸ ਕਲੇਰ ਵਲੋਂ ਨਿਭਾਈ ਗਈ।


Related News