400 ਸਾਲਾ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਮਹਾਨ ਜੀਵਨ 'ਤੇ ਇਕ ਝਾਤ

Saturday, May 01, 2021 - 10:23 AM (IST)

400 ਸਾਲਾ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਮਹਾਨ ਜੀਵਨ 'ਤੇ ਇਕ ਝਾਤ
ਲੜੀ ਜੋੜਨ ਲਈ ਪਿਛਲੇ ਲੇਖ ਦਾ ਲਿੰਕ ਹੇਠਾਂ ਦਿੱਤਾ ਹੈ..
ਹੁਣ ਜਦੋਂ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣੇ ਹੱਥੀਂ ਗੁਰਿਆਈ ਦਿੱਤੇ ਬਿਨਾਂ ਜੋਤੀ ਜੋਤ ਸਮਾ ਗਏ ਅਤੇ ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂ ਵੀ ਨਾ ਲਿਆ ਤਾਂ ਦਾਅਵੇਦਾਰਾਂ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕਹੇ ਸ਼ਬਦ ' ਬਾਬਾ ਬਕਾਲੇ' ਨੂੰ ਆਪਣੇ ਨਾਲ ਜੋੜ ਲਿਆ ਤੇ ਹਰੇਕ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿਤਾ।ਬਕਾਲੇ ਵਿਖੇ ਬਾਈ ਮੰਜੀਆਂ ਕਾਇਮ ਹੋ ਗਈਆ ਤੇ ਬਾਈ ਗੁਰੂ ਹੀ ਪ੍ਰਗਟ ਹੋ ਗਏ। ਸਿੱਖਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਹੁਕਮਾਂ ਉੱਤੇ ਚੱਲਦੇ ਹੋਏ ਬਕਾਲੇ ਵੱਲ ਨੂੰ ਜਾਣਾ ਸ਼ੁਰੂ ਕਰ ਦਿਤਾ ਪਰ ਉਥੇ ਬਾਬਾ ਕੋਈ ਨਾ ਮਿਲਿਆ। ਸੰਗਤਾਂ ਪਾਖੰਡੀਆਂ ਦੇ ਵੱਸ ਪੈ ਗਈਆਂ ਤੇ ਕਈ ਮਾਯੂਸ ਹੋ ਕੇ ਮੁੜਨ ਲੱਗ ਪਏ। ਧੀਰ ਮੱਲ ਦੀ ਦੁਕਾਨ ਚੰਗੀ ਚੱਲ ਪਈ।ਇੱਕ ਤਾਂ ਇਹ ਸੀ ਕਿ ਉਹ ਗੁਰੂ ਜੀ ਦੀ ਸੰਤਾਨ ਸੀ ਤੇ ਦੂਜਾ ਉਸ ਕੋਲ ਉਹ ਬੀੜ ਵੀ ਸੀ ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਤ ਕੀਤਾ ਸੀ ,ਇਥੇ ਭੁਲੇਖਾ ਪੈ ਜਾਣਾ ਕੁਦਰਤੀ ਗੱਲ ਸੀ। ਕੁਝ ਸਮਾਂ ਸੰਗਤਾਂ ਗੁਰੂ ਤੋਂ ਬਗੈਰ ਹੀ ਭਟਕਦੀਆਂ ਰਹੀਆਂ।ਲੋਕਾਂ ਵਿੱਚ ਬੇਮੁੱਖਤਾ ਆਉਣ ਲੱਗੀ ਤੇ ਸ਼ਰਧਾ ਘਟਣ ਲੱਗ ਪਈ ਸੀ । ਸੰਮਤ 1722 ਦੀ ਵਿਸਾਖੀ ਦੇ ਆਉਣ ਕਾਰਨ ਭਾਰੀ ਗਿਣਤੀ ਵਿਚ ਸੰਗਤਾਂ ਨੇ ਆਉਣਾ ਸ਼ੁਰੂ ਕੀਤਾ।ਗੁਰਿਆਈ ਦੇ ਭਰਮ ਭੁਲੇਖਿਆਂ ਦੇ ਹੁੰਦਿਆਂ ਹੋਇਆਂ ਵੀ ਸੰਗਤਾਂ ਬਕਾਲਾ ਵਿਖੇ ਆਈਆਂ ਹੋਈਆਂ ਸਨ।ਇਨ੍ਹਾਂ ਵਿਚ ਹੀ ਮੱਖਣ ਸ਼ਾਹ ਲੁਬਾਣਾ ਵੀ ਸੀ। ਇਥੇ ਮੱਖਣ ਸ਼ਾਹ ਲੁਬਾਣਾ ਬਾਰੇ ਵੀ ਜਾਣਨਾ ਜਰੂਰੀ ਹੈ।ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਜ਼ਿਲਾ ਜੇਹਲਮ ਦੇ ਟਾਂਡਾ ਪਿੰਡ ਦਾ ਵਸਨੀਕ ਇਹ ਲੁਬਾਣਾ ਵਪਾਰੀ ਸੀ। ਮੱਖਣ ਸ਼ਾਹ ਤਕੜਾ ਵਪਾਰੀ ਸੀ। ਕਿਹਾ ਜਾਂਦਾ ਹੈ ਇਕ ਵਾਰੀ ਇਸਦਾ ਸਮਾਨ ਨਾਲ ਭਰਿਆ ਸਮੁੰਦਰੀ ਜਹਾਜ਼ ਕਿਸੇ ਸੰਕਟ ਵਿਚ ਫਸ ਗਿਆ ਤੇ ਇਸਨੇ ਅਰਦਾਸ ਕੀਤੀ ਕਿ ਉਸਦਾ ਜਹਾਜ਼ ਬਿਨਾ ਨੁਕਸਾਨੇ ਕਿਨਾਰੇ ਲੱਗ ਜਾਏ ਤਾਂ ਉਹ ਇਕੱਠੀ ਕੀਤੀ ਹੋਰ ਭੇਟਾ ਦੇ ਨਾਲ 500 ਮੋਹਰਾਂ ਗੁਰੂ ਨਾਨਕ ਘਰ ਦੇ ਗੱਦੀ ਧਾਰੀ ਦੇ ਅਗੇ ਚੜਾਏਗਾ।ਗੁਰੂ ਕਿਰਪਾ ਨਾਲ ਜਹਾਜ਼ ਠੀਕ ਠਾਕ ਟਿਕਾਣੇ ਤੇ ਪਹੁੰਚ ਗਿਆ ।ਆਪਣੀ ਭੇਟਾ ਚੜਾਉਣ ਲਈ ਉਹ ਪੰਜਾਬ ਆਇਆ। ਸੰਗਤਾਂ ਦੇ ਦੱਸਣ ਤੇ ਉਹ ' ਬਕਾਲੇ' ਪਹੁੰਚ ਗਿਆ ਪਰ ਬਕਾਲੇ ਆ ਕੇ ਉਸ ਨੇ ਅਨੋਖੀ ਹੀ ਝਾਕੀ ਵੇਖੀ। ਉਸ ਨੇ ਦੇਖਿਆ ਕਿ ਗੁਰੂ ਕੁੱਲ ਦੇ ਬਾਈ ਸੋਢੀ ,ਬਾਈ ਮੰਜੀਆਂ ਡਾਹ ਕੇ ਗੁਰੂ ਬਣੇ ਬੈਠੇ ਹਨ, ਸਭਨਾਂ ਦੇ ਦੁਆਲੇ ਚੇਲੇ ਚਾਂਟੇ ਜੁੜੇ ਹੋਏ ਸਨ ਤੇ ਉਹ ਸੰਗਤਾਂ ਨੂੰ ਵਾਜਾ ਮਾਰ ਮਾਰ ਕੇ ਆਪਣੇ ਆਪਣੇ ਗੁਰੂ ਵੱਲ ਲਿਜਾਣ ਦਾ ਯਤਨ ਕਰਦੇ ਸਨ, ਜਿਵੇਂ ਮੇਲਿਆਂ ਵਿੱਚ ਸੌਦਾ ਵੇਚਣ ਵਾਲੇ ਕਰਿਆ ਕਰਦੇ ਹਨ। 
ਹਾਂ ਇਹ ਝੂਠ ਦਾ ਸੌਦਾ ਵੇਚਣ ਵਾਲੇ ਹੀ ਗੁਰੂ ਸਨ। ਜਿਹੜੇ ਕਿ ਅੰਦਰੋਂ ਈਰਖਾ ਅਤੇ ਦਵੈਤ ਨਾਲ ਭੁੱਜ ਰਹੇ ਸਨ ਤੇ ਉੱਤੋਂ ਉੱਤੋਂ ਸਤਿਨਾਮ ਦਾ ਜਾਪ ਕਰਦੇ ਤੇ ਚਰਨੀ ਪੈਂਦੀਆਂ ਸੰਗਤਾਂ ਨੂੰ ਨਾਮ ਦਾਨ ਦੀਆਂ ਬਖਸ਼ਿਸ਼ਾਂ ਕਰ ਰਹੇ ਸਨ। ਮੱਖਣ ਸ਼ਾਹ ਨੇ ਸਾਰੇ ਗੁਰੂ ਵੇਖੇ ਤੇ ਅਸਚਰਜ ਵਿਚ ਪੈ ਗਿਆ ।ਉਸਦੀ ਅਕਲ ਕੰਮ ਨਾ ਕਰੇ ਕਿ ਕਿਹੜਾ ਇਹਨਾਂ ਵਿਚੋਂ ਅਸਲੀ ਗੁਰੂ ਹੈ ਤੇ ਕਿਹੜਾ ਪਖੰਡੀ।ਉਸ ਦੇ ਅੰਦਰੋਂ ਅਰਦਾਸ ਨਿਕਲੀ ਹੇ ਸੱਚੇ ਪਾਤਸ਼ਾਹ ਮੇਰੀ ਬੁੱਧੀ ਚਕਰਾ ਗਈ ਹੈ ਆਪ ਪ੍ਰਗਟ ਹੋ ਕੇ ਅਥਵਾ ਮੂੰਹੋਂ ਮੰਗ ਕੇ ਆਪਣੀ ਅਮਾਨਤ ਲੈ ਲਵੋ ਜਿਸ ਨਾਲ ਮੇਰੇ ਮਨ ਨੂੰ ਧੀਰਜ ਹੋਵੇ। ਇਸ ਤਰ੍ਹਾਂ ਅਰਦਾਸ ਕਰਕੇ ਉਹ ਅੱਗੇ ਹੋਇਆ ਅਤੇ ਹਰੇਕ ਗੁਰੂ ਅੱਗੇ ਦੋ-ਦੋ ਮੋਹਰਾਂ (ਕਿਤੇ ਕਿਤੇ ਪੰਜ-ਪੰਜ ਮੋਹਰਾਂ ਦਾ ਜਿਕਰ ਵੀ ਮਿਲਦਾ ਹੈ) ਰੱਖ ਕੇ ਮੱਥਾ ਟੇਕਣ ਲੱਗਿਆ। ਸੋਨੇ ਦੀਆਂ ਮੋਹਰਾਂ ਤੱਕ ਹਰੇਕ ਗੁਰੂ ਖ਼ੁਸ਼ ਹੋ ਜਾਂਦਾ ਅਤੇ ਲੁਬਾਣੇ ਵਪਾਰੀ ਨੂੰ ਆਸ਼ੀਰਵਾਦ ਦਿੰਦਾ ਪਰ ਕਿਸੇ ਨੇ ਵੀ ਉਸ ਨੂੰ ਲਿਆਂਦੀ ਕਾਰ ਭੇਟਾ ਦੀ ਅਸਲੀ ਰਕਮ ਦੀ ਗੱਲ ਨਾ ਕੀਤੀ ।ਹਰ ਕੋਈ ਆਪਣੇ ਸੱਚੇ ਗੁਰੂ ਹੋਣ ਦਾ ਦਾਅਵਾ ਬੰਨ੍ਹ ਕੇ ਤੇ ਦੂਜਿਆਂ ਨੂੰ ਪਖੰਡੀ ਕਹਿੰਦੇ।
ਮੱਖਣ ਸ਼ਾਹ ਬਾਈ ਦੇ ਬਾਈ ਗੁਰੂਆਂ ਦੇ ਦਰਸ਼ਨ ਕਰ ਗਿਆ। ਪਰ ਉਸ ਨੂੰ ਸੱਚਾ ਗੁਰੂ ਨਾ ਲੱਭਿਆ ।ਉਹ ਬੜਾ ਨਿਰਾਸ਼ ਹੋਇਆ। ਅਖੀਰ ਉਸ ਨੇ ਪਿੰਡ ਦੇ ਸਾਧਾਰਨ ਲੋਕਾਂ ਤੋਂ ਪੁੱਛਿਆ ,'ਕਿਉਂ ਜੀ, ਇੱਥੇ ਕੋਈ ਹੋਰ ਵੀ ਸੋਢੀ ਰਹਿੰਦਾ ਹੈ?ਤਾਂ ਕਿਸੇ ਦਸਿਆ, 'ਹਾਂ,ਤੇਗ ਬਹਾਦਰ ਨਾਮ ਦਾ ਇਕ ਸ਼ਾਂਤ ਸੁਭਾਅ ਦਾ ਸੋਢੀ ਔਹ ਸਾਹਮਣੇ ਕਮਰੇ ਵਿਚ ਰਹਿੰਦਾ ਹੈ।ਉਹ ਕਿਸੇ ਨੂੰ ਮਿਲਦੇ ਜੁਲਦੇ ਘੱਟ ਹੀ ਹਨ ਤੇ ਨਾ ਹੀ ਉਹ ਗੁਰੂ ਬਣਨ ਦੇ ਚਾਹਵਾਨ ਹਨ।ਮੱਖਣ ਸ਼ਾਹ ਉਸ ਦੇ ਦੁਆਰਾ ਦੱਸੇ ਕੋਠੇ ਦੇ ਅੰਦਰ ਗਿਆ ।ਪਹਿਲਾਂ ਦੀ ਤਰ੍ਹਾਂ ਹੀ ਉਸਨੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ।ਆਪ ਜੀ ਨੇ ਮੱਖਣ ਸ਼ਾਹ ਵੱਲ ਤੱਕ ਕੇ ਕਿਹਾ ' ਭਾਈ ਪੁਰਖਾ! ਗੁਰੂ ਦੀ ਅਮਾਨਤ ਪੂਰੀ ਦਿਤਿਆ ਹੀ ਭਲਾਂ ਹੁੰਦਾ ਹੈ।ਤੂੰ ਪੰਜ ਸੌ ਦੇ ਵਿਚੋਂ ਕੇਵਲ ਦੋ ਹੀ ਦੇ ਰਿਹਾ ਹੈ ਇਹ ਕਿਉਂ?ਇਹ ਬਚਨ ਸੁਣਦਿਆਂ ਹੀ ਮੱਖਣ ਸ਼ਾਹ ਨੂੰ ਸੁੱਧ ਬੁਧ ਭੁਲ ਗਈ ,ਉਹ ਇਕ ਦਮ ਗੁਰੂ ਜੀ ਦੇ ਚਰਨਾਂ ਉਤੇ ਲਿਪਟ ਗਿਆ ਅਤੇ ਉਨ੍ਹਾਂ ਤੋਂ ਪੰਜ ਸੌ ਮੋਹਰਾਂ ਲਿਆਉਣ ਲਈ ਆਗਿਆ ਲਈ।
ਉਹ ਬਾਹਰ ਆਉਦਿਆ ਹੀ ਕੋਠੇ ਉਤੇ ਚੜ੍ਹ ਗਿਆ, ਜ਼ੋਰ ਨਾਲ ਪੱਲਾ ਫੇਰਿਆ ਅਤੇ ਉਚੀ ਉਚੀ ਪੁਕਾਰਨ ਲਗਿਆ "ਗੁਰੂ ਲਾਧੋ ਰੇ',ਗੁਰੂ ਲਾਧੋ ਰੇ'।
ਲੋਕਾਂ ਨੇ ਭਾਈ ਮੱਖਣ ਸ਼ਾਹ ਦਾ ਹੋਕਾ ਸੁਣਿਆ ।ਆਸ ਤੇ ਵਿਲਾਸ ਵਿਚਕਾਰ ਲਟਕਦੇ ਉਨ੍ਹਾਂ ਦੇ ਚਿਹਰਿਆਂ ਉਤੇ ਰੌਣਕ ਆ ਗਈ।(ਵਿਸਥਾਰ ਸਾਹਿਤ ਜਾਣਕਾਰੀ ਲਈ ,ਭਾਈ ਮੱਖਣ ਸ਼ਾਹ ਲੁਬਾਣਾ ਪੁਸਤਕ ਸ ਪਿਆਰਾ ਸਿੰਘ ਦੀ ਪੜ੍ਹੋ)
ਪਲਾਂ ਛਿਨਾਂ ਵਿਚ ਹੀ ਇਹ ਖਬਰ ਸਾਰੇ ਪਾਸੇ ਫੈਲ ਗਈ।ਵੇਖਦਿਆਂ ਵੇਖਦਿਆਂ ਹੀ ਗੁਰੂ ਜੀ ਦੇ ਕੋਠੇ ਦੁਆਲੇ ਅਥਾਹ ਭੀੜ ਜੁੜ ਗਈ।ਚਾਰੇ ਪਾਸੇ ਸਿਖਾਂ ਦਾ ਇਕੱਠ ਨਜ਼ਰ ਆਉਣ ਲਗਿਆ।ਸੰਗਤਾਂ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹਰ ਆ ਕੇ ਦਰਸ਼ਨ ਦਿਤੇ।ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਲਗਭਗ 43 ਸਾਲ ਦੀ ਹੀ ਸੀ।ਸੱਚੇ ਗੁਰੂ ਦੇ ਮਿਲ ਜਾਣ ਨਾਲ ਝੂਠ ਦੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਨਕਲੀ ਗੁਰੂਆਂ ਵਿਚ ਖਲਬਲੀ ਮਚ ਗਈ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਉਤੇ ਬਿਰਾਜੇ।ਸੰਗਤਾਂ ਦੀ ਭਟਕਣਾ ਖਤਮ ਹੋ ਗਈ।ਸਿਖਾਂ ਨੇ ਨਕਲੀ ਗੁਰੂਆਂ ਦੇ ਭਰਮ ਦੇ ਜਾਲ ਵਿੱਚੋਂ ਨਿਕਲ ਕੇ ਉਨ੍ਹਾਂ ਸਾਰਿਆਂ ਵੱਲੋਂ ਧਿਆਨ ਹਟਾ ਕੇ ਗੁਰੂ ਚਰਨਾ ਨਾਲ ਜੁੜਨਾ ਸ਼ੁਰੂ ਕਰ ਦਿਤਾ।ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਲਈ ਪੁਜਣ ਲਗੀਆਂ ।ਕਾਰ ਭੇਟਾ ਦੀ ਚੜ੍ਹਤ ਦਾ ਵੀ ਕੋਈ ਅੰਤ ਸ਼ੁਮਾਰ ਨਾ ਰਿਹਾ।


ਇਸ ਨਾਲ ਧੀਰ ਮਲ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ।ਉਸਨੂੰ ਆਪਣੀ ਸੁਆਰਥ ਸਿਧੀ ਦਾ ਹੁਣ ਇਕੋ ਢੰਗ ਹੀ ਨਜ਼ਰ ਆਉਂਦਾ ਸੀ ਕਿ ਕਿਸੇ ਤਰ੍ਹਾਂ ਗੁਰੂ ਜੀ ਦੇ ਜੀਵਨ ਦਾ ਅੰਤ ਕੀਤਾ ਜਾਵੇ । ਗੁਰੂ ਨਾ ਰਹਿਣਗੇ ਤਾਂ ਗੁਰਗੱਦੀ ਤੇ ਕਬਜ਼ਾ ਜਮਾਉਣਾ ਸੌਖਾ ਹੋ ਜਾਵੇਗਾ।ਉਸਨੇ ਆਪਣੇ ਮਸੰਦਾਂ ਤੇ ਚੇਲਿਆਂ ਨਾਲ ਸਲਾਹ ਕੀਤੀ।ਇਕ ਮਸੰਦ ਸ਼ੀਹੇ ਨੇ ਗੁਰੂ ਜੀ ਨੂੰ ਮਾਰ ਮੁਕਾਉਣ ਦੀ ਜਿੰਮੇਵਾਰੀ ਲੈ ਲਈ।ਧੀਰ ਮੱਲ ਨੇ ਉਸਨੂੰ ਭਾਰੀ ਇਨਾਮ ਦੇਣ ਦਾ ਇਕਰਾਰ ਕੀਤਾ।ਸ਼ੀਹੇ ਨੇ ਵੀਹ ਦੇ ਕਰੀਬ ਬੰਦੇ ਇਕਠੇ ਕੀਤੇ ਤੇ ਇਕ ਦਿਨ ਮੌਕਾ ਵੇਖ ਕੇ ਸ਼ੀਹੇ ਮਸੰਦ ਨੇ ਗੁਰੂ ਜੀ ਦਾ ਨਿਸ਼ਾਨਾ ਬੰਨ ਕੇ ਗੋਲੀ ਚਲਾਈ ਤੇ ਹਮਲਾ ਕਰ ਦਿੱਤਾ। ਗੋਲੀ ਲੱਗਣ ਗੁਰੂ ਜੀ ਜ਼ਖਮੀ ਵੀ ਹੋ ਗਏ ਸੀ ਪਰ ਆਪ ਜੀ ਸ਼ਾਂਤ ਤੇ ਅਡੋਲ ਰਹੇ। ਹਮਲਾ ਕਰਨ ਉਪਰੰਤ ਉਹ ਗੁਰੂ ਘਰ ਦਾ ਸਾਰਾ ਸਮਾਨ ਲੁਟ ਕੇ ਲੈ ਗਏ। ਗੁਰੂ ਜੀ ਸ਼ਾਂਤ ਤੇ ਅਡੋਲ ਰਹੇ ਕਿਉਂਕਿ ਉਨ੍ਹਾਂ ਨੂੰ ਸੰਸਾਰਿਕ ਪਦਾਰਥਾਂ ਨਾਲ ਮੋਹ ਨਹੀ ਸੀ। ਧੀਰਮੱਲ ਦੀ ਇਸ ਨੀਚ ਹਰਕਤ ਬਾਰੇ ਜਦੋਂ ਮੱਖਣ ਸ਼ਾਹ ਤੇ ਦੂਜੇ ਸਿਖਾਂ ਨੂੰ ਪਤਾ ਲੱਗਿਆ ਤਾਂ ਉਹ ਬੜੇ ਰੋਹ ਵਿਚ ਆਏ। ਉਨਾ ਮਸੰਦਾਂ ਤੇ ਧੀਰ ਮੱਲ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਤੇ ਹੱਲਾ ਬੋਲ ਦਿਤਾ। ਧੀਰ ਮੱਲ ਦਾ ਸਾਰਾ ਘਰ ਬਾਰ ਲੁੱਟ ਲਿਆ ਗਿਆ ਤੇ ਬੀੜ ਦੇ ਆਸਰੇ ਉਹ ਗੁਰੂ ਬਣੀ ਬੈਠਾ ਸੀ ,ਉਹ ਵੀ ਖੋਹ ਲਈ।ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਰੀ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਸਿੱਖਾਂ ਨੂੰ ਮਾਲ ਵਾਪਸ ਕਰਨ ਤੇ ਉਹ ਬੀੜ ਵੀ ਧੀਰ ਮੱਲ ਨੂੰ ਵਾਪਸ ਮੋੜ ਦੇਣ ਦਾ ਹੁਕਮ ਦੇ ਦਿਤਾ।ਸਿੱਖ ਸਾਮਾਨ ਤਾਂ ਸਾਰਾ ਵਾਪਸ ਕਰ ਆਏ, ਪਰ ਬੀੜ ਵਾਪਸ ਨਾ ਕੀਤੀ ।ਸਿੱਖਾਂ ਨੇ ਮਨ ਵਿੱਚ ਇਹ ਧਾਰਿਆ ਕਿ ਬੀੜ ਧੀਰ ਮੱਲ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੈ, ਇਹ ਕੌਮ ਦੀ ਸਾਂਝੀ ਮਲਕੀਅਤ ਹੈ। ਉਨ੍ਹਾਂ ਬੀੜ ਨੂੰ ਆਪਣੇ ਕੋਲ ਹੀ ਰੱਖ ਲਿਆ ਪਰ ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੈ ਧੀਰ ਮੱਲ ਨੂੰ ਕਹਿਲਾ ਭੇਜਿਆ ਕਿ ਦਰਿਆ ਦੇ ਕੰਡੇ ਉੱਤੇ ਬੀੜ ਪਈ ਹੋਈ ਹੈ ,ਉਹ ਆ ਕੇ ਲੈ ਲਵੋ। ਗੁਰੂ ਜੀ ਦਾ ਕਹਿਣਾ ਸੀ ਕਿ ਕੋਈ ਮਾਇਆ ਕਾਰਨ ਗੁਰੂ ਨੇ ਦੁਕਾਨ ਨਹੀਂ ਪਾਈ।ਇਥੇ ਆਪ ਜੀ ਨੇ ਇਹ ਵੀ ਫੁਰਮਾਇਆ ਕਿ ਖਿਮਾਂ ਕਰਨਾ ਹੀ ਸਬ ਤੋਂ ਵਡਾ ਤਪ ਤੇ ਧਰਮ ਹੈ:
' ਕਰਨੀ ਛਿਮਾ ਮਹਾ ਤਪ ਜਾਨ।ਛਿਮਾ ਕਰਨਿ ਹੀ ਦ੍ਵੈਬੋ ਦਾਨ।ਛਿਮਾ ਸਕਲ ਤੀਰਥ ਇਸ਼ਨਾਨ ।ਛਿਮਾ ਕਰਤ ਨਰ ਕੀ ਕਲਯਾਨ।'
ਧੀਰ ਮੱਲ ਨੇ ਉਹ ਬੀੜ ਲੈ ਲਈ ਸੀ।
ਵਿਦਵਾਨਾਂ ਦਾ ਵਿਚਾਰ ਹੈ ਕਿ ਅਸਲੀ ਬੀੜ ਦਰਿਆ ਵਿਚ ਰੁੜ ਗਈ ਸੀ।ਗੁਰੂ ਤੇਗ ਬਹਾਦਰ ਜੀ ਨੇ ਗੱਦੀ ਉਤੇ ਬੈਠਦਿਆਂ ਹੀ ਮਹਿਸੂਸ ਲਿਆ ਸੀ ਕਿ ਬਕਾਲੇ ਰਹਿ ਕੇ ਸਿਖੀ ਦੇ ਬੂਟੇ ਨੂੰ ਹੋਰ ਵਧਾ ਸੰਭਾਲ ਨਹੀ ਸਕਣਗੇ।ਕੁਝ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲੇ ਵਿਖੇ ਹੀ ਰਹੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ।ਆਪ ਜੀ ਸ੍ਰੀ ਤਰਨਤਾਰਨ, ਖਡੂਰ ਤੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਦੇ ਹੋਏ ਅੰਮ੍ਰਿਤਸਰ ਪਹੁੰਚੇ ।ਅੰਮ੍ਰਿਤ ਸਰੋਵਰ ਵਿਚ ਇਸ਼ਨਨ ਕਰਕੇ ਗੁਰੂ ਜੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਤੁਰੇ ਤਾਂ ਮਸੰਦਾਂ ਤੇ ਮੇਹਰਬਾਨ ਦੇ ਪੁੱਤਰ 'ਹਰਿ ਜੀ' ਨੇ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ।ਗੁਰੂ ਜੀ ਕਾਫੀ ਸਮਾਂ ਉੱਥੇ ਬੈਠ ਕੇ ਉਡੀਕਦੇ ਰਹੇ,ਪਰ ਦਰਵਾਜੇ ਬੰਦ ਹੀ ਰਹੇ।(ਜਿਸ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਉਡੀਕ ਕਰਦੇ ਰਹੇ, ਉਥੇ ਹੁਣ ਗੁਰਦੁਆਰਾ 'ਥੜ੍ਹਾ ਸਾਹਿਬ ' ਹੈ ।ਇਹ ਥਾਂ ਅਕਾਲ ਤਖਤ ਤੋਂ ਸੌ ਗਜ਼ ਦੂਰ ਉੱਤਰ ਦਿਸ਼ਾ ਵੱਲ ਹੈ)ਓਥੋਂ ਦੀ ਸੰਗਤ ਨੇ ਰੱਜ ਕੇ ਸਤਿਕਾਰ ਕੀਤਾ ਤੇ ਅੰਮ੍ਰਿਤਸਰ ਦੀ ਸੰਗਤ ਵੀ ਹੁਮ ਹੁਮਾ ਕੇ ਪਹੁੰਚ ਗਈ।
ਬਾਅਦ ਵਿੱਚ ਮੱਖਣ ਸ਼ਾਹ ਨੇ ਸਮਝਾਇਆ ਕਿ " ਗੁਰੂ ਤੁਹਾਡੇ ਕੋਲ ਚਲ ਕੇ ਆਏ ਸੀ, ਮੂਰਖੋ ! ਤੁਸਾਂ ਕਦਰ ਨਾ ਜਾਣੀ, ਬੇਮੁੱਖ ਨਾ ਹੋਵੋ ਤੇ ਦਰਸ਼ਨਾਂ ਨੂੰ ਜਾਉ।ਉਹ ਬਖਸ਼ੰਦ ਹਨ ਤਾਂ ਬਖਸ਼ ਵੀ ਲੈਣਗੇ। ਜਦੋਂ ਉਹ 'ਵੱਲਾ' ਪਿੰਡ ਵਿਖੇ ਗੁਰੂ ਜੀ ਨੇ ਦਰਸ਼ਨਾ ਨੂੰ ਆਏ ਤਾਂ ਮਹਾਰਾਜ ਨੇ ਇਤਨਾ ਹੀ ਕਿਹਾ ਕਿ ਹਰਿਮੰਦਰ ਦੇ ਰਾਖਿਆ, ਸੇਵਾਦਾਰ ਮਸੰਦਾਂ ਨੂੰ ਤ੍ਰਿਸ਼ਨਾ ਨਹੀ ਸੋਭਦੀ:"ਨਹ ਮਸੰਦ ਤੁਮ ਅੰਮ੍ਰਿਤਸਰੀਏ।ਤ੍ਰਿਸ਼ਨਾਗਨ ਤੇ ਅੰਤਰਸੜਈਏ।"

PunjabKesari
(ਇਹ ਵਾਕ ਸ੍ਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਨਹੀ ਹਨ,ਸਗੋਂ ਉਨ੍ਹਾਂ ਲਈ ਸਨ ਜੋ ਧਰਮ ਪ੍ਰਚਾਰਕ ਹਨ)ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਆਪ ਜੀ ਬਕਾਲੇ ਆ ਕੇ ਕੁਝ ਸਮਾਂ ਟਿਕੇ।ਥੋੜੇ ਸਮੇਂ ਬਾਅਦ ਆਪ ਜੀ ਨੇ ਬਕਾਲੇ ਤੋਂ ਕੀਰਤਪੁਰ ਜਾਣ ਦਾ ਫੈਸਲਾ ਕੀਤਾ।ਗੁਰੂ ਜੀ ਬਿਆਸ ਪਾਰ ਕਰਕੇ ਕੀਰਤਪੁਰ ਪਹੁੰਚੇ ।ਰਸਤੇ ਵਿਚ ਗੁਰੂ ਜੀ ਥਾਂ ਥਾਂ ਨਾਮ ਬਾਣੀ ਦਾ ਪ੍ਰਚਾਰ ਕਰਦੇ,ਦੀਨਾਂ ਤੇ ਦੁਖੀਆਂ ਦੀਆਂ ਲੋੜਾਂ ਪੂਰੀਆਂ ਕਰਦੇ ਰਹੇ।ਆਪ ਜੀ ਨੇ ਆਪਣੇ ਪ੍ਰਚਾਰ ਲਈ ਕੇਂਦਰੀ ਸਥਾਨ ਕੀਰਤਪੁਰ ਨੂੰ ਚੁਣਿਆ ।ਪਰ ਕੀਰਤਪੁਰ ਵੀ ਆਪ ਜੀ ਨੂੰ ਅਮਨ ਤੇ ਸ਼ਾਂਤੀ ਪ੍ਰਾਪਤ ਨਾ ਹੋਈ,ਜਿਸ ਦੇ ਆਪ ਚਾਹਵਾਨ ਸਨ।ਕੀਰਤਪੁਰ ਦੇ ਸੋਢੀ ਤੇ ਧੀਰਮੱਲ ਦੇ ਬੰਦੇ ਆਪ ਜੀ ਦੇ ਇਥੇ ਆਉਣ ਨਾਲ ਬਹੁਤ ਦੁਖੀ ਹੋਏ ਕਿਉਂਕਿ ਉਨ੍ਹਾਂ ਦੁਆਰਾ ਧਰਮ ਦੇ ਨਾਂ ਤੇ ਸਜਾਈਆਂ ਦੁਕਾਨਾਂ ਬੇਰੌਣਕ ਹੋਣ ਲਗੀਆਂ ਸਨ।ਉਨਾਂ ਨੇ ਕਈ ਯਤਨਾਂ ਨਾਲ ਨਗਰ ਨੂੰ ਉਜਾੜਨ ਦੇ ਉਪਰਾਲੇ ਕੀਤੇ ਪਰ ਉਨ੍ਹਾਂ ਦੀ ਇਕ ਨਾ ਚੱਲ ਸਕੀ।ਦੂਜੇ ਪਾਸੇ ਧੀਰਮੱਲ ਤੇ ਰਾਮਰਾਇ ਅਜੇ ਵੀ ਦਿੱਲੀ ਦੇ ਗੇੜੇ ਲਾਉਣ ਵਿਚ ਲਗੇ ਹੋਏ ਸਨ ਕਿ ਕਿਸੇ ਤਰ੍ਹਾਂ ਔਰੰਗਜ਼ੇਬ ਨੂੰ ਗੁਰੂ ਜੀ ਦੇ ਵਿਰੁਧ ਭੜਕਾ ਕੇ ਗੁਰਗੱਦੀ ਪ੍ਰਾਪਤ ਕਰਨ ਦੀ ਸਹਾਇਤਾ ਲੈ ਸਕਣ। ਗੁਰੂ ਤੇਗ ਬਹਾਦਰ ਦੀ ਅਤੀ ਕੋਮਲ ਚਿਤ ਅਤੇ ਤਿਆਗ ਦੀ ਮੂਰਤ ਸਨ ।ਆਪ ਜੀ ਕਿਸੇ ਨੂੰ ਦੁਖੀ ਕਰਨਾ ਨਹੀਂ ਸੀ ਚਾਹੁੰਦੇ। ਇਸ ਲਈ ਆਪ ਜੀ ਨੇ ਆਪਣੇ ਵਾਸਤੇ ਕੋਈ ਹੋਰ ਟਿਕਾਣਾ ਬਣਾਉਣ ਦਾ ਵਿਚਾਰ ਕੀਤਾ ਜਿਸ ਨਾਲ ਸਭ ਪ੍ਰਕਾਰ ਦੇ ਝਗੜਿਆਂ ਬਖੇੜਿਆਂ ਤੋਂ ਦੂਰ ਰਹਿਆ ਜਾ ਸਕੇ। ਆਪ ਜੀ ਨੇ ਕਹਿਲੂਰ ਦੇ ਰਾਜੇ ਕੋਲੋ ਪਿੰਡ ਮਾਖੋਵਾਲ ,ਜਿਹੜਾ ਕਿ ਕੀਰਤਪੁਰ ਤੋਂ ਪੰਜ ਮੀਲ ਦੀ ਦੂਰੀ ਤੇ ਸਥਿਤ ਸੀ 'ਦੀ ਜਮੀਨ ਖਰੀਦੀ ।ਇਥੇ ਆਪ ਜੀ ਨੇ ਦਰਿਆ ਸਤਿਲੁਜ ਦੇ ਕੰਢੇ ਦੇ ਕੋਲ ਕਰਕੇ ਨੈਣਾ ਦੇਵੀ ਪਰਬਤ ਦੇ ਉਰਲੇ ਪਾਸੇ ਇਕ ਨਵਾਂ ਨਗਰ ਵਸਾਇਆ ਜਿਸ ਦਾ ਨਾਂ ਚੱਕ ਨਾਨਕੀ ਤੋਂ ਬਾਅਦ ਅਨੰਦਪੁਰ ਰਖਿਆ ਗਿਆ।

ਅਨੰਦਪੁਰ ਦੀ ਸਥਿਤੀ ਬੜੀ ਹੀ ਢੁੱਕਵੀਂ ਸੀ। ਦਰਿਆ ਦਾ ਵੀ ਪੱਤਨ ਨੇੜੇ ਹੋਣ ਕਰਕੇ ਲੋਕਾਂ ਦੀ ਆਰ ਪਾਰ ਦੀ ਆਵਾਜਾਈ ਬਣੀ ਰਹਿੰਦੀ ਸੀ। ਇਥੋਂ ਪਹਾੜੀ ਇਲਾਕਾ ਸ਼ੁਰੂ ਹੁੰਦਾ ਸੀ ਤੇ ਪਹਾੜ ਵੱਲ ਜਾਣ ਦੇ ਕਈ ਰਸਤੇ ਡੰਡੀਆਂ ਨਿਕਲਦੀਆਂ ਸਨ।ਅਨੰਦਪੁਰ ਆਉਂਦੇ ਜਾਂਦੇ ਲੋਕਾਂ ਦੇ ਟਿਕਣ ਅਤੇ ਸੌਦਾ ਵਸਤ ਖਰੀਦਣ ਦਾ ਚੰਗਾ ਕੇਂਦਰ ਬਣ ਗਿਆ ਸੀ ਤੇ ਦਿਨਾਂ ਵਿੱਚ ਹੀ ਇੱਥੇ ਬੜੀ ਰੌਣਕ ਹੋ ਗਈ। ਪਹਾੜੀ ਸਥਾਨ ਹੋਣ ਕਰਕੇ ਇਥੋਂ ਦਾ ਆਲਾ ਦੁਆਲਾ ਬੜਾ ਰਮਣੀਕ ਸੀ। ਦੂਜੇ ਮੈਦਾਨੀ ਇਲਾਕੇ ਤੋਂ ਦੂਰ ਹੋਣ ਕਰਕੇ ਇੱਥੇ ਬੜੀ ਸ਼ਾਤੀ ਤੇ ਨਿਵੇਕਲਾਪਨ ਸੀ।ਗੁਰੂ ਦੀ ਇਥੇ ਬਿਰਾਜੇ ਹੋਏ ਸਨ ,ਇਨ੍ਹਾਂ ਸਭਨਾਂ ਗਲਾਂ ਕਰਕੇ ਦੂਰ ਦੂਰ ਤੋਂ ਸਿਖ ਸੰਗਤਾਂ ਇਥੇ ਆ ਕੇ ਵਸਣ ਲਗੀਆਂ ।
ਪਰਚਾਰ ਲਈ ਦੌਰਾ:
ਔਰੰਗਜ਼ੇਬ 31 ਜੁਲਾਈ, 1658 ਈ ਨੂੰ ਤਖਤ ਉਤੇ ਬੈਠਾ ਸੀ।ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕਰ ਕੇ ਤੇ ਭਰਾਵਾਂ ਨੂੰ ਮਾਰ ਕੇ ਹੀ ਉਹ ਤਖ਼ਤ ਹਾਸਲ ਕੀਤਾ ਸੀ ।ਮੁਸਲਮਾਨਾਂ ਵਿੱਚ ਗਲਤ ਫਹਿਮੀਆਂ ਪੈ ਗਈਆਂ ਸਨ ਤੇ ਲੋਕੀਂ ਉਸ ਨੂੰ ਚੰਗਾ ਨਹੀ ਸਨ ਸਮਝਦੇ ।ਔਰੰਗਜ਼ੇਬ ਨੇ ਕੱਟੜ ਹਿੰਦੂ ਵਿਰੋਧੀ ਧਾਰਮਿਕ ਨੀਤੀ ਦਾ ਐਲਾਨ ਕਰ ਦਿਤਾ ਸੀ।ਉਸ ਨੇ ਆਪਣੇ ਆਪ ਨੂੰਇਸਲਾਮ ਦਾ ਰਾਖਾ ਦੱਸ ਕੇ ਮੁਸਲਮਾਨਾਂ ਨੂੰ ਆਪਣੇ ਵੱਲ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਉਸ ਨੇ ਨਵੇਂ ਮੰਦਰ ਨਾ ਬਣਾਉਣ ,ਪੁਰਾਣਿਆਂ ਦੀ ਮੁਰੰਮਤ ਨਾ ਕਰਨ ਤੇ ਉੜੀਸਾ ਤੇ ਬਿਹਾਰ ਵਿੱਚ ਮੰਦਰ ਗਿਰਾਉਣ ਦਾ ਹੁਕਮ ਦੇ ਦਿੱਤਾ ਸੀ । ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਨਾਨਕ ਦਾ ਉਪਦੇਸ਼ ਫਿਰ ਘਰ ਘਰ ਪਹੁੰਚਾਇਆ। ਲੋਕਾਂ ਵਿੱਚ ਇਹ ਖ਼ਿਆਲ ਮੁੜ ਦ੍ਰਿੜ੍ਹ ਕਰਵਾਇਆ ਕਿ ਜਿਉਂਦਿਆ ਹੀ ਜੇ ਇੱਜ਼ਤ ਖੋਹੀ ਗਈ ਤਾਂ ਜਿਊਣਾ ਕਿਸ ਕੰਮ ?ਡਰਨ ਵਾਲਾ ਕਾਇਰ ਤੇ ਡਰਾਉਣ ਵਾਲਾ ਜਾਬਰ ਹੈ , ਇਹਨਾਂ ਦੋਹਾਂ ਲਈ ਸਮਾਜ ਵਿੱਚ ਕੋਈ ਥਾਂ ਨਹੀ :-ਸਲੋਕ ਮਹਲਾ ੯
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1427)

PunjabKesari
ਗੁਰੂ ਜੀ ਨੇ ਮਾਲਵੇ ਦੀ ਧਰਤੀ ਤੋਂ ਆਪਣਾ ਪ੍ਰਚਾਰ ਆਰੰਭਿਆ। 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ 'ਹੋਣ ਕਾਰਨ ਪੰਜਾਬ ਨੂੰ ਹਰ ਬਦਲਦੀ ਹਕੂਮਤ ਵੇਲੇ ਦੁੱਖ ਝੱਲਣੇ ਪੈਂਦੇ ਸਨ। ਔਰੰਗਜ਼ੇਬ ਨੇ ਤਾਂ ਰਾਜ ਹੀ ਬੜੇ ਔਖੇ ਹੋ ਕੇ ਲਿਆ ਸੀ। ਰੋਜ਼ ਹੀ ਫੌਜਾਂ ਦੀ ਚੜ੍ਹਈ ਨੇ ਫ਼ਸਲਾਂ ਤਬਾਹ ਕਰ ਦਿੱਤੀਆਂ ਸਨ ।ਲੋਕ ਆਲਸੀ ਅਤੇ ਵਹਿਮੀ ਹੋ ਗਏ ,ਆਪਣਾ ਕੀਮਤੀ ਸਮਾਂ ਨਸ਼ਿਆਂ ਵਿੱਚ ਨਸ਼ਟ ਕਰਨ ਲੱਗੇ ਸਨ। ਤੰਬਾਕੂ ਉਸ ਸਮੇਂ ਦਾ ਨਵਾਂ ਨਵਾਂ ਅਤੇ ਸਸਤਾ ਨਸ਼ਾ ਹੋਣ ਕਾਰਨ ਲੋਕਾਂ ਨੂੰ ਇਸ ਦੀ ਲੱਤ ਲੱਗ ਗਈ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਵੱਲ ਆਉਣਾ ਸ਼ੁਰੂ ਕੀਤਾ।ਮਾਝੇ ਤੇ ਦੋਆਬੇ ਵਿੱਚ ਪਹਿਲੀਆਂ ਪੰਜ ਗੁਰੂ ਜੋਤਾਂ ਨੇ ਕਾਫ਼ੀ ਸੋਝੀ ਦੇ ਦਿੱਤੀ ਸੀ। ਇਸ ਇਲਾਕੇ ਵਿੱਚ ਵੀ ਸਖੀ ਸਰਵਰਾਂ ਦੇ ਬਹੁਤ ਚੇਲੇ ਹੋ ਗਏ ਸਨ। ਉਹ ਕਬਰਾਂ ਨੂੰ ਪੂਜਦੇ ਅਤੇ ਗੁੱਗੇ ਮਨਾਉਂਦੇਂ ਸਨ। ਗੁਰੂ ਜੀ ਨੇ ਇਸ ਕੁਰੀਤੀ ਤੋਂ ਹਟਾਉਣ ਦਾ ਉਪਰਾਲਾ ਕੀਤਾ। ਇਸਲਾਮ ਵਿੱਚ ਦਾਖਲ ਹੋਣ ਲਈ ਸਖੀ ਸਰਵਰ ਦੀ ਪੂਜਾ ਪਹਿਲੀ ਪੌੜੀ ਹੁੰਦੀ ਸੀ।
ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਵੱਲ ਧਿਆਨ ਦਿੱਤਾ ਤੇ ਫਿਰ ਪੂਰਬ ਵੱਲ 'ਅਣਖ ਨਾਲ ਜੀਣ' ਦਾ ਪ੍ਰਚਾਰ ਕਰਨ ਲਈ ਗਏ।ਸ੍ਰੀ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ਼ ਬਹਾਦਰ ਜੀ ਘਨੌਲੀ ਵਿਖੇ ਗਏ ।ਉੱਥੇ ਲੋਕਾਂ ਦੀ ਮਾੜੀ ਅਵਸਥਾ ਦੇਖ ਕੇ ਜੋ ਕੁਝ ਖਜ਼ਾਨੇ ਵਿਚ ਸੀ ਉਹ ਲੋੜਵੰਦਾਂ ਵਿੱਚ ਵੰਡ ਦਿੱਤਾ। ਉਥੋਂ ਫਿਰ ਆਪ ਜੀ ਰੋਪੜ ਗਏ।ਉਸ ਤੋ ਬਾਅਦ ਫਿਰ ਬਹਾਦਰਗੜ੍ਹ ਟਿਕਾਣਾ ਸ਼ੈਫਦੀਨ ਦੇ ਬਾਗ਼ ਵਿੱਚ ਕੀਤਾ।
ਗੁਰੂ ਜੀ ਦਾਦੂ ਮਾਜਰਾ,ਨੌ ਲੱਖਾ,ਲੰਗਿ,ਮੂਲੋਵਾਲ, ਫਰਵਾਹੀ,ਹੰਢਾਇਆ, ਭਲੇਹਰ,ਖੀਵਾ ਤੇ ਭਿਖੀ ਗਏ।
ਰਾਹ ਵਿੱਚ ਗੁਰੂ ਜੀ ਨੇ ਲੋੜ ਅਨੁਸਾਰ ਖੂਹ ਪੁਟਵਾਏ।ਫਿਰ ਉੱਥੋਂ ਹੀ ਗੁਰ ਤੇਗ ਬਹਾਦਰ ਜੀ, ਖਿਆਲਾ, ਮੌੜ, ਮਾਈਸਰ ਖਾਨਾ ਤੋਂ ਹੋ ਕੇ ਸਾਬੋ ਕੀ ਤਲਵੰਡੀ ਪੁੱਜੇ ।(ਸਾਬੋ ਕਿ ਤਲਵੰਡੀ ਮਗਰੋ ਤਕੜਾ ਕੇਂਦਰ ਬਣਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਇਥੇ ਹੀ ਟਿਕਾਣਾ 1705 ਈ. ਨੂੰ ਕੀਤਾ ਹੀ। ਇਹ ਜਗ੍ਹਾ ਫਿਰ ਦਮਦਮਾ ਸਾਹਿਬ ਕਰਕੇ ਪ੍ਰਸਿਧ ਹੋਈ।)ਕੁਝ ਦਿਨ ਦਮਦਮਾ ਸਾਹਿਬ ਟਿੱਕ ਕੇ ਗੁਰੂ ਜੀ ਧਰਮ ਦਾ ਕੋਟ ਬਛੋ ਆਹਵਾ ,ਗੋਬਿੰਦਪੁਰਾ ,ਸੰਘੇੜੀ ਤੇ ਗਰਨਾ ਤੋਂ ਹੋ ਕੇ ਧਮਧਾਨ ਪੁੱਜੇ।ਗੁਰੂ ਜੀ ਦਾ ਇਸ ਇਲਾਕੇ ਵਿੱਚ ਇਹ ਉਪਦੇਸ਼ ਸੀ :ਆਲਸ ਛੱਡੋ, ਉੱਦਮ ਕਰੋ ,ਕਾਮਯਾਬੀ ਤੁਹਾਡੇ ਪੈਰ ਚੁੰਮੇਗੀ। ਧਮਧਾਣ ਵਿਖੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਸਿੱਖ ਮੀਹਾਂ ਸੀ ਜਿਸ ਨੇ ਰਾਹ ਵਿੱਚ ਭੱਜ ਭੱਜ ਉਤਸ਼ਾਹ ਨਾਲ ਪਾਣੀ ਦੀ ਸੇਵਾ ਕੀਤੀ ਸੀ। ਉਨ੍ਹਾਂ ਦੀ ਯਾਦਗਾਰ ਧਮਧਾਣ ਹੈ ।ਉੱਥੋਂ ਗੁਰੂ ਦੀ ਰੋਹਤਕ ਤੇ ਕਰਨਾਲ ਦੇ ਜ਼ਿਲ੍ਹਿਆਂ ਵੱਲ ਗਏ। ਇਸੇ ਨੂੰ ਹੀ ਬਾਂਗਰ ਕਿਹਾ ਜਾਂਦਾ ਹੈ। ਪਿੰਡ ਖਰਕ ,ਖੱਟਕੜ ,ਟੋਕਰੀ ਹੁੰਦੇ ਹੋਏ ਗੁਰੂ ਤੇਗ ਬਹਾਦਰ ਜੀ ਕੈਥਲ ਪਹੁੰਚੇ ।ਬਰਾਨਾ ਦੇਸ਼ ਵਿੱਚ ਹੀ ਗੁਰੂ ਜੀ ਨੇ ਤੰਬਾਕੂ ਨੂੰ ਹੱਥ ਨਾ ਲਾਉਣ ,ਨਾ ਉਗਾਉਣ ਤੇ ਨਾ ਪੀਣ ਦਾ ਹੁਕਮ ਦਿੱਤਾ।ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਉੱਥੇ ਲੋਕਾਂ ਵਿੱਚ ਨਵੀਂ ਜਿੰਦ ਤੇ ਨਵਾਂ ਰੂਪ, ਨਵਾਂ ਉਤਸ਼ਾਹ ਤੇ ਉਮਾਹ ਜਾਗ ਉੱਠਦਾ ਤੇ ਠਾਠਾਂ ਮਾਰਨ ਲੱਗ ਪੈਂਦਾ ।ਦੂਰੋਂ ਦੂਰੋਂ ਲੋਕ ਆਪ ਜੀ ਦੇ ਦਰਸ਼ਨ ਕਰਨ ਤੇ ਉਪਦੇਸ਼ ਸੁਣਨ ਲਈ ਆਉਂਦੇ ਸਨ।

ਇਹ ਵੀ ਪੜ੍ਹੋ-400 ਸਾਲਾ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਮਹਾਨ ਜੀਵਨ 'ਤੇ ਇਕ ਝਾਤ

ਸੁਰਜੀਤ ਸਿੰਘ 'ਦਿਲਾ ਰਾਮ'
ਐਮ ਏ ਧਰਮ ਅਧਿਐਨ 
ਸੰਪਰਕ 99147-22933 


author

Aarti dhillon

Content Editor

Related News