ਧੀਆਂ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਮੇਰਾ ਕੀ ਕਸੂਰ’

06/23/2020 3:58:47 PM

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਸੰਪਰਕ ÷ 9855069972

ਆਪਣੀ ਗੋਦੀ ਵਿੱਚ ਚਾਰ ਕੁ ਮਹੀਨਿਆਂ ਦੀ ਬੇਟੀ ਨੂੰ ਚੁੱਕੀ ਆਉਦੀਂ ਰਜਵੰਤ, ਕਦੇ ਤੁਰਦੀ ਤੇ ਕਦੇ ਬਹਿ ਜਾਂਦੀ। ਕਈ ਵਾਰੀ ਉਹ ਕੱਚੇ ਰਸਤੇ ਵਿੱਚ ਡਿੱਗਦੀ ਅਤੇ ਫਿਰ ਉੱਠ ਖਲੋਂਦੀ, ਅੱਜ ਉਸ ਤੋਂ ਤੁਰਿਆ ਵੀ ਨਹੀਂ ਜਾਂਦਾ ਸੀ। ਇੰਜ ਲੱਗਦਾ ਸੀ ਜਿਵੇਂ ਉਹਦੀਆਂ ਲੱਤਾਂ ਨੇ ਤੁਰਨ ਤੋਂ ਜਵਾਬ ਦੇ ਦਿੱਤਾ ਹੋਵੇ। ਕੰਨਾਂ ਵਿੱਚ ਸੱਸ ਦੇ ਕਹੇ ਹੋਏ ਤੀਰਾਂ ਤੋਂ ਵੀ ਤਿੱਖੇ ਬੋਲ ਗੂੰਜ ਰਹੇ ਸਨ... ਤੂੰ ਡਾਇਨ ਹੈਂ ਡਾਇਨ...

ਮੇਰੇ ਸੋਹਣੇ ਪੁੱਤ ਨੂੰ ਖਾ ਗਈ ਏਂ। ਜਾਹ ਚਲੀ ਜਾਹ, ਹੁਣ ਤੇਰਾ ਇੱਥੇ ਕੀ ਏ, ਮੁੜਕੇ ਇਸ ਘਰ ਵਿੱਚ ਪੈਰ ਨਾ ਪਾਵੀਂ, ਇੱਧਰ ਨੂੰ ਮੂੰਹ ਨਾ ਕਰੀਂ। ਆਹ ਜਿਹੜੀ ਜੰਮੀ ਆਂ, ਇਹਨੂੰ ਵੀ ਨਾਲ ਲੈ ਜਾਹ, ਬੱਸ ਹੁਣ ਤੇਰਾ ਸਾਡੇ ਨਾਲ ਰਿਸ਼ਤਾ ਖਤਮ...

ਸਾਡੀ ਵਲੋਂ ਭਾਵੇਂ ਕੋਈ ਹੋਰ ਖਸਮ ਕਰ ਲਈਂ, ਤਲਾਕ ਵਾਲੇ ਕਾਗਤ ਲੈ ਆਈਂ, ਮੈਂ ਗੂਠਾ ਲਾ ਦਿਆਗੀਂ ਘੜੀ-ਮੁੜੀ ਸੱਸ ਦੇ ਕਹੇ ਹੋਏ ਸਖਤ ਬੋਲ ਰਜਵੰਤ ਦੇ ਕੰਨ ਪਾੜੀ ਜਾ ਰਹੇ ਸਨ। ਰਜਵੰਤ ਦਾ ਮੂੰਹ ਸੁੱਕ-ਸੁੱਕ ਜਾ ਰਿਹਾ ਸੀ। ਕੱਪੜਿਆਂ ਦਾ ਭਰਿਆ ਹੋਇਆ ਬੈਗ ਮੋਢੇ ਤੋਂ ਤਿਲਕ ਤਿਲਕ ਪੈਂਦਾ ਸੀ, ਨਾ ਤੁਰਿਆ ਜਾ ਰਿਹਾ ਸੀ, ਨਾ ਬੈਗ ਚੁਕਿਆ ਜਾ ਰਿਹਾ ਸੀ। 

ਅੱਜ ਰਜਵੰਤ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ, ਜਦੋਂ ਦੀ ਵਿਆਹੀ ਸੀ, ਨਿੱਤ ਦਾ ਘਰੇ ਕਲੇਸ਼ ਪਿਆ ਰਹਿੰਦਾ ਸੀ। ਉਸਦਾ ਪਤੀ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਪਿਆ ਸੀ, ਸਾਰਾ ਦਿਨ ਘਰੇ ਰਹਿੰਦਾ, ਕੋਈ ਕੰਮ ਨਾ ਕਰਦਾ ,ਹੌਲੀ ਹੌਲੀ ਕਰਕੇ ਘਰ ਦੀਆਂ ਸਾਰੀਆਂ ਚੀਜਾਂ ਵੇਚ ਚੁੱਕਿਆ ਸੀ। 

ਸੱਸ-ਸਹੁਰਾ ਵੀ ਰਜਵੰਤ ਨੂੰ ਦੋਸ਼ੀ ਠਹਿਰਾਉਂਦੇ, ਕਿ ਤੂੰ ਇਹਨੂੰ ਕੰਮ ’ਤੇ ਜਾਣ ਲਈ ਨਹੀਂ ਕਹਿੰਦੀ ਪਰ ਰਜਵੰਤ ਬਥੇਰਾ ਉਸ ਨੂੰ ਸਮਝਾਉਂਦੀ, ਉਸ ’ਤੇ ਹਰ ਵੇਲੇ ਨਿਗ੍ਹਾਹ ਰੱਖਦੀ, ਰਜਵੰਤ ਦੀ ਮਾਂ ਤੇ ਬਾਪ ਬਥੇਰਿਆਂ ਵਾਰੀ ਸਮਝਾ ਕੇ ਗਏ ਸਨ ਪਰ ਉਹ ਸਭ ਦੇ ਸਮਝਾਇਆ ਵੀ ਨਾ ਸਮਝਿਆ, ਸਗੋਂ ਦਿਨੋ ਦਿਨ ਉਹਦਾ ਨਸ਼ਾ ਹੋਰ ਈ ਵਧਦਾ ਗਿਆ।

ਦਸ ਕੁ ਦਿਨ ਪਹਿਲਾਂ ਹੀਂ ਰਜਵੰਤ ਦਾ ਪਿਤਾ ਰਜਵੰਤ ਨੂੰ ਮਿਲਣ ਗਿਆ, ਸ਼ਾਮ ਨੂੰ ਵਾਪਿਸ ਆਉਣ ਲੱਗਿਆਂ ਕੁਝ ਪੈਸੇ ਰਜਵੰਤ ਦੀ ਤਲੀ ’ਤੇ ਧਰ ਕੇ ਕਹਿਣ ਲੱਗਾ, ਲੈ ਪੁੱਤ ਆਹ ਸਾਂਭ ਲੈ ਕੋਈ ਸੌਦਾ ਪੱਤਾ ਮੰਗਵਾ ਲਵੀਂ ਪਰ ਪ੍ਰਾਹੁਣੇ ਨੂੰ ਨਾ ਪਤਾ ਲੱਗਣ ਦੇਵੀਂ ,ਨਾਲੇ ਆਪਣਾ ਧਿਆਨ ਰੱਖੀਂ, ਚੰਗਾ ਮੈ ਹੁਣ ਚਲਦਾਂ ਆਂ ਘਰੇ ਵੀ ਬਥੇਰੇ ਕੰਮ ਨੇ। ਅਜੇ ਰਜਵੰਤ ਦਾ ਪਿਤਾ ਘਰੋਂ ਨਿਕਲ ਕੇ ਥੋੜ੍ਹੀ ਦੂਰ ਗਿਆ ਹੋਵੇਗਾ ਕਿ ਰਜਵੰਤ ਦੀ ਸੱਸ ਆ ਕੇ ਕਹਿਣ ਲੱਗੀ, ---ਨਾਂਅ---ਮੈਨੂੰ ਇੱਕ ਗੱਲ ਦੱਸ ? ਅੱਗੇ ਕਿੱਥੋਂ ਖਾਨੀ ਐਂ ? ਤੇਰਾ ਪਿਉ ਜੁ ਕਹਿੰਦਾ, ਅਖੇ ਪ੍ਰਾਹੁਣੇ ਨੂੰ ਨਾ ਪਤਾ ਲੱਗਣ ਦੇਵੀਂ ? ਕਿਹੜੀਆਂ ਤੈਨੂੰ ਰੈਣੀਆਂ ਘੜਾ ਕੇ ਦੇ ਕੇ ਗਿਆ ? ਲਿਆ ਮੈਨੂੰ ਵੀ ਵਿਖਾ ਮੈਂ ਵੀਂ ਵੇਖਾਂ ਜਿਹਨੂੰ ਸਾਂਭ ਕੇ ਰੱਖਣ ਲਈ ਕਹਿੰਦਾ ਸੀ, ਆਪਦੇ ਘਰੇ ਤਾਂ ਰੋਟੀ ਨਹੀਂ ਪੱਕਦੀ, ਤੇ ਤੈਨੂੰ ਕੀ ਦੇਣਾ ਭੁਖਿਆਂ ਨੰਗਿਆਂ ਨੇ। 

ਮੰਮੀ ਜੀ ਰੱਬ ਦਾ ਵਾਸਤਾ ਜੇ, ਮੈਨੂੰ ਭਾਵੇਂ ਜੋ ਮਰਜੀ ਕਹਿ ਲੋ ਪਰ ਮੇਰੇ ਮਾਂ ਪਿਉ ਨੂੰ ਕੁਝ ਨਾ ਕਹੋ। ਹੁਣ ਉਨ੍ਹਾਂ ਦੀ ਹੋਰ ਹੈਸੀਅਤ ਨਹੀਂ ਕਿ ਹੋਰ ਰੈਣੀਆਂ ਘੜਾ ਕੇ ਦੇ ਸਕਣ। ਜਿੰਨੇ ਜੋਗੇ ਹੈਗੇ ਸੀ ਪੂਰਾ ਜੋਰ ਲਾਇਆ ਉਨ੍ਹਾਂ ਨੇ, ਰਜਵੰਤ ਨੇ ਜਵਾਬ ਦਿੱਤਾ,
ਨੀ ਕੀ ਜੋਰ ਲਾਇਆ ਉਨ੍ਹਾਂ ਨੇ, ਕੀ ਜੋਰ ਲਾਇਆ, ਇਹ ਅਲੋਕਾਰ ਨਹੀਂ ਦਿੱਤਾ, ਸਾਰੇ ਈ ਦਿੰਦੇ ਆ ਆਪਣੀਆਂ ਧੀਆਂ ਨੂੰ,...ਹਾਅ...ਠਹਿਰ...ਜਾਹ...ਜਰਾ ਤੂੰ....ਮੇਰੀ ਮਾਂ ਨਾਲ ਜਬਾਨ ਲੜਾਉਨੀ ਆਂ

ਅੰਦਰੋਂ ਰਜਵੰਤ ਦਾ ਪਤੀ ਛੇਤੀ ਨਾਲ ਭੱਜ ਕੇ ਬਾਹਰ ਨਿਕਲਿਆ ਅਤੇ ਹੱਥ ਵਿੱਚ ਡੰਡਾ ਫੜ ਕੇ ਰਜਵੰਤ ਨੂੰ ਮਾਰਨ ਲੱਗ ਪਿਆ, ਰਜਵੰਤ ਥੱਲੇ ਡਿੱਗ ਪਈ ਸੀ, ਉਹਦੇ ਹੱਥੋਂ ਪਿਤਾ ਜੀ ਵਲੋਂ ਦਿੱਤੇ ਹੋਏ ਪੈਸੇ ਡਿੱਗ ਪਏ ਸਨ। ਲਾਗੋਂ ਗੁਆਂਢੀ ਆਵਾਜ ਸੁਣ ਕੇ ਭੱਜ ਕੇ ਆਏ ਉਨ੍ਹਾਂ ਨੇ ਛੁਡਾਇਆ। ਰਜਵੰਤ ਦਾ ਪਤੀ ਪੈਸੇ ਚੁੱਕ ਕੇ ਬਾਹਰ ਨਿਕਲ ਗਿਆ ਸੀ। ਰਜਵੰਤ ਰੋਂਦੀ ਰਹੀ ਆਪਣੇ ਪਿਤਾ ਜੀ ਦੀਆਂ 

ਕਹੀਆਂ ਹੋਈਆਂ ਗੱਲਾਂ ਚੇਤੇ ਕਰਦੀ, ਜੋ ਰਜਵੰਤ ਦੀ ਮਾਂ ਨੂੰ ਕਹਿੰਦਾ ਸੀ ਕਿ ਲੜਕੀ ਆਪਾਂ ਆਪ ਤੋਂ ਗਰੀਬ ਘਰੇ ਵਿਆਹੁਣੀ ਆਂ। ਤਕੜਿਆਂ ਨਾਲ ਮੱਥਾ ਨਹੀਂ ਲਾਉਣਾ, ਜਿਹੜੇ ਗਰੀਬ ਹੁੰਦੇ ਆ ਨਾ ਉਹ ਫਿਰ ਵੀ ਇੱਜ਼ਤ ਕਰਦੇ ਆ ਪਰ ਅੱਗੋਂ ਰਜਵੰਤ ਦੀ ਮਾਂ ਟੁੱਟ ਕੇ ਪੈ ਜਾਂਦੀ ਸੀ...ਆਹ...ਮਾੜੇ ਘਰੇ ਵਿਆਹ ਕੇ ਕੁੜੀ ਡੋਬਣੀ ਆਂ ? ਆਪਾਂ ਕਿਹੜਾ ਹਿੱਕ ’ਤੇ ਧਰ ਕੇ ਲੈ ਕੇ ਜਾਣਾ, ਨਾਲੇ ਲੋਕਾਂ ਨੂੰ ਕੀ ਨੱਕ ਦਿਖਾਵਾਂਗੇ ,ਕੀ ਆਖਣਗੇ ਇਨ੍ਹਾਂ ਕੋਲ ਕੱਖ ਨਹੀਂ ਹੈਗਾ ? ਰਜਵੰਤ ਦੀ ਮਾਂ ਨੇ ਆਪਣੇ ਨੱਕ ਨੂੰ ਉੱਚਾ ਕਰਨ ਲਈ ਘਰ ਵਾਲੇ ਦੇ ਰੋਕਦਿਆਂ ਹੋਇਆਂ ਵੀਂ ਰਜਵੰਤ ਨੂੰ ਦਾਜ ਦੇ ਲੋਭੀਆਂ ਤੇ ਨਸ਼ਈਆਂ ਦੇ ਘਰੇ ਸੁੱਟ ਦਿੱਤਾ ਸੀ। ਇਹ ਸੋਚ ਕੇ ਰਜਵੰਤ ਉੱਚੀ ਉੱਚੀ ਰੋਣ ਲੱਗ ਜਾਂਦੀ,....ਮੈਨੂੰ ਕਿੱਥੇ ਫਸਾ ਦਿੱਤਾ ਈ ਮੇਰੀਏ ਮਾਂਏ....

ਰਾਤ ਪੈਣ ਵਾਲੀ ਸੀ ਲਾਗੋਂ ਇੱਕ ਗਵਾਂਢਣ ਆਈ ਉਹਨੇ ਰਜਵੰਤ ਨੂੰ ਚੁੱਪ ਕਰਾਇਆ, ਸਾਰੀ ਰਾਤ ਲੰਘ ਗਈ ਸੀ ਪਰ ਉਹਦੇ ਪਤੀ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਜਦੋਂ ਸੂਰਜ ਚੜ੍ਹਿਆ ਤਾਂ ਰਜਵੰਤ ਦੇ ਪਤੀ ਦਾ ਦੋਸਤ ਸਾਹੋ ਸਾਹੀ ਹੋਇਆ ਭੱਜਾ ਆਇਆ ਤੇ ਕਹਿਣ ਲੱਗਾ ਭਰਜਾਈ...ਭਰਜਾਈ...ਸੋਨੂੰ...ਰਜਵੰਤ ਉਭੜ ਵਾਹੇ ਉੱਠੀ, ਕੀ ਹੋਇਆ ਉਨ੍ਹਾਂ ਨੂੰ, ਕਿੱਥੇ ਨੇ। ਸੋਨੂੰ ਨੇ ਨਸ਼ੇ ਵਾਲਾ...ਟੀਕਾ....ਟੀਕਾ ਲਾ ਲਿਆ...ਤੇ ਖਤਮ ਹੋ ਗਿਆ...ਉਹਦੇ ਦੋਸਤ ਨੇ ਰੋਂਦੇ ਹੋਏ ਕਿਹਾ। ਰਜਵੰਤ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਬੇਹੋਸ਼ ਹੋ ਗਈ। ਸਾਰੇ ਉਧਰ ਨੂੰ ਭੱਜ ਗਏ ਸਨ। ਰਜਵੰਤ ਦੀ ਜ਼ਿੰਦਗੀ ਤਬਾਹ ਹੋ ਗਈ ਸੀ, ਉਹਦੀ ਸਾਰੀ ਦੁਨੀਆਂ ਉਜੜ ਗਈ ਸੀ । 

ਭੋਗ ਤੋਂ ਅਗਲੇ ਦਿਨ ਹੀਂ ਦੋਵਾਂ ਮਾਵਾਂ ਧੀਆਂ ਨੂੰ ਰਜਵੰਤ ਦੀ ਸੱਸ ਨੇ ਤਾਹਨੇ ਮਾਰ ਮਾਰ ਕੇ ਅਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ। ਉਸ ਦੇ ਪੇਕਿਆਂ ਦਾ ਘਰ ਅਜੇ ਪਿੰਡ ਤੋਂ ਬਾਹਰ ਕਾਫੀ ਦੂਰ ਸੀ ਰਸਤਾ ਕੱਚਾ ਹੋਣ ਕਾਰਨ ਉਧਰ ਨੂੰ ਕੋਈ ਵਿਰਲਾ ਵਾਂਝਾ ਈ ਜਾਂਦਾ ਸੀ। ਹੌਲੀ ਹੌਲੀ ਆਖਰ ਆਪਣੇ ਮਾਪਿਆਂ ਦੇ ਘਰੇ ਪਹੁੰਚ ਗਈ। ਗੇਟ ਵੜਦਿਆਂ ਈਂ ਰਜਵੰਤ ਦੀਆ ਭੁੱਬਾਂ ਨਿਕਲ ਗਈਆਂ, ਰੋਂਦੀ ਹੋਈ ਧੀ ਦੀਆਂ ਭੁੱਬਾਂ ਸੁਣ ਕੇ ਛੇਤੀ ਨਾਲ ਪਿਤਾ ਜੀ ,ਅੰਦਰੋਂ ਭੱਜ ਕੇ ਆਏ ਅਤੇ ਆਪਣੀ ਧੀ ਨੂੰ ਛਾਤੀ ਨਾਲ ਲਾ ਲਿਆ। ਅੱਜ ਪਿਤਾ ਜੀ ਬਹੁਤ ਹੀ ਜ਼ਿਆਦਾ ਰੋਏ, ਇੰਨਾ ਤਾਂ ਉਸ ਦਿਨ ਘਰੋਂ ਤੋਰਨ ਲੱਗਿਆਂ ਵੀ ਨਹੀਂ ਰੋਏ ਸੀ, ਜਿੰਨਾ ਅੱਜ ਰੋ ਰਹੇ ਸੀ, 

ਰਜਵੰਤ ਪਿਤਾ ਦੇ ਗਲ ਲੱਗੀ ਹੋਈ ਆਖ ਰਹੀ ਸੀ....ਬਾਪੂ....ਰੱਬ ਨੇ ਮੇਰੇ ਤੋਂ ਕਿਹੜੇ ਜਨਮਾਂ ਦਾ ਬਦਲਾ ਏ , ਆਖਰ ਮੇਰਾ ਕਸੂਰ ਕੀ ਏ.....ਮੇਰੇ ਨਾਲ ਈ ਕਿਉਂ ਇੱਦਾਂ ਹੋ ਰਿਹਾ ਏ...',ਚੁੱਪ ਕਰ ਧੀਏ,....ਚੁੱਪ ਕਰ...

ਪਿਤਾ ਨੇ ਹੌਂਸਲਾ ਦਿੱਤਾ ਅਤੇ ਕਿਹਾ...ਤੇਰਾ ਕੋਈ ਕਸੂਰ ਨਹੀਂ...ਕੋਈ ਕਸੂਰ ਨਹੀਂ ਤੇਰਾ...ਕਿਉਂ ਆਪਣੇ ਆਪ ਨੂੰ ਦੋਸ਼ ਦਿੰਦੀ ਏਂ...

ਦੋਸ਼ ਤਾਂ ਏਂ...ਤੇਰੀ ਇਸ ਮਾਂ ਦਾ, ਜਿੰਨੇ ਆਪਣੇ ਨੱਕ ਨੂੰ ਉੱਚਾ ਰੱਖਣ ਲਈ ਮੇਰੀ ਇੱਕ ਨਹੀਂ ਮੰਨੀ,...

ਮੈਂ ਬਥੇਰਾ ਕਹਿੰਦਾ ਰਿਹਾ...ਕਿ ਸਿਆਣੇ ਕਹਿੰਦੇ ਨੇ ਧੀ ਦਾ ਰਿਸ਼ਤਾ ਹਮੇਸ਼ਾਂ ਆਪਣੇ ਤੋਂ ਨੀਵੇਂ ਵੱਲ ਕਰੋ, ਉਹਨੂੰ ਫਿਰ ਵੀ ਰਿਸ਼ਤਿਆਂ ਦੀ ਸਾਰ ਹੁੰਦੀ ਏ ਅਤੇ ਤਕੜਿਆਂ ਦਾ ਕੀ ਏ, ਜਦੋਂ ਮਰਜੀ ਪੈਰ ਦੀ ਜੁੱਤੀ ਸਮਝ ਕੇ ਵਗਾਹ ਕੇ ਪਰ੍ਹਾਂ ਮਾਰਦੇ ਨੇ। ਕਈ ਦਾਜ ਦੇ ਲੋਭੀ ,---ਨੂੰਹਾਂ ਨੂੰ ਜਾਂ ਤਾਂ ਸਾੜ ਦੇਣਗੇ, ਜਾਂ ਪੈਸੇ ਦੇ ਜੋਰ ’ਤੇ ਤਲਾਕ ਦੇ ਦਿੰਦੇ ਨੇ ਅਤੇ ਸਭ ਤੋਂ ਵੱਡੇ ਕਮੀਨੇ ਨਿਕਲੇ ਵਿਚੋਲੇ...ਜਿਨ੍ਹਾਂ ਮੁੰਦਰੀਆਂ ਪਵਾਉਣ ਦੀ ਖਾਤਰ ਸਾਡੀ ਧੀ ਨੂੰ ਨਸ਼ੇੜੀਆਂ ਦੇ ਗਲੇ ਮੜ੍ਹ ਦਿੱਤਾ...ਕੋਈ ਗੱਲ ਨਹੀਂ ਧੀਏ, ਤੂੰ ਮਨ ਨਾ ਮਾੜਾ ਕਰ ਜਿੰਨਾ ਚਿਰ ਮੈ ਜਿਉਨਾ ਵਾਂ ਨਾ...ਤੇਰੇ ਜੋਗੀ ਰੁੱਖੀ ਮਿੱਸੀ ਵਾਧੂ ਆ ਚਲੋ ਜੋ ਰੱਬ ਮਨਜੂਰ ਆ,...ਇੱਕ ਪਾਸੇ ਰਜਵੰਤ ਦੀ ਮਾਂ ਰੋਂਦੀ ਹੋਈ ਕਹੀ ਜਾ ਰਹੀ ਸੀ ,ਧੀਏ ਮੈਂ ਤੇਰੀ ਗੁਨਾਹਗਾਰ ਆਂ,

ਮੈਨੂੰ ਮਾਫ ਕਰ ਦਿਉ ,...'ਮੈਨੂੰ ਮਾਫ ਕਰ ਦਿਉ (ਸਮਾਪਤ )

 


rajwinder kaur

Content Editor

Related News