ਧੀ ਨੂੰ ਦੁੱਧ ਪਿਲਾਉਂਦੇ ਹੋਏ ਆਸਟ੍ਰੇਲੀਅਨ ਸੰਸਦ ਮੈਂਬਰ ਨੇ ਸਦਨ ''ਚ ਦਿੱਤਾ ਭਾਸ਼ਣ

06/22/2017 6:41:37 PM

ਮੈਲਬੋਰਨ— ਆਸਟ੍ਰੇਲੀਅਨ ਸੰਸਦ ਮੈਂਬਰ ਲੈਰੀਜ਼ਾ ਵਾਟਰਸ ਇਕ ਵਾਰ ਫਿਰ ਬੇਟੀ ਨੂੰ ਸਦਨ ਵਿਚ ਦੁੱਧ ਪਿਲਾਉਣ ਨੂੰ ਲੈ ਕੇ ਚਰਚਾ ਵਿਚ ਹੈ। ਉਸ ਨੇ ਸੰਸਦ ਵਿਚ ਧੀ ਨੂੰ ਦੁੱਖ ਪਿਲਾਉਂਦੇ ਹੋਏ ਪ੍ਰਸਤਾਵ ਪੇਸ਼ ਕੀਤਾ ਅਤੇ ਉਹ ਅਜਿਹਾ ਕਰਨ ਵਾਲੀ ਪਹਿਲੀ ਸੰਸਦ ਮੈਂਬਰ ਬਣ ਗਈ ਹੈ। ਆਸਟ੍ਰੇਲੀਆ ਦੀ ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਲੈਰੀਜ਼ਾ ਨੇ ਕੋਲਾ ਖਾਨ ਮਜ਼ਦੂਰਾਂ ਨੂੰ ਹੋਣ ਵਾਲੀ ਫੇਫੜਿਆਂ ਦੀ ਬੀਮਾਰੀ ਨਾਲ ਜੁੜਿਆ ਇਕ ਪ੍ਰਸਤਾਵ ਸੰਸਦ ਵਿਚ ਪੇਸ਼ ਕੀਤਾ। ਇਸ ਦੌਰਾਨ ਲੈਰੀਜ਼ਾ ਆਪਣੀ ਸੱਤ ਮਹੀਨਿਆਂ ਦੀ ਬੇਟੀ ਨੂੰ ਦੁੱਧ ਪਿਲਾਉਂਦੀ ਰਹੀ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿਚ ਲੈਰੀਜ਼ਾ ਉਸ ਸਮੇਂ ਚਰਚਾ ਵਿਚ ਆਈ ਸੀ, ਜਦੋਂ ਉਸ ਨੇ ਸੰਸਦ ਵਿਚ ਆਪਣੀ ਬੇਟੀ ਨੂੰ ਦੁੱਧ ਪਿਲਾਉਣ ਦੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਇਹ ਤਸਵੀਰ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ ਸੀ। ਅੱਠ ਫਰਵਰੀ 1977 ਨੂੰ ਪੈਦੀ ਹੋਈ ਲੈਰੀਜ਼ਾ ਕੁਈਨਜ਼ਲੈਂਡ ਤੋਂ ਸੰਸਦ ਮੈਂਬਰ ਹੈ। 
ਲੈਰੀਜ਼ਾ ਦੇ ਦੁੱਧ ਪਿਲਾਉਂਦੇ ਹੋਏ ਪ੍ਰਸਤਾਵ ਪੇਸ਼ ਕਰਨ ਦੀ ਵੀਡੀਓ ਦੇ ਨਾਲ ਹੀ ਇਕ ਹੋਰ ਤਸਵੀਰ ਟਵਿੱਟਰ 'ਤੇ ਧੜੱਲੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿਚ ਗ੍ਰੀਨ ਪਾਰਟੀ ਦੇ ਨੇਤਾ ਰਿਚਰਡ ਡੀ ਨਤਾਲੇ ਸਦਨ ਵਿਚ ਹੀ ਲੈਰੀਜ਼ਾ ਦੀ ਬੇਟੀ ਨੂੰ ਗੋਦ ਵਿਚ ਖਿਡਾਉਂਦੇ ਹੋਏ ਦਿਖਾਈ ਦੇ ਰਹੇ ਹਨ। ਟਵਿੱਟਰ 'ਤੇ ਇਕ ਯੂਜ਼ਰ ਨੇ ਲਿਖਿਆ— 'ਇਸ ਨੂੰ ਕਹਿੰਦੇ ਹਨ ਅਸਲੀ ਉਦਾਰ ਬੌਸ'। ਫਰਵਰੀ ਵਿਚ ਲੈਰੀਜ਼ਾ ਆਪਣੀ ਬੇਟੀ ਦੇ ਜਨਮ ਦੇ 10 ਹਫਤਿਆਂ ਬਾਅਦ ਹੀ ਕੰਮ 'ਤੇ ਆ ਗਈ ਸੀ। ਲੈਰੀਜ਼ਾ ਦੇ ਸੰਸਦ ਵਿਚ ਦੁੱਧ ਪਿਲਾਉਣ ਨੂੰ ਸਥਾਨਕ ਮੀਡੀਆ ਨੇ ਇਤਿਹਾਸਕ ਦੱਸਦੇ ਹੋਏ ਇਸ ਨੂੰ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਕਿਹਾ ਸੀ। 
ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਫਰਵਰੀ, 2016 ਵਿਚ ਅਜਿਹੇ ਨਵੇਂ ਨਿਯਮ ਬਣਾਏ ਗਏ ਸਨ, ਜਿਨ੍ਹਾਂ ਦੇ ਤਹਿਤ ਔਰਤਾਂ ਅਤੇ ਪੁਰਸ਼ਾਂ ਨੂੰ ਆਪਣੇ ਕੰਮ ਵਾਲੇ ਸਥਾਨ 'ਤੇ ਬੱਚਿਆਂ ਨੂੰ ਲਿਆਉਣ ਦੀ ਆਗਿਆ ਦਿੱਤੀ ਗਈ ਸੀ। ਇਨ੍ਹਾਂ ਨਿਯਮਾਂ ਤਹਿਤ ਔਰਤਾਂ ਕੰਮ ਵਾਲੀਆਂ ਥਾਵਾਂ 'ਤੇ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਲਾ ਸਕਦੀਆਂ ਹਨ। ਇਸ ਤੋਂ ਪਹਿਲਾਂ ਸੰਸਦ ਵਿਚ ਬੱਚਿਆਂ ਨੂੰ ਲਿਆਉਣ ਦੀ ਆਗਿਆ ਨਹੀਂ ਸੀ। ਲੈਰੀਜ਼ਾ ਨੇ ਕਿਹਾ ਕਿ ਸੰਸਦ ਵਿਚ ਨੌਜਵਾਨ ਔਰਤਾਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਇਹ ਬਦਲਾਅ ਜ਼ਰੂਰੀ ਸੀ। ਇਸ ਬਦਲਾਅ ਨਾਲ ਨਵੇਂ ਮਾਤਾ-ਪਿਤਾ ਬਣੇ ਜੋੜਿਆਂ ਨੂੰ ਪਰਿਵਾਰ ਦੀ ਦੇਖਭਾਲ ਵਿਚ ਜ਼ਿਆਦਾ ਸਹੂਲਤ ਹੋਵੇਗੀ। ਜਦੋਂ ਆਸਟ੍ਰੇਲੀਆਈ ਕਾਨੂੰਨ ਵਿਚ ਬਦਲਾਅ ਕੀਤਾ ਗਿਆ ਤਾਂ ਉਸ ਦਾ ਲਾਭ ਲੈਣ ਵਾਲੇ ਸੰਸਦ ਮੈਂਬਰਾਂ ਵਿਚ ਲੈਰੀਜ਼ਾ ਸਭ ਤੋਂ ਅੱਗੇ ਰਹੀ।


Kulvinder Mahi

News Editor

Related News