ਕੋਰੋਨਾ ਨਾਲ ਨਜਿੱਠਣ ਵਾਲੇ "ਪੰਜਾਬ ਮਾਡਲ" ਦੀ ਚਰਚਾ ਅਮਰੀਕਾ ਤੱਕ, ਜਾਣੋਂ ਕਿਉਂ (ਵੀਡੀਓ)

Monday, Jun 01, 2020 - 02:28 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਲਾਗ (ਮਹਾਮਾਰੀ) ਨਾਲ ਨਜਿੱਠਣ ਲਈ ਕੇਰਲ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਹੈ, ਜਿਸ ਦੀ ਚਰਚਾ ਅਮਰੀਕਾ ਤੱਕ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਵਿੱਚ ਬਾਓਸਟੈਟਿਸਟਿਕਸ ਅਤੇ ਮਹਾਮਾਰੀ ਰੋਗ ਮਾਹਿਰ ਭ੍ਰਹਰ ਮੁਖਰਜੀ ਨੇ ਭਾਰਤ ਦੇ ਕੋਰੋਨਾ ਪ੍ਰਭਾਵਿਤ ਵੀਹ ਸੂਬਿਆਂ 'ਤੇ ਕੰਮ ਕੀਤਾ ਹੈ। ਉਨ੍ਹਾਂ ਦੀ ਖੋਜ ਮੁਤਾਬਕ ਕੇਰਲ ਤੋਂ ਇਲਾਵਾ ਪੰਜਾਬ ਉਹ ਸੂਬਾ ਹੈ, ਜਿਸ ਨੇ ਕੋਰੋਨਾ ਨੂੰ ਲੈ ਕੇ ਬਿਹਤਰ ਕੰਮ ਕੀਤਾ ਹੈ। ਇਸ ਲਈ ਕੇਰਲ ਅਤੇ ਪੰਜਾਬ ਨੂੰ ਉਹ ਡੂਇੰਗ ਵੈੱਲ ਜਾਣੀ ਕਿ ਚੰਗਾ ਕੰਮ ਕਰਨ ਵਾਲੇ ਸੂਬਿਆਂ ਦੀ ਉਦਾਹਰਨ ਮੰਨਦੀ ਹੈ। 

ਆਖਿਰ ਕੇਰਲਾ ਤੋਂ ਬਾਅਦ ਪੰਜਾਬ ਮਾਡਲ ਚਰਚਾ ਵਿੱਚ ਕਿਵੇਂ ਹੈ ਅਤੇ ਇਸ ਨੇ ਕੰਮ ਕਿਵੇਂ ਕੀਤਾ?
ਦਰਅਸਲ ਸ਼ੁਰੂਆਤ ’ਚ ਪੰਜਾਬ ਅੰਦਰ ਕੋਰੋਨਾ ਮਾਮਲਿਆਂ ਨੂੰ ਲੈ ਕੇ ਤੇਜ਼ੀ ਵੇਖੀ ਗਈ ਸੀ। ਪਰ ਬਾਅਦ ’ਚ ਕਾਂਟੈਕਟ ਟਰੇਸਿੰਗ ਅਤੇ ਆਈਸੋਲੇਸ਼ਨ ਰਾਹੀਂ ਇਸ ’ਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਸੀ। ਵੱਡੀ ਗੱਲ ਇਹ ਵੀ ਰਹੀ ਕਿ ਜਿਵੇਂ ਹੋਰਾਂ ਸੂਬਿਆਂ ਵਿੱਚ ਵਧੇਰੇ ਫੈਲਾਅ ਵਾਲੇ ਮਾਮਲੇ ਵੇਖਣ ਨੂੰ ਮਿਲੇ ਅਤੇ ਉਨ੍ਹਾਂ ’ਤੇ ਛੇਤੀ ਕਾਬੂ ਨਹੀਂ ਪਿਆ ਪਰ ਪੰਜਾਬ ਅੰਦਰ ਭਾਵੇਂ ਕਿ ਵਧੇਰੇ ਫੈਲਾਅ ਦੇ ਤਿੰਨ ਮਾਮਲੇ ਆਏ ਸਨ ਪਰ ਉਨ੍ਹਾਂ ਨਾਲ ਛੇਤੀ ਹੀ ਨਜਿੱਠ ਲਿਆ ਗਿਆ ਸੀ। ਪੰਜਾਬ ਦੇ ਸੁਪਰ ਸਪਰੈਡਜ਼ ਵਿੱਚ ਪਹਿਲਾ ਮਾਮਲਾ ਚਾਰ ਅਪ੍ਰੈਲ ਨੂੰ ਮੁਹਾਲੀ ਤੋਂ ਸਾਹਮਣੇ ਆਇਆ, ਜਿੱਥੇ ਇੱਕ ਬੰਦੇ ਤੋਂ ਲਾਗ ਲੱਗ ਕੇ ਤੇਤੀ ਹੋਰ ਕੋਰੋਨਾ ਪਾਜ਼ੇਟਿਵ ਹੋ ਗਏ ਸਨ, ਉਸ ਤੋਂ ਬਾਅਦ ਦੂਜਾ ਮਾਮਲਾ 29 ਅਪ੍ਰੈਲ ਨੂੰ ਜਲੰਧਰ ਤੋਂ ਸਾਹਮਣੇ ਆਇਆ ਸੀ। ਉਸ ਬੰਦੇ ਨੇ 45 ਜਣਿਆਂ ਨੂੰ ਇਸ ਦੀ ਲਾਗ ਲਗਾ ਦਿੱਤੀ ਸੀ। ਤੀਜਾ ਅਤੇ ਸੁਪਰ ਸਪਰੈਡਰ ਦਾ ਅਖੀਰਲਾ ਮਾਮਲਾ ਨੰਦੇੜ ਸਾਹਿਬ ਤੋਂ ਆਏ ਤੀਰਥ ਯਾਤਰੀਆਂ ਦੇ ਇੱਕ ਜੱਥੇ ਵਿੱਚੋਂ 1200 ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗੀ ਹੋਣ ਦਾ ਸੀ ਪਰ ਇਸ ਸਭ ਨਾਲ ਪੰਜਾਬ ਨੇ ਬੜੀ ਛੇਤੀ ਹੀ ਨਜਿੱਠ ਲਿਆ ਸੀ। ਲਾਗ ਲੱਗੇ ਬੰਦਿਆਂ ਨੂੰ ਛੇਤੀ ਹੀ ਲੱਭ ਕੇ ਇਕਾਂਤਵਾਸ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਖੇਤੀ ਵਿਗਿਆਨੀ ਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ PAU ਤੋਂ ਸੇਵਾ ਮੁਕਤ ਹੋਏ

ਦੱਸ ਦੇਈਏ ਕਿ ਪੰਜਾਬ ਦੀ ਆਬਾਦੀ ਤਕਰੀਬਨ 2 ਕਰੋੜ 77 ਲੱਖ ਹੈ। 30 ਮਈ ਤੱਕ ਇੱਥੇ 2258 ਬੰਦਿਆਂ ਨੂੰ ਕੋਰੋਨਾ ਲਾਗ ਲੱਗਣ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿੱਚੋਂ ਤਕਰੀਬਨ ਸਾਰੇ ਹੀ ਠੀਕ ਹੋਣ ਵਾਲੇ ਹਨ। ਪੰਜਾਬ ਅੰਦਰ ਹੁਣ ਤੱਕ ਕੋਰੋਨਾ ਨਾਲ 40 ਲੋਕਾਂ ਦੀ ਮੌਤ ਹੋਈ ਹੈ। ਪ੍ਰੋਫੈਸਰ ਮੁਖਰਜੀ ਅਨੁਸਾਰ ਜਦੋਂ ਸਾਰੇ ਭਾਰਤ ਦੇ ਕੋਰੋਨਾ ਡਾਟੇ ਦੀ ਗੱਲ ਆਉਂਦੀ ਹੈ ਤਾਂ ਸੂਬਿਆਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਇਸ ਕਰਕੇ ਪੰਜਾਬ 'ਤੇ ਕਿਸੇ ਦੀ ਨਜ਼ਰ ਨਹੀਂ ਪਈ ਕਿ ਇਸ ਦਾ ਕੋਰੋਨਾ ਨੂੰ ਲੈ ਕੇ ਕੰਮ ਕਿੰਨਾ ਸ਼ਾਨਦਾਰ ਹੈ। 

ਪੜ੍ਹੋ ਇਹ ਵੀ ਖਬਰ - ਸੂਬਾ ਪੱਧਰੀ ਅਰਥੀ-ਫੂਕ ਮੁਜ਼ਾਹਰਿਆਂ ਦੇ ਦੂਜੇ ਦਿਨ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਲਿਆ ਨਿਸ਼ਾਨੇ 'ਤੇ

ਪੰਜਾਬ ਉਨ੍ਹਾਂ ਮੋਹਰੀ ਸੂਬਿਆਂ ’ਚੋਂ ਇਕ ਹੈ, ਜਿਸ ਨੇ ਪੂਰੇ ਦੇਸ਼ ਵਿੱਚ ਤਾਲਾਬੰਦੀ ਹੋਣ ਤੋਂ ਪਹਿਲਾਂ ਹੀ ਸੂਬੇ ਵਿੱਚ ਕਰਫਿਊ ਲਗਾ ਦਿੱਤਾ ਸੀ। ਪੰਜਾਬ ਅੰਦਰ ਹੁਣ 2000 ਤੋਂ 2200 ਕੋਰੋਨਾ ਨਮੂਨਿਆਂ ਦੀ ਜਾਂਚ ਰੋਜ਼ਾਨਾ ਹੁੰਦੀ ਹੈ। ਦੂਜੀ ਵੱਡੀ ਗੱਲ ਕਿ ਹੁਣ ਤੱਕ ਪੰਜਾਬ ’ਚ ਕਿਸੇ ਵੀ ਡਾਕਟਰ ਦੀ ਮੌਤ ਕੋਰੋਨਾ ਨਾਲ ਨਹੀਂ ਹੋਈ। ਹੁਣ ਪੰਜਾਬ ਲਈ ਇੱਕ ਵੱਡੀ ਚੁਣੌਤੀ ਇਹ ਹੈ ਕਿ ਤਾਲਾਬੰਦੀ ’ਚ ਢਿੱਲ ਤੋਂ ਬਾਅਦ ਕੁਤਾਹੀ ਨਾ ਵਰਤੀ ਜਾਵੇ, ਜਿਸ ਨਾਲ ਕੋਰੋਨਾ ਕੇਸ ਫਿਰ ਵੱਧ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਲੁੱਟਣ ਵਾਲਿਆਂ ਨੇ ਨਾ ਕੋਰੋਨਾ ਦੀ ਪ੍ਰਵਾਹ ਕੀਤੀ, ਨਾ ਕਿਸੇ ਦੀ ਮਜ਼ਬੂਰੀ ਦੀ, ਲੁੱਟ ਜਾਰੀ ਰੱਖੀਂ

ਦੂਜੀ ਚੁਣੌਤੀ ਪੰਜਾਬ ਅੰਦਰ ਬਿਨਾਂ ਲੱਛਣਾਂ ਵਾਲੇ ਕੋਰੋਨਾ ਮਾਮਲੇ ਵੀ ਹਨ। ਸਿਹਤ ਮਾਹਿਰਾਂ ਮੁਤਾਬਕ ਪੰਜਾਬ ਅੰਦਰ 85 ਫ਼ੀਸਦੀ ਅਜਿਹੇ ਮਾਮਲੇ ਹੀ ਹਨ। ਹੁਣ ਜਿਵੇਂ ਜਿਵੇਂ ਜ਼ਿੰਦਗੀ ਫਿਰ ਰਫਤਾਰ ਫੜੇਗੀ ਤਾਂ ਇਸ ਵਿੱਚ ਪੰਜਾਬ ਵਾਸੀਆਂ ਅਤੇ ਸਰਕਾਰ ਨੂੰ ਇਹਤਿਆਤ ਵਰਤਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਲੋੜ ਹੈ। ਇਸ ਮਾਮਲੇ ਦੇ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਮਾਂ ਬਾਪ ਦਾ ਜ਼ਿੰਦਗੀ ਵਿੱਚ ਅਹਿਮ ਰੋਲ, ਆਓ ਇੱਜ਼ਤ ਕਰਨਾ ਸਿੱਖੀਏ


rajwinder kaur

Content Editor

Related News