‘ਤਮਾਕੂ’ ਜੀਵਨ ਲਈ ਅਤੀ ਘਾਤਕ

5/31/2020 2:03:48 PM

ਤਮਾਕੂ ਮਨੁੱਖੀ ਸਰੀਰ ਲਈ ਬਹੁਤ ਹੀ ਘਾਤਕ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ 2015 ਵਿੱਚ ਕੀਤੇ ਸਰਵੇ ਮੁਤਾਬਕ ਪੂਰੇ ਸੰਸਾਰ ਭਰ ਵਿੱਚ 15 ਅਤੇ 24 ਸਾਲ ਵਿਚਕਾਰ 17% ਲੋਕ ਤਮਾਕੂ ਦਾ ਸੇਵਨ ਕਰਦੇ ਹਨ।

ਯੂਰੋਪ ਵਿੱਚ 11.5% ਕੁੜੀਆਂ ਅਤੇ 13.8% ਮੁੰਡੇ, ਜਿਨ੍ਹਾਂ ਦੀ ਉਮਰ 13 ਅਤੇ 15 ਸਾਲ ਦੇ ਵਿਚਕਾਰ ਹੈ, ਤੰਬਾਕੂ ਦੇ ਆਦੀ ਹੋ ਚੁੱਕੇ ਹਨ। ਹਰ ਸਾਲ ਕਰੀਬ 50 ਲੱਖ ਤੋਂ ਜ਼ਿਆਦਾ ਵਿਅਕਤੀ ਸਿਗਰਟ ਪੀਣ ਦੇ ਕਾਰਨ ਆਪਣੀ ਜਾਨ ਗੁਆ ਰਹੇ ਹਨ। ਜੇਕਰ ਇਸ ’ਤੇ ਠੱਲ ਨਾ ਪਾਈ ਗਈ ਤਾਂ 2030 ਤੱਕ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 80 ਲੱਖ ਪ੍ਰਤੀ ਸਾਲ ਹੋ ਜਾਵੇਗੀ। ਤੁਹਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਦੁਨੀਆਂ ਵਿੱਚ ਸਿਗਰੇਟ ਪੀਣ ਵਾਲੇ ਲੋਕਾਂ ਦੀ ਗਿਣਤੀ ਵਿੱਚ 12% ਭਾਰਤੀ ਹਨ। ਇੱਥੇ 13 ਤੋਂ 16 ਸਾਲ ਦੀ ਛੋਟੀ ਉਮਰ ਦੇ ਕਿਸ਼ੋਰ 14.6% ਸਿਗਰਟਨੋਸ਼ੀ ਕਰਦੇ ਹਨ।

ਸਾਲ 1987 ਵਿੱਚ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਰਾਜਾਂ ਨੇ ਤਮਾਕੂ ਦੇ ਕਾਰਨ ਹੋਣ ਵਾਲੀਆਂ ਮੌਤਾਂ ਵੱਲ ਜ਼ਿਆਦਾ ਧਿਆਨ ਖਿੱਚਣ ਲਈ 'ਵਿਸ਼ਵ ਤਮਾਕੂ ਵਿਰੋਧੀ ਦਿਵਸ' ਮਨਾਉਣ ਦਾ ਫੈਸਲਾ ਕੀਤਾ। 15 ਮਈ 1987 ਨੂੰ ਸੰਸਾਰ ਸਿਹਤ ਅਸੈਂਬਲੀ ਨੇ 7 ਅਪ੍ਰੈਲ 1988 ਨੂੰ 'ਵਿਸ਼ਵ ਤਮਾਕੂ ਵਿਰੋਧੀ ਦਿਵਸ' ਦੇ ਰੂਪ ਵਿੱਚ ਮਨਾਉਣ ਦਾ ਪ੍ਰਸਤਾਵ ਪਾਸ ਕੀਤਾ, ਕਿਉਂਕਿ ਇਹ ਵਿਸ਼ਵ ਸਿਹਤ ਸੰਗਠਨ ਦੀ 40ਵੀਂ ਵਰ੍ਹੇਗੰਢ ਸੀ। 1988 ਤੋਂ ਲੈ ਕੇ ਹਰ ਸਾਲ 31 ਮਈ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ।

ਤਮਾਕੂ ਤੋਂ ਹੋਣ ਵਾਲੀਆਂ ਬੀਮਾਰੀਆਂ
1. ਕੈਂਸਰ- ਫੇਫੜਿਆਂ ਅਤੇ ਮੂੰਹ ਦਾ ਕੈਂਸਰ।
2. ਫੇਫੜਿਆਂ ਦਾ ਖਰਾਬ ਹੋਣਾ।
3. ਅਲਸਰ, ਦੰਦਾਂ ਵਿੱਚ ਦਾਗ, ਕੀੜਾ ਲੱਗਣਾ।
4. ਦਿਲ ਦੀ ਬੀਮਾਰੀ।
5. ਅੱਖਾਂ ਤੋਂ ਘੱਟ ਦਿਖਣਾ।
6. ਮੂੰਹ ਤੋਂ ਬਦਬੂ ਆਉਣਾ।

ਤਮਾਕੂ ਇੱਕ ਮਿੱਠਾ ਜ਼ਹਿਰ ਹੈ, ਜੋ ਹੌਲੀ-ਹੌਲੀ ਮਨੁੱਖ ਨੂੰ ਆਪਣਾ ਗੁਲਾਮ ਬਣਾਉਂਦਾ ਹੈ ਅਤੇ ਅੰਤ ਵਿਚ ਉਸ ਦੀ ਜਾਨ ਲੈ ਲੈਂਦਾ ਹੈ। ਨਿਕੋਟਿਆਨਾ ਪ੍ਰਜਾਤੀ ਦਾ ਅਜਿਹਾ ਪੌਦਾ, ਜਿਸ ਦੇ ਪੱਤਿਆਂ ਨੂੰ ਸੁਕਾ ਕੇ ਨਸ਼ਾ ਬਣਾਇਆ ਜਾਂਦਾ ਹੈ। ਤਮਾਕੂ ਦਾ ਪ੍ਰਯੋਗ ਸਿਗਰਟ, ਬੀੜੀ, ਗੁਟਖਾ, ਜਰਦਾ, ਖੈਣੀ ਆਦਿ ਦੇ ਰੂਪ ਵਿੱਚ ਕੀਤਾ ਜਾਂਦਾ ਹੈ।

ਤਮਾਕੂ ਉਦਯੋਗ ਕਈ ਤਰੀਕਿਆਂ ਨਾਲ ਅੱਜ ਦੀ ਨੌਜਵਾਨ ਪੀੜੀ ਨੂੰ ਤਮਾਕੂ ਉਤਪਾਦਾਂ ਵੱਲ ਆਕਰਸ਼ਿਤ ਕਰਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਤਮਾਕੂ ਉਦਯੋਗ ਵੱਖ-ਵੱਖ ਯੋਜਨਾਵਾਂ ਉਲੀਕ ਕੇ ਨੌਜਵਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਵਿੱਚ ਨੌਜਵਾਨਾਂ ਲਈ ਵੱਖ-ਵੱਖ ਤਰ੍ਹਾਂ ਦੇ ਸਵਾਦ ਵਾਲੇ ਉਤਪਾਦ, ਆਕਰਸ਼ਕ ਉਤਪਾਦ ਡਿਜਾਇਨ, ਪ੍ਰਸਿੱਧ ਨਾਮਵਰ ਹਸਤੀਆਂ ਤੋਂ ਆਪਣੇ ਉਤਪਾਦਾਂ ਦਾ ਇਸ਼ਤਿਹਾਰ ਦਵਾਉਣਾ ਆਦਿ ਸ਼ਾਮਲ ਹੈ।

ਸਾਲ 2020 ਵਿਸ਼ਵ ਤਮਾਕੂ ਵਿਰੋਧੀ ਦਿਵਸ ਦਾ ਥੀਮ "ਨੌਜਵਾਨਾਂ ਨੂੰ ਉਦਯੋਗ ਦੀ ਜੋੜ-ਤੋੜ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਤਮਾਕੂ ਅਤੇ ਨਿਕੋਟੀਨ ਦੇ ਉਪਯੋਗ ਤੋਂ ਰੋਕਣਾ" ਹੈ। ਤਮਾਕੂ ਦੇ ਪ੍ਰਯੋਗ ਤੋਂ ਰੋਕਣ ਲਈ ਵਿਅਕਤੀਗਤ ਤੌਰ ’ਤੇ ਮਨੁੱਖਾਂ ਅਤੇ ਸਰਕਾਰ ਦਾ ਸਾਂਝਾ ਉਪਰਾਲਾ ਹੋਣਾ ਚਾਹੀਦਾ ਹੈ। ਵਿਅਕਤੀਗਤ ਤੌਰ ’ਤੇ ਆਪਣੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਖੁਦ ਪੜਚੋਲ ਕਰੇ ਕਿ ਉਹ ਰੋਜ਼ ਕਿੰਨੀਆਂ ਸਿਗਰੇਟ ਪੀਂਦਾ ਹੈ। ਇਕ ਵਾਰ ਜਦੋਂ ਉਹ ਆਪ ਕੋਸ਼ਿਸ਼ ਕਰੇਗਾ ਕਿ ਉਸ ਨੂੰ ਇਸ ਤੋਂ ਛੁਟਕਾਰਾ ਪਾਉਣਾ ਹੈ ਤਾਂ ਇਹ ਨਸ਼ਾ ਛੁਡਾਉ ਕੇਂਦਰ ਜਾਂ ਮਨੋਵਿਗਿਆਨਕ ਦੀ ਮਦਦ ਨਾਲ ਹੀ ਸੰਭਵ ਹੋ ਸਕਦਾ ਹੈ। ਸਰਕਾਰ ਦਾ ਫਰਜ਼ ਹੈ ਕਿ ਉਹ ਨੌਜਵਾਨ ਵਿਅਕਤੀਆਂ ਨੂੰ ਇਸ ਦੇ ਪ੍ਰਯੋਗ ਦੇ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰੇ।

ਇਸ ਦੇ ਲਈ ਕਈ ਪ੍ਰੋਗਰਾਮ, ਗਤੀਵਿਧੀਆਂ ਅਤੇ  ਅਭਿਆਨ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ। ਭਾਵੇਂ ਸ਼ੁਰੂ ਵਿਚ ਇਹ ਨਸ਼ਾ ਖੁਸ਼ੀ ਦੇ ਸਕਦਾ ਹੈ ਜਾਂ ਮਨੁੱਖ ਊਰਜਾਵਾਨ ਮਹਿਸੂਸ ਕਰਦਾ ਹੈ ਪਰ ਜਦੋਂ ਇਸ ਦੀ ਆਦਤ ਪੈ ਜਾਂਦੀ ਹੈ ਤਾਂ ਇਹ ਉਸ ਨੂੰ ਜਕੜ ਲੈਂਦਾ ਹੈਂ ਅਤੇ ਫਿਰ ਇਸ ਦੇ ਪ੍ਰਭਾਵ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਤਮਾਕੂ ਦਾ ਸੇਵਨ ਦੋ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਪਹਿਲਾਂ ਇਸ ਨੂੰ ਚਬਾ ਕੇ ਅਤੇ ਦੂਸਰਾ ਸਿਗਰਟ, ਬੀੜੀ ਦੇ ਤੌਰ ’ਤੇ। ਸਿਗਰਟ ਦਾ ਧੂੰਆਂ ਸਿਰਫ ਸਿਗਰਟ ਪੀਣ ਵਾਲੇ ਵਿਅਕਤੀ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਬਲਕਿ ਉਸ ਦੇ ਆਲੇ-ਦੁਆਲੇ ਬੈਠੇ ਲੋਕਾਂ ਦੀ ਸਿਹਤ ’ਤੇ ਬੁਰਾ ਅਸਰ ਪਾਉਂਦਾ ਹੈ।

ਸਰਕਾਰ ਨੂੰ ਤਮਾਕੂ ਉਤਪਾਦ ਦੇ ਪ੍ਰਚਾਰ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਦਯੋਗਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਮਨੁੱਖੀ ਜੀਵਨ ਬਹੁਤ ਅਨਮੋਲ ਹੈ। ਇਸ ਨੂੰ ਗਲਤ ਆਦਤਾਂ ਵੱਸ ਗੁਆਉਣਾ ਨਿਰੀ ਮੂਰਖਤਾ ਹੈ। ਆਓ ਅਸੀਂ ਸਾਰੇ ਮਿਲ ਕੇ ਇਹ ਪ੍ਰਣ ਲਈਏ ਕਿ ਅਸੀਂ ਖ਼ੁਦ ਇਸ ਤਮਾਕੂ ਰੂਪੀ ਜ਼ਹਿਰ ਦਾ ਸੇਵਨ ਨਹੀਂ ਕਰਾਂਗੇ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਦੇ ਜੰਜਾਲ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਨਾਲ ਸਿਰਫ ਮਨੁੱਖੀ ਜੀਵਨ ਨਹੀਂ ਬਲਕਿ ਵਾਤਾਵਰਣ ਦੀ ਸਾਂਭ-ਸੰਭਾਲ ਹੋਵੇਗੀ, ਕਿਉਂਕਿ ਸਿਗਰੇਟ ਬੀੜੀ ਦਾ ਧੂੰਆਂ ਵਾਤਾਵਰਣ ਨੂੰ ਬਹੁਤ ਪ੍ਰਦੂਸ਼ਿਤ ਕਰਦਾ ਹੈ। ਆਓ ਸਾਰੇ ਮਿਲ ਕੇ ਅੱਜ ਵਿਸ਼ਵ ਤਮਾਕੂ ਵਿਰੋਧੀ ਦਿਵਸ ਦੇ ਮੌਕੇ ’ਤੇ ਇਕ ਸੁੰਦਰ ਤੇ ਸਿਹਤਮੰਦ ਸੰਸਾਰ ਦੀ ਕਲਪਨਾ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਵਧਾਈਏ।

PunjabKesari

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ
ਸ਼ਹੀਦ ਭਗਤ ਸਿੰਘ ਨਗਰ।
9914459033ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur