ਵਿਸ਼ਵ ਭੋਜਨ ਸੁਰੱਖਿਆ ਦਿਹਾੜੇ ’ਤੇ ਵਿਸ਼ੇਸ਼ : ‘ਜਾਣੋ ਕੁੱਝ ਰੌਚਕ ਤੱਥ’

Sunday, Jun 07, 2020 - 10:32 AM (IST)

ਭੋਜਨ ਸੁਰੱਖਿਆ ਦਿਵਸ ਕੀ ਹੈ?
ਵਿਸ਼ਵ ਦੀ ਸਿਹਤ ਸੰਬੰਧੀ ਸਭ ਤੋਂ ਵੱਡੀ ਸਵੈਂ-ਸੇਵੀ ਸੰਸਥਾ, ਵਿਸ਼ਵ ਸਿਹਤ ਸੰਗਠਨ (WHO) (world health organisation) ਨੇ 7 ਜੂਨ 2019 ਨੂੰ ਭੋਜਨ ਕਾਰਨ ਹੋਣ ਵਾਲੀਆਂ ਬੀਮਾਰੀਆਂ ਅਤੇ ਮੌਤਾਂ ਨੂੰ ਵੇਖਦਿਆਂ, “ਭੋਜਨ ਦਾ ਸੁਰੱਖਿਅਤ ਭਵਿੱਖ”ਨਾਹਰੇ ਹੇਠਾਂ ਅਦੀਸਆਬਾਬਾ ਵਿੱਚ ਕੀਤੀ ਕਾਨਫਰੰਸ ਰਾਹੀਂ ( WFSD)( world food safty day ) ਵਿਸ਼ਵ ਭੋਜਨ ਸੁਰੱਖਿਆ ਦਿਵਸ ਦੀ ਸ਼ੁਰੂਆਤ ਕੀਤੀ। ਜਿਸਨੂੰ ਕਿ ਹਰ ਸਾਲ ਇਸੇ ਦਿਨ ਮਨਾਉਣਾ ਤਹਿ ਕੀਤਾ ਗਿਆ। ਇਸ ਮੀਟਿੰਗ ਦਾ ਫੋਕਸ ਭੋਜਨ ਤੋਂ ਸਿਹਤ ਸੰਬੰਧੀ ਖ਼ਤਰਿਆਂ, ਤੰਦਰੁਸਤੀ, ਆਰਥਿਕਤਾ, ਖ਼ੇਤੀਬਾੜੀ, ਖ਼ਾਧ ਪਦਾਰਥਾਂ ਦੀ ਮਾਰਕੀਟ ਤੱਕ ਦੀ ਪਹੁੰਚ ਅਤੇ ਸੈਰ ਸਪਾਟਾ ਵੱਲ ਸੀ। ਇਸ ਕਾਨਫ਼ਰੰਸ ਵਿੱਚ ਸਭ ਤੋਂ ਜ਼ਿਆਦਾ ਭੋਜਨ ਦੇ ਦੂਸ਼ਿਤ ਹੋਣ ਅਤੇ ਖ਼ਾਣ ਵਾਲਿਆਂ ਦੀ ਸਿਹਤ ’ਤੇ ਮਾੜਾ ਅਸਰ ਪਾਉਣ ਅਤੇ ਉਸ ਦੀ ਰੋਕਥਾਮ ’ਤੇ ਜ਼ੋਰ ਦਿੱਤਾ ਗਿਆ। ਉਪਰੋਕਤ ਵਿਚਾਰ ਵਟਾਂਦਰੇ ਦੌਰਾਨ ਭੋਜਨ ਦੇ ਦੂਸ਼ਿਤ ਹੋਣ ਸੰਬੰਧੀ ਕੁੱਝ ਮਹੱਤਵਪੂਰਨ ਤੱਥ ਸਾਹਮਣੇ ਆਏ, ਜੋ ਖ਼ੇਤੀਬਾੜੀ ਤੋਂ ਸ਼ੁਰੂ ਹੋ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲੱਗਿਆਂ, ਵਿਕਰੇਤਾ ਤੋਂ ਸਟੋਰ ਕਰਨ ਵੇਲੇ ਬਣਾਉਣ ਅਤੇ ਪਕਾਉਣ ਦੀ ਪ੍ਰਕਿਰਿਆ ਵੇਲੇ ਤੋਂ ਹੁੰਦਿਆਂ ਹੋਇਆਂ ਅੰਤ ਖ਼ਪਤਕਾਰ ਤੱਕ ਨਾਲ ਸੰਬੰਧਿਤ ਸਨ। 

ਇਸ ਦਿਨ ਦੇ ਮਨਾਉਣ ਦਾ ਮਨੋਰਥ ਸੀ “ਭੋਜਨ ਸੁਰੱਖਿਆ ਹਰਇੱਕ ਦਾ ਕਾਰੋਬਾਰ”। ਇਸ ਸੰਸਥਾ ਨੇ 2020 ਵਿੱਚ ਕੋਰੋਨਾ ਮਹਾਮਾਰੀ ਦੇ ਸੰਬੰਧ ਵਿੱਚ ਇੱਕ ਮੁਹਿੰਮ ਚਲਾਈ ਹੈ,”ਵਿਸ਼ਵ ਵਿੱਚੋਂ ਕੋਵਿਡ-19 ਸਮੇਂ ਲੋੜਵੰਦਾਂ ਨੂੰ ਸਭ ਤੋਂ ਸੁਰੱਖਿਅਤ ਭੋਜਨ ਛਕਾਉਣ ਵਾਲੇ ਨਾਇਕ”। ਇਸ ਮੁਹਿੰਮ ਦੇ ਜੇਤੂ ਨੂੰ” ਵਿਸ਼ਵ ਦੇ ਕੋਵਿਡ-19, ਲੋੜਵੰਦਾਂ ਨੂੰ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਵਾਲੇ ਨਾਇਕ” ਦਾ ਖਿਤਾਬ ਦਿੱਤਾ ਜਾਵੇਗਾ। (Who) ਮੁਤਾਬਕ ਭੋਜਨ ਸੁਰੱਖਿਆ ਦੀ ਜ਼ਿੰਮੇਵਾਰੀ, ਭੋਜਨ ਪਦਾਰਥ ਪੈਦਾ ਕਰਨ ਵਾਲੇ , ਸਰਕਾਰਾਂ ਤੇ ਖ਼ਪਤਕਾਰ, ਤਿੰਨਾਂ ਦੀ ਹੈ। ਇਸ ਸੰਸਥਾ ਦਾ ਇਹ ਸਾਰੇ ਕੰਮ ਕਰਨ ਦਾ ਮਕਸਦ ਉਨ੍ਹਾਂ ਬੀਮਾਰੀਆਂ ਨੂੰ ਘਟਾਉਣਾ ਵੀ ਹੈ, ਜੋ ਭੋਜਨ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੀਆਂ ਹਨ। ਇਹ ਤਾਂ ਸੀ ਵਿਸ਼ਵ ਭੋਜਨ ਸੁਰੱਖਿਆ ਦਿਵਸ ਕਿਉਂ ਮਨਾਇਆ ਜਾਂਦਾ ਹੈ। ਹੁਣ ਆਪਾਂ ਆਪਣੇ ਰੋਜ਼ਾਨਾ ਜੀਵਨ ਵਿੱਚ ਭੋਜਨ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਅਤੇ ਵਿਸਥਾਰ ਨਾਲ ਚਰਚਾ ਕਰਾਂਗੇ, ਤਾਂ ਜੋ ਇਸ ਦਿਹਾੜੇ ਦੇ ਮਨਾਉਣ ਦਾ ਮੰਤਵ ਪੂਰਾ ਹੋ ਸਕੇ। 

ਭੋਜਨ ਕੀ ਹੈ?
ਇਸ ਸਵਾਲ ਦਾ ਜਵਾਬ ਵੇਖਣ ਨੂੰ ਬੜਾ ਸਾਧਾ ਜਿਹਾ ਲੱਗਦਾ ਹੈ ਅਤੇ ਸਿੱਧੇ ਤੌਰ ’ਤੇ ਵੇਖਿਆ ਜਾਵੇ ਤਾਂ ਉੱਤਰ ਵੀ ਸਿੱਧਾ ਸਾਦਾ ਅਤੇ ਸਰਲ ਜਿਹਾ ਹੀ ਹੈ। ਉਹ ਖ਼ਾਧ ਪਦਾਰਥ, ਜੋ ਅਸੀਂ ਆਪਣੀ ਭੁੱਖ ਨੂੰ ਸ਼ਾਂਤ ਕਰਨ ਲਈ ਖਾਂਦੇ ਹਾਂ, ਭੋਜਨ ਅਖਵਾਉਂਦਾ ਹੈ ਪਰ ਇਹ ਜਵਾਬ ਅਧੂਰਾ ਹੈ, ਕਿਉਂਕਿ ਭੁੱਖ ਸ਼ਾਂਤ ਕਰਨ ਲਈ ਘਾਹ, ਪੱਤੇ, ਮਿੱਟੀ ਜਾਂ ਜ਼ਹਿਰੀਲੀ ਵਸਤੂ ਨਹੀਂ ਖਾ ਸਕਦੇ। ਇਸਦੇ ਨਾਲ-ਨਾਲ ਹੀ ਖ਼ਰਾਬ ਭੋਜਨ ਪਦਾਰਥ ਵੀ ਨਹੀਂ ਲਏ ਜਾ ਸਕਦੇ, ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦੇ ਹਨ। ਸੋ ਇਸ ਕਰਕੇ ਉਹ ਭੋਜਨ ਪਦਾਰਥ ਜੋ, ਭੁੱਖ਼ ਤਾਂ ਮਿਟਾਉਣ ਹੀ ਨਾਲ ਦੀ ਨਾਲ ਸਿਹਤ ਨੂੰ ਤੰਦਰੁਸਤ ਰੱਖਣ, ਵਧਾਉਣ ਫੁਲਾਉਣ, ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਪੈਦਾ ਕਰਨ, ਅਜਿਹੀਆਂ ਖਾਣ-ਪੀਣ ਵਾਲੀਆਂ ਵਸਤਾਂ ਹੀ ਅਸਲ ਵਿੱਚ ਭੋਜਨ ਅਖਵਾਉਂਦੀਆਂ ਹਨ। ਇਨ੍ਹਾਂ ਨੂੰ ਮੁੱਖ ਤੌਰ ’ਤੇ ਚਾਰ ਸਮੂਹਾਂ ਵਿੱਚ ਵੰਡਿਆ ਜਾਂਦਾ ਹੈ। ਕਾਰਬੋਹਾਈਡਰੇਟਸ, ਚਿਕਨਾਈ (fat), ਪ੍ਰੋਟੀਨ ਤੇ ਖਣਿਜ ਪਦਾਰਥ। ਕਾਰਬੋਹਾਈਡਰੇਟਸ ਸਰੀਰ ਨੂੰ ਤਾਕਤ ਦਿੰਦਾ ਹੈ। ਆਲੂ, ਚਾਵਲ, ਸ਼ਕਰਕੰਦੀ, ਕੇਲਾ, ਰਾਜਮਾਂਹ, ਸਫੇਦ ਚਨੇ, ਅੰਗੂਰ, ਖ਼ਜੂਰ, ਤਰਬੂਜ਼, ਆਦਿ ਇਸਦੇ ਸ੍ਰੋਤ ਹਨ। ਇਨ੍ਹਾਂ ਚੀਜ਼ਾਂ ਦੀ ਬਹੁਤਾਤ ਵਿੱਚ ਵਰਤੋਂ ਸਰੀਰਕ ਮੋਟਾਪੇ ’ਤੇ ਬਹੁਤ ਸਾਰੀਆਂ ਬੀਮਾਰੀਆਂ ਦਾ ਕਾਰਨ ਬਣਦੀ ਹੈ। ਚਿਕਨਾਈ ਜਾਂ ਫੈਟ, ਘੀ, ਮੱਖਣ, ਮੀਟ ਦੇ ਇੱਕ ਖ਼ਾਸ ਹਿੱਸੇ, ਮੱਛੀ ਅਤੇ ਵੱਖ-ਵੱਖ ਤੇਲਾਂ ਵਿੱਚੋਂ ਪ੍ਰਾਪਤ ਹੁੰਦੀ ਹੈ । ਇਸਦੀ ਵੀ ਜ਼ਿਆਦਾ ਵਰਤੋਂ ਮੋਟਾਪੇ ਦੇ ਨਾਲ-ਨਾਲ ਕਈ ਦਿਲ ਦੀਆਂ ਖ਼ਤਰਨਾਕ ਬੀਮਾਰੀਆਂ ਨੂੰ ਜਨਮ ਦਿੰਦੀ ਹੈ। 

ਤੀਸਰੇ ਦਰਜੇ ’ਤੇ ਪ੍ਰੋਟੀਨ ਆਉਂਦੀ ਹੈ। ਇਹ ਦੁੱਧ, ਦਹੀਂ, ਕਾਲੇ ਚਨੇ, ਪਨੀਰ, ਮੀਟ, ਮੱਛੀ ਤੇ ਦਾਲਾਂ ਵਿੱਚੋਂ ਆਮ ਤੌਰ ’ਤੇ ਮਿਲਦੀ ਹੈ। ਇਹ ਸਰੀਰਕ ਵਿਕਾਸ, ਸੈਲਾਂ ਦੀ ਟੁੱਟ ਭੱਜ ਦੀ ਮੁਰੰਮਤ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ। ਇਸਤੋਂ ਅੱਗੇ ਖ਼ਣਿਜ ਪਦਾਰਥ ਆਉਂਦੇ ਹਨ, ਜੋ ਕਿ ਸਰੀਰ ਵਿਚਲੀਆਂ ਬੇਹੱਦ ਬਰੀਕ ਤੇ ਸੰਵੇਦਨਸ਼ੀਲ ਪ੍ਰਕਿਰਿਆਵਾਂ ਦਾ ਕੰਮ ਕਰਦੇ ਹਨ। ਇਹ ਹਰੀਆਂ ਸਬਜ਼ੀਆਂ ਅਤੇ ਫਲਾਂ ਵਿੱਚ ਪਾਏ ਜਾਂਦੇ ਹਨ। ਸੋ ਹੁਣ ਸਵਾਲ ਹੈ ਇਨ੍ਹਾਂ ਭੋਜਨ ਪਦਾਰਥਾਂ ਦੇ ਸਿਹਤ ਲਈ ਅਸੁਰੱਖਿਅਤ ਹੋਣ ਅਤੇ ਉਸਦੀ ਰੋਕਥਾਮ ਕਿਵੇਂ ਕੀਤੀ ਜਾਵੇ

ਭੋਜਨ ਅਸੁਰੱਖਿਅਤਾ ਤੋਂ ਕੀ ਭਾਵ ਹੈ?
ਉਹ ਭੋਜਨ ਜੋ ਖ਼ਾਣ ਤੋਂ ਬਾਅਦ ਸਰੀਰਕ ਵਿਕਾਰ ਪੈਦਾ ਕਰੇ, ਭਾਵ ਰੋਗ ਉਤਪੰਨ ਕਰੇ, ਉਸਨੂੰ ਅਸੁਰੱਖਿਅਤ ਭੋਜਨ ਕਹਾਉਂਦਾ ਹੈ। ਅਜਿਹਾ ਖ਼ਾਣਾ ਤੰਦਰੁਸਤੀ ਲਈ ਖ਼ਤਰਨਾਕ ਹੋਣ ਦੇ ਨਾਲ-ਨਾਲ ਆਪਣੇ ਉਸਾਰੂ ਗੁਣਾਂ ਵਿੱਚ ਵੀ ਊਣਾ ਹੁੰਦਾ ਹੈ। ਅਜਿਹਾ ਭੋਜਨ ਇਸਤੇਮਾਲ ਕਰਨ ਨਾਲ ਹੋਣ ਵਾਲੀਆਂ ਕੁਝ ਅਲਾਮਤਾਂ ਇਸ ਤਰਾਂ ਹਨ:-

ਉੱਲਟੀਆਂ, ਦਸਤ, ਹੈਜ਼ਾ ਤੇ ਮਿਆਦੀ ਬੁਖਾਰ:-
ਇਹ ਰੋਗ ਬਾਸੀ ਜਾਂ ਦੂਸ਼ਿਤ ਖਾਣਾ ਖਾਣ ਨਾਲ ਪਣਪਦਾ ਹੈ। ਅਜਿਹੇ ਭੋਜਨ ਵਿੱਚ ਰੋਗਾਣੂ ਸਾਡੀ ਪਾਚਨ ਕਿਰਿਆ ਵਿੱਚ ਵਿਘਨ ਪਾ ਕੇ ਭੋਜਨ ਨੂੰ ਉਲਟੀਆਂ ਅਤੇ ਦਸਤ ਦੇ ਰੂਪ ਵਿੱਚ ਬਾਹਰ ਕੱਢ ਦਿੰਦੇ ਹਨ। ਇਸ ਨਾਲ ਸਰੀਰ ਨੂੰ ਲੋੜੀਂਦੇ ਤੱਤ ਤੇ ਪਾਣੀ ਨਾ ਮਿਲਣ ਕਾਰਣ (dehydration) ਹੋ ਜਾਂਦੀ, ਜਿਸ ਕਾਰਣ ਹਜ਼ਾਰਾਂ ਮੌਤਾਂ ਹੋ ਜਾਂਦੀਆਂ ਹਨ। ਹੈਜ਼ਾ, ਪੇਚਿਸ, ਮਿਆਦੀ ਬੁਖ਼ਾਰ ਕੁੱਝ ਅਜਿਹੇ ਰੋਗ ਹਨ, ਜੋ ਦੂਸ਼ਿਤ ਭੋਜਨ ਕਾਰਣ ਪੈਦਾ ਹੁੰਦੇ ਹਨ। ਇਸਤੋਂ ਇਲਾਵਾ ਕੁੱਝ ਗੰਭੀਰ ਰੋਗ ਵੀ ਹਨ, ਜਿਨ੍ਹਾਂ ਦਾ ਕਿਸੇ ਸਟੇਜ ’ਤੇ ਪਹੁੰਚ ਕੇ ਕੋਈ ਇਲਾਜ ਨਹੀਂ ਰਹਿ ਜਾਂਦਾ। ਜਿਸ ਤਰਾਂ ਹੈਪੇਟਾਈਟਸ ਦੀਆਂ ਬਹੁਤ ਸਾਰੀਆਂ ਕਿਸਮਾਂ ਅਤੇ ਪੱਤ ਗੋਭੀ ਵਿਚੋਂ ਟੀਨੀਆ ਸੋਲੀਅਮ ਨਾਂ ਦੇ ਰੋਗਾਣੂ ਦਾ ਦਿਮਾਗ ਦੀ ਪਰਤ ਵਿੱਚ ਬੈਠ ਜਾਣਾ, ਮਰੀਜ਼ ਨੂੰ ਭਿਆਨਕ ਦੌਰਿਆਂ ਦਾ ਪੈਣਾ ਆਦਿ ਬਹੁਤ ਸਾਰੇ ਰੋਗ ਹਨ, ਜੋ ਭੋਜਨ ਸੰਬੰਧੀ ਕੀਤੀ ਕੋਤਾਹੀ ਕਾਰਣ ਪੈਦਾ ਹੁੰਦੇ ਹਨ।   

ਭੋਜਨ ਸੁਰੱਖਿਆ ਕਿਸਨੂੰ ਕਹਾਂਗੇ:-
ਇਥੇ ਅਸੀਂ ਭੋਜਨ ਪਦਾਰਥਾਂ ਦੀ ਚੋਰੀ ਹੋਣ ਦੀ ਗੱਲ ਨਹੀਂ ਕਰ ਰਹੇ, ਸਗੋ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਖਾਣੇ ਵਿਚਲੀਆਂ ਵਸਤਾਂ ਸਿਹਤ ਲਈ ਰੋਗਾਣੂ ਰਹਿਤ ਅਤੇ ਪਾਚਨ ਤੰਤਰ ਦੇ ਅਨੁਰੂਪ ਹੋਣੀਆਂ ਚਾਹੀਦੀਆਂ ਹਨ, ਇਸਨੂੰ ਸੁਰੱਖਿਅਤ ਭੋਜਨ ਕਹਾਂਗੇ। ਇਸਨੂੰ ਸੁਰੱਖਿਅਤ ਰੱਖਣ ਦੇ ਤਰੀਕਿਆਂ ਵੱਲ ਜਾਣ ਤੋਂ ਪਹਿਲਾਂ ਸੰਖੇਪ ਵਿੱਚ ਇਸਦੇ ਸਿਹਤ ਲਈ ਅਯੋਗ ਬਨਣ ਦੇ ਕਾਰਨਾਂ ’ਤੇ ਝਾਤ ਮਾਰਦੇ ਹਾਂ:-

. ਖ਼ੇਤੀਬਾੜੀ ਸਮੇਂ ਅੱਜਕਲ ਦੇਸੀ ਖਾਦਾਂ ਦੀ ਥਾਂ (ਜਿਵੇਂ ਪਿਛਲੇ ਕੁਝ ਦਹਾਕਿਆਂ ਤੱਕ ਹੁੰਦਾ ਰਿਹਾ) ਅੰਗਰੇਜ਼ੀ ਖ਼ਾਦਾਂ (fertilizer) ਲੋੜ ਤੋਂ ਕਿਤੇ ਵੱਧ, ਇਨ੍ਹਾਂ ਦੇ ਨਾਲ-ਨਾਲ ਸਪਰੇਹਾਂ (pesticides) ਤੇ ਇਸੇ ਰੂਪ ਵਿੱਚ ਫ਼ਰਟੇਲਾਇਜਰ, ਫ਼ਸਲ ਦਾ ਵੱਧ ਝਾੜ ਲੈਣ ਲਈ ਧੜੱਲੇ ਨਾਲ ਇਸਤੇਮਾਲ ਕੀਤੇ ਜਾ ਰਹੇ ਹਨ। ਇਹ ਰਾਸਾਇਣਕ ਪਦਾਰਥ ਸਿਹਤ ਲਈ ਅਤਿਅੰਤ ਹੀ ਮਾਰੂ ਹਨ ਜਾਂ ਇਓਂ ਕਹਿ ਲਵੋ, ਜ਼ਹਿਰ ਸਮਾਨ ਹਨ।
. ਇਸ ਤੋਂ ਬਾਅਦ ਜਦੋਂ ਫ਼ਸਲ, ਸਬਜ਼ੀਆਂ ਅਤੇ ਫਲ ਮੰਡੀ, ਵਿਕਰੇਤਾ ਤੇ ਫਿਰ ਖ਼ਪਤਕਾਰ ਤੱਕ ਪੁੱਜਦਾ ਹੈ। ਰਸਤੇ ਵਿਚ ਕਈ ਤਰਾਂ ਦੀ ਗੰਦਗੀ ਅਤੇ ਜਾਣਬੁੱਝ ਕੇ ਮਿਲਾਵਟ ਕੀਤੀ ਜਾਂਦੀ ।
. ਇਸ ਤੋਂ ਬਾਅਦ ਉਤਪਾਦ ਦੀ ਸਟੋਰੇਜ ਤੇ ਸਾਂਭ-ਸੰਭਾਲ ਦੀ ਗੱਲ ਆਉਂਦੀ ਹੈ। ਹਰ ਸਾਲ ਖਬਰਾਂ ਵਿੱਚ ਸੁਨਣ ਨੂੰ ਮਿਲਦਾ ਹੈ ਕਿ ਸਰਕਾਰੀ ਗੋਦਾਮਾਂ ਦਾ ਹਜ਼ਾਰਾਂ ਟਨ ਕਣਕ ਜਾਂ ਝੋਨਾ ਬਰਸਾਤ ਵਿੱਚ ਭਿੱਜ ਗਿਆ ਤੇ ਉੱਲੀ ਲੱਗ ਗਈ। ਹੁਣ ਇਸੇ ਵਿੱਚੋਂ ਮਾੜਾ ਮੋਟਾ ਠੀਕ ਅਨਾਜ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਹੈ। ਜਿਹੜਾ ਕਿ ਮਿਆਰੀ ਤੌਰ ’ਤੇ ਖ਼ਾਣਯੋਗ ਨਹੀਂ ਹੁੰਦਾ।
. ਹੁਣ ਵਿਕਰੇਤਾ ’ਤੇ ਨਿਰਭਰ ਹੁੰਦਾ ਹੈ ਕਿ ਵਸਤੂ ਨੂੰ ਬਾਸੀ, ਗੰਦੀ ਜਾਂ ਸਹੀ ਤਾਪਮਾਨ ਵਿਚ ਰੱਖਦਾ ਹੈ ਜਾਂ ਨਹੀਂ।
. ਇਸ ਤੋਂ ਬਾਅਦ ਭੋਜਨ ਪਦਾਰਥ ਫੈਕਟਰੀ, ਹੋਟਲ, ਰੈਸਟੋਰੈਂਟ, ਘਰਾਂ ਦੀ ਰਸੋਈ ਤੇ ਰਸੋਈਏ ਤੋਂ ਹੁੰਦਾ ਹੋਇਆ ਖ਼ਾਣ ਵਾਲੇ ਤੱਕ ਪਹੁੰਚਦਾ ਹੈ। ਇਥੇ ਕਿਸੇ ਵੀ ਥਾਂ ’ਤੇ ਗੰਦਗੀ ਦਾ ਸ਼ਿਕਾਰ ਹੋ ਸਕਦਾ ਹੈ। ਜਿਸ ਵਿੱਚ ਮਸ਼ੀਨਾਂ, ਸਥਾਨ ਬਰਤਨ, ਰਸੋਈਏ ਦੇ ਹੱਥ, ਕੱਪੜੇ, ਗਾਹਕ ਦੇ ਗੋਲੇ ਗੰਦੇ ਹੱਥ ਖਾਣੇ ਦੇ ਦੂਸ਼ਿਤ ਹੋਣ ਦਾ ਕਾਰਣ ਬਣ ਸਕਦੇ ਹਨ। 

ਖ਼ਾਧ ਪਦਾਰਥਾਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ?
. ਭੋਜਨ ਪਦਾਰਥ ਖ਼ੇਤ ਤੋਂ ਸ਼ੁਰੂ ਹੋ ਕੇ ਖਪਤਕਾਰ ਤੱਕ ਕਿਸਾਨਾਂ ਦੁਆਰਾ ਫਰਟੈਲਾਈਜਰ ਤੇ ਪੈਸਟਿਸਾਈਟਜ ਦੀ ਵਰਤੋਂ ਤੇ ਸੀਮਾ ਨਿਰਧਾਰਤ ਕਰਕੇ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਲੱਗਿਆਂ ਸਫਾਈ ਦਾ ਧਿਆਨ ਰੱਖਕੇ, ਸਟੋਰ ਕਰਨ ਸਮੇਂ ਸਫਾਈ, ਤਾਪਮਾਨ, ਸਲਾਭ, ਕੀੜੇ ਮਕੌੜਿਆਂ ਤੇ ਚੂਹਿਆਂ ਆਦਿ ਦਾ ਖ਼ਿਆਲ ਰੱਖਕੇ, ਸੁਰੱਖਿਅਤ ਰੱਖਿਆ ਜਾ ਸਕਦਾ ਹੈ।
. ਇਸ ਤੋਂ ਬਾਅਦ ਭੋਜਨ ਪਦਾਰਥ ਫੈਕਟਰੀਆਂ ਵਿੱਚ ਪ੍ਰੋਸੈਸਿੰਗ ਵੇਲੇ ਮਿਲਾਵਟ, ਸਥਾਨ ’ਤੇ ਬਰਤਨਾਂ ਦੀ ਸਫਾਈ, ਕਾਮਿਆਂ ਦੀ ਆਪਣੀ ਸਰੀਰਕ ਸਫ਼ਾਈ, (ਦਸਤਾਨੇ, ਗਾਊਨ ਤੇ ਟੋਪੀਆਂ ਦੀ ਵਰਤੋਂ ਨਾਲ) ਮਸ਼ੀਨਾਂ ਦੀ ਸਫਾਈ ਤੇ ਲੋੜੀਂਦੇ ਤਾਪਮਾਨ ਦਾ ਧਿਆਨ ਰੱਖਕੇ ਖਾਣ ਯੋਗ ਰੱਖਿਆ ਜਾ ਸਕਦਾ ਹੈ।
. ਹੁਣ ਖਾਣੇ ਦੇ ਪਕਾਉਣ, ਪਰੋਸਣ ਤੇ ਖਾਣ ਦੀ ਵਾਰੀ ਆਉਂਦੀ ਹੈ। ਇਨਾਂ ਤਿੰਨਾਂ ਥਾਵਾਂ ’ਤੇ ਹੱਥ ਧੋਣ ਦੀ ਬੜੀ ਲੋੜ ਹੁੰਦੀ ਹੈ, ਨਹੀਂ ਤਾਂ ਹੱਥਾਂ ਨਾਲ ਲੱਗੇ ਸ਼ਰਮ ਖ਼ਾਣ ਸਮੇਤ ਖਾਣ ਵਾਲੇ ਦੇ ਪੇਟ ਵਿੱਚ ਜਾ ਸਕਦੇ ਹਨ। ਰਸੋਈਏ ਤੇ ਬਹਿਰੇ ਨੂੰ ਹੱਥਾਂ ਦੀ ਸਫ਼ਾਈ ਦੇ ਨਾਲ-ਨਾਲ, ਦਸਤਾਨੇ, ਕੋਠੀ ਤੇ ਗਾਊਨ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ।
. ਘਰ ਵਿੱਚ ਵੀ ਖ਼ਾਣਾ ਤਿਆਰ ਕਰਨ ਲੱਗਿਆਂ ਸਵੱਛਤਾ ਦਾ ਪੂਰਾ ਧਿਆਨ ਰੱਖਣ ਦੇ ਨਾਲ-ਨਾਲ ਜ਼ਿਆਦਾ ਜਾਂ ਘੱਟ ਪੱਕਿਆ ਹੋਇਆ ਭੋਜਨ ਨਹੀਂ ਹੋਣਾ ਚਾਹੀਦਾ। ਹਮੇਸ਼ਾ ਸਾਦਾ ਤੇ ਤਾਜ਼ਾ ਭੋਜਨ ਖ਼ਾਣਾ ਚਾਹੀਦਾ ਹੈ। ਅਜਿਹਾ ਕਰਕੇ ਹੀ ਅਸੀਂ ਅਸਲ ਵਿੱਚ ਵਿਸ਼ਵ ਸੁਰੱਖਿਅਤ ਭੋਜਨ ਦਿਵਸ ਮਨਾਉਣ ਦੇ ਹੱਕਦਾਰ ਹੋ ਸਕਦੇ ਹਾਂ।


rajwinder kaur

Content Editor

Related News