ਕਾਫੀ ਖ਼ਤਰਨਾਕ ਹੈ ਇਹ ਨਸ਼ੀਲਾ ਪਦਾਰਥ, ਛੂਹਣ ਨਾਲ ਹੋ ਸਕਦੀ ਹੈ ਮੌਤ, ਆਸਟਰੇਲੀਆ ''ਚ ਪੁਲਸ ਨੇ ਜਾਰੀ ਕੀਤੀ ਚਿਤਾਵਨੀ

02/19/2017 4:55:12 PM

ਬ੍ਰਿਸਬੇਨ— ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੀ ਪੁਲਸ ਨੇ ਕਾਰਫੈਨਟਾਇਲ ਨਾਮੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਇਹ ਪਦਾਰਥ ਆਮ ਨਸ਼ੀਲੇ ਪਦਾਰਥਾਂ ਦੇ ਮੁਕਾਬਲੇ ਕਾਫੀ ਤਾਕਤਵਰ ਹੈ ਅਤੇ ਇਸ ਨੂੰ ਖਾਣ ਦੀ ਬਜਾਏ ਜੇਕਰ ਵਿਅਕਤੀ ਛੂਹ ਵੀ ਲਵੇ ਤਾਂ ਉਸ ਦੀ ਮੌਤ ਹੋ ਸਕਦੀ ਹੈ। ਸੂਬਾ ਪੁਲਸ ਦਾ ਕਹਿਣਾ ਹੈ ਕਿ ਕਾਰਫੈਨਟਾਇਲ ਨੂੰ ਸਰਹੱਦੀ ਫੋਰਸ ਦੇ ਅਧਿਕਾਰੀਆਂ ਨੇ ਬ੍ਰਿਸਬੇਨ ਦੇ ਮਾਲ ਸੈਂਟਰ ''ਚੋਂ ਬਰਾਮਦ ਕੀਤਾ। ਹਾਲਾਂਕਿ ਪੁਲਸ ਨੇ ਇਹ ਨਹੀਂ ਦੱਸਿਆ ਕਿ ਇਹ ਕਿੰਨੀ ਮਾਤਰਾ ''ਚ ਫੜਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਸਿਡਨੀ ਦੇ ਮਾਲ ਸੈਂਟਰ ''ਚੋਂ ਵੀ ਇਸ ਨੂੰ ਜ਼ਬਤ ਕੀਤਾ ਗਿਆ ਸੀ। 
ਕੁਈਨਜ਼ਲੈਂਡ ਪੁਲਸ ਦੇ ਡਿਟੈਕਟਿਵ ਸੁਪਰਡੈਂਟ ਜੋਨ ਵੈਕਰ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਰਫੈਨਟਾਇਲ, ਫੈਨਟਾਇਲ ਦੇ ਮੁਕਾਬਲੇ ਕਾਫੀ ਤਾਕਤਵਰ ਹੈ। ਇੰਨਾ ਹੀ ਨਹੀਂ, ਇਹ ਅਫੀਮ ਤੋਂ 10,000 ਗੁਣਾਂ ਵਧੇਰੇ ਤਾਕਤਵਰ ਹੈ ਅਤੇ ਜੇਕਰ 0.02 ਮਿਲੀਗ੍ਰਾਮ ਮਾਤਰਾ ''ਚ ਇਸ ਨੂੰ ਖਾ ਲਿਆ ਜਾਵੇ ਤਾਂ ਵਿਅਕਤੀ ਮੌਤ ਦੇ ਮੂੰਹ ''ਚ ਜਾ ਸਕਦਾ ਹੈ। ਉਨ੍ਹਾਂ ਕਿਹਾ, ''''ਇਹ ਖ਼ਤਰਨਾਕ ਨਸ਼ੀਲਾ ਪਦਾਰਥ ਹੈ। ਇਹ ਪਦਾਰਥ ਤੁਹਾਨੂੰ ਮਾਰ ਸਕਦਾ ਹੈ।'''' ਉਨ੍ਹਾਂ ਦੱਸਿਆ ਕਿ ਕਾਰਫੈਨਟਾਇਲ ਜੇਕਰ ਤੁਹਾਡੀ ਚਮੜੀ ਜਾਂ ਫਿਰ ਅੱਖਾਂ ਨੂੰ ਛੂਹ ਜਾਵੇ ਤਾਂ ਇਸ ਨਾਲ ਮੌਤ ਦਾ ਖ਼ਤਰਾ ਕਾਫੀ ਹੱਦ ਤੱਕ ਵਧ ਜਾਂਦਾ ਹੈ।
ਸ਼੍ਰੀ ਜੋਨ ਮੁਤਾਬਕ ਆਮ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਕਿ ਇਹ ਕਾਰਫੈਨਟਾਇਲ ਹੈ ਅਤੇ ਵੇਚਣ ਵਾਲੇ ਉਨ੍ਹਾਂ ਨੂੰ ਇਹ ਕਹਿੰਦੇ ਹਨ ਕਿ ਇਹ ਐੱਮ. ਡੀ. ਐੱਮ. ਏ. ਨਾਮੀ ਨਸ਼ੀਲਾ ਪਦਾਰਥ ਹੈ। ਇਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਦੱਸ ਦਈਏ ਕਿ ਕਾਰਫੈਨਟਾਇਲ ਨੂੰ ਚੀਨ ''ਚ ਬਣਾਇਆ ਜਾਂਦਾ ਹੈ ਅਤੇ ਚੀਨੀ ਸਰਕਾਰ ਨੇ ਪਿਛਲੇ ਹਫ਼ਤੇ ਹੀ ਇਸ ''ਤੇ ਪਾਬੰਦੀ ਲਗਾ ਦਿੱਤੀ ਹੈ। ਇੰਨਾ ਹੀ ਨਹੀਂ, ਇਸ ਕਾਰਨ ਅਮਰੀਕਾ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ''ਚ ਹੁਣ ਤੱਕ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਇਹ ਗੋਲੀਆਂ, ਪਾਊਡਰ ਅਤੇ ਸਪਰੇਅ ਹਰ ਰੂਪ ''ਚ ਮਿਲਦਾ ਹੈ।

Related News