ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-13)

06/06/2020 12:46:24 PM

ਲੇਖਕ – ਗੁਰਤੇਜ ਸਿੰਘ ਕੱਟੂ
98155 94197 

ਜਦੋਂ ਸਾਰੇ ਨੇਤਾ ਜੇਲ੍ਹ ’ਚ ਕੈਦ ਸਨ ਤਾਂ ਉਨ੍ਹਾਂ ਨੇ ਫ਼ੈਸਲਾ ਲਿਆ ਸੀ ਕਿ ਜਦੋਂ ਹੀ ਉਹ ਜੇਲ੍ਹ ਤੋਂ ਬਾਹਰ ਜਾਣਗੇ ਤਾਂ ਆਜ਼ਾਦੀ ਦੇ ਸੰਘਰਸ਼ ਲਈ ਰੂਪੋਸ਼ ਹੋ ਕੇ ਕੰਮ ਕਰਨਗੇ।

ਨੈਲਸਨ ’ਤੇ ਜ਼ਿੰਮੇਵਾਰੀ ਲਾਈ ਗਈ ਕਿ ਉਹ ਵੱਧ ਤੋਂ ਵੱਧ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਨੂੰ ਦੱਸੇ ਕਿ ਏ.ਐੱਨ.ਸੀ. ਪੂਰੀ ਤਰ੍ਹਾਂ ਕਾਇਮ ਹੈ ਅਤੇ ਇਹ ਪੂਰੀ ਸ਼ਕਤੀ ਨਾਲ ਸੰਘਰਸ਼ ਦੇ ਰਾਹ ’ਤੇ ਚੱਲ ਰਹੀ ਹੈ।

ਨੈਲਸਨ ਨੂੰ ਇਹ ਗੱਲ ਜ਼ਿਆਦਾ ਚੰਗੀ ਤਾਂ ਨਹੀਂ ਲੱਗੀ ਪਰ ਹੁਣ ਉਸਨੂੰ ਇਹ ਕਰਨਾ ਹੀ ਪੈਣਾ ਸੀ। ਨੈਲਸਨ ਦੀ ਜ਼ਿੰਦਗੀ ਵਿਚ ਹੁਣ ਅਜਿਹਾ ਸਮਾਂ ਆ ਖਲੋਤਾ ਸੀ, ਜਿਸ ਵਿਚ ਉਸਨੂੰ ਆਪਣੇ ਪਰਿਵਾਰ ਤੋਂ ਵੀ ਦੂਰ ਹੋਣਾ ਪੈਣਾ ਸੀ। ਹੁਣ ਉਸ ਲਈ ਅਜਿਹਾ ਸਮਾਂ ਆ ਗਿਆ ਸੀ ਕਿ ਉਸ ਲਈ ਪੈਰ ਪੈਰ ’ਤੇ ਖ਼ਤਰਾ ਸੀ।

ਨੈਲਸਨ ਲਿਖਦਾ ਹੈ:

“ਜਦੋਂ ਮੈਂ ਘਰ ਵਾਪਿਸ ਪਰਤਿਆ ਤਾਂ ਮੈਨੂੰ ਲੱਗਾ ਜਿਵੇਂ ਵਿੰਨੀ ਮੇਰੀ ਸੋਚ ਪੜ੍ਹ ਰਹੀ ਹੋਵੇ। ਮੇਰੀ ਸ਼ਕਲ ਦੇਖਦਿਆਂ ਹੀ ਉਸਨੂੰ ਅੰਦਾਜ਼ਾ ਹੋ ਗਿਆ ਸੀ ਕਿ ਮੈਂ ਹੁਣ ਅਜਿਹੇ ਜੀਵਨ ਪੰਧ ’ਤੇ ਚੱਲਣ ਵਾਲਾ ਸੀ, ਜੋ ਅਸੀਂ ਕਦੇ ਨਹੀਂ ਸੀ ਚਾਹਿਆ। ਮੈਂ ਉਸਨੂੰ ਸਾਰੀ ਗੱਲ ਬਾਤ ਦੱਸੀ ਜੋ ਏ.ਐੱਨ.ਸੀ. ਨੇ ਮੇਰੀ ਜ਼ਿੰਮੇਵਾਰੀ ਲਗਾਈ ਸੀ ਤੇ ਕਿਹਾ ਕਿ ਮੈਂ ਸਵੇਰੇ ਜਾਣਾ ਹੈ। ਉਸ ਦਾ ਚਿਹਰਾ ਭਾਵਹੀਨ ਸੀ। ਸ਼ਾਇਦ ਉਸਨੂੰ ਪਹਿਲਾਂ ਹੀ ਇਸ ਗੱਲ ਦਾ ਪਤਾ ਸੀ ਕਿ ਇਹ ਤਾਂ ਇਕ ਦਿਨ ਹੋਣ ਵਾਲਾ ਹੀ ਸੀ। ਮੈਂ ਉਸਨੂੰ ਕਿਹਾ ਕਿ ਮੇਰੇ ਜਾਣ ਤੋਂ ਬਾਅਦ ਉਸਦਾ ਧਿਆਨ ਮੇਰੇ ਰਿਸ਼ਤੇਦਾਰ ਅਤੇ ਦੋਸਤ ਰੱਖਣਗੇ। ਮੈਂ ਉਸਨੂੰ ਨਹੀਂ ਦੱਸਿਆ ਕਿ ਮੈਂ ਕਿੰਨੇ ਸਮੇਂ ਲਈ ਜਾ ਰਿਹਾ ਹਾਂ ਅਤੇ ਨਾ ਹੀ ਉਸਨੇ ਹੀ ਇਹ ਸਵਾਲ ਪੁੱਛਿਆ। ਇਹ ਠੀਕ ਵੀ ਸੀ, ਕਿਉਂਕਿ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ।”

“ਉਸ ਸ਼ਾਮ ਮੈਂ ਆਪਣੀ ਪਤਨੀ ਤੇ ਬੱਚਿਆਂ ਨਾਲ 3 ਘੰਟੇ ਬਿਤਾਏ ਅਤੇ ਨੇੜੇ ਦੀ ਵਾਦੀ ਵਿਚ ਸੈਰ ਕੀਤੀ, ਖੇਡੇ ਤੇ ਗੱਲਾਂ ਕਰਦੇ ਰਹੇ। ਆਜ਼ਾਦੀ ਘੁਲਾਟੀਆਂ ਦੇ ਬੱਚੇ ਵੀ ਕੁਦਰਤੀ ਤੌਰ ’ਤੇ ਸਿਆਣੇ ਹੋ ਜਾਂਦੇ ਹਨ ਅਤੇ ਉਹ ਬਹੁਤੇ ਸਵਾਲ ਜਵਾਬ ਨਹੀਂ ਕਰਦੇ। ਮੈਂ ਆਪਣੇ ਪਰਿਵਾਰ ਨੂੰ ਅਲਵਿਦਾ ਕਹੀ ਅਤੇ ਅੱਧੀ ਰਾਤ ਘਰੋਂ ਨਿਕਲ ਪਿਆ।”

ਅਗਲੇ ਕੁਝ ਦਿਨਾਂ ਵਿਚ ਨੈਲਸਨ ਨੇ ਦੇਸ਼ ਵਿਚ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਚੇਤੰਨ ਕਰਨਾ ਸ਼ੁਰੂ ਕਰ ਦਿੱਤਾ। 25 ਮਾਰਚ ਨੂੰ ਨੈਲਸਨ ਨੇ ਪੀਟਰ ਮਰਿਟਜ਼ਬਰਗ ਸ਼ਹਿਰ ਵਿਚ ਸੰਬੋਧਨ ਕੀਤਾ। ਏਥੇ ਦੇਸ਼ ਭਰ ਤੋਂ 1400 ਡੈਲੀਗੇਟ ਇਕੱਠੇ ਹੋਏ।

ਪੜ੍ਹੋ ਇਹ ਵੀ ਖਬਰ - ਮੈਡੀਕਲ ਕਾਲਜਾਂ ’ਚ ਅਚਾਨਕ ਵਧਾਈਆਂ ਗਈਆਂ ਫ਼ੀਸਾਂ ਦੀ ਜਾਣੋ ਅਸਲ ਹਕੀਕਤ

ਨੈਲਸਨ ਨੇ ਉਨ੍ਹਾਂ ਨੂੰ ਭਾਸ਼ਣ ਦਿੰਦਿਆਂ ਕਿਹਾ ਕਿ ਇਕ ਅਜਿਹੀ ਰਾਸ਼ਟਰੀ ਸਭਾ ਬੁਲਾਈ ਜਾਵੇ, ਜਿਸ ਵਿਚ ਦੱਖਣੀ ਅਫ਼ਰੀਕਾ ਦੇ ਸਾਰੇ ਵਸਨੀਕ, ਗੋਰੇ, ਕਾਲੇ, ਭਾਰਤੀ ਮੂਲ ਦੇ ਅਤੇ ‘ਰੰਗਦਾਰ’ ਨਸਲ ਦੇ ਸਭ ਮੌਜੂਦ ਹੋਣ ਅਤੇ ਇਨ੍ਹਾਂ ਸਭ ਦੀ ਭਾਵਨਾ ਨੂੰ ਮਿਲਾ ਕੇ ਅਜਿਹਾ ਸੰਵਿਧਾਨ ਤਿਆਰ ਕਰੀਏ, ਜਿਸ ਵਿਚ ਦੇਸ਼ ਦੇ ਸਾਰੇ ਲੋਕਾਂ ਦੀ ਇਕ ਸਾਂਝ ਦੀ ਹੋਂਦ ਹੋਵੇ।

ਇਹ ਗੱਲ ਹੁਣ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚਾਉਣੀ ਸੀ। ਇਸ ਲਈ ਰਾਸ਼ਟਰੀ ਅਫ਼ਰੀਕੀ ਸਮਿਤੀ ਦਾ ਗਠਨ ਕੀਤਾ ਗਿਆ ਤੇ ਨੈਲਸਨ ਨੂੰ ਇਸ ਦਾ ਆਨਰੇਰੀ ਸਕੱਤਰ ਨਿਯੁਕਤ ਕੀਤਾ ਗਿਆ।

ਸੰਮੇਲਨ ਸਮਾਪਤ ਹੋਣ ਤੋਂ ਬਾਅਦ ਨੈਲਸਨ ਨੇ ਪ੍ਰਧਾਨ ਮੰਤਰੀ ਵਰਵੋਇਰਡ ਨੂੰ ਇਕ ਪੱਤਰ ਭੇਜਿਆ, ਜਿਸ ਵਿਚ ਉਸਨੇ ਸਰਕਾਰ ਨੂੰ ਵਿਧੀਵਤ ਤਰੀਕੇ ਨਲ ਇਕ ਰਾਸ਼ਟਰੀ ਸੰਵਿਧਾਨ ਨਿਰਮਾਣ ਦਾ ਗਠਨ ਕਰਨ ਸੰਬੰਧੀ ਲਿਖਿਆ। ਇਸ ਪੱਤਰ ਵਿਚ ਨੈਲਸਨ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਤਾਂ ਉਹ ਮਈ 29 ਤੋਂ ਸ਼ੁਰੂ ਹੋਣ ਵਾਲੀ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤਿੰਨ ਦਿਨਾਂ ਹੜਤਾਲ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ।

ਪੜ੍ਹੋ ਇਹ ਵੀ ਖਬਰ - ਸਕੂਲੀ ਸਿੱਖਿਆ ਨੂੰ ਮੁੜ ਤੋਂ ਲੀਹੇ ਪਾਉਣ ਦੀ ਤਿਆਰੀ ਜਾਣੋ ਕਿਵੇਂ ਕਰੀਏ ?

ਨੈਲਸਨ ਨੇ ਪੱਤਰ ਵਿਚ ਲਿਖਿਆ, “ਸਾਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਸਾਡੀ ਹੜਤਾਲ ਦੇ ਖ਼ਿਲਾਫ਼ ਸਰਕਾਰ ਕਿਹੋ ਜਿਹੇ ਸਖ਼ਤ ਕਦਮ ਉਠਾ ਸਕਦੀ ਹੈ। ਪਿਛਲੇ 12 ਮਹੀਨਿਆਂ ਦੌਰਾਨ ਅਸੀਂ ਤਾਨਾਸ਼ਾਹੀ ਦੇ ਇਕ ਨਿਹਾਇਤ ਹੀ ਜ਼ਾਲਿਮਾਨਾ ਦੌਰ ਵਿਚੋਂ ਗੁਜ਼ਰੇ ਸਾਂ।”

ਪਰ ਵਰਵੋਇਡਰ ਨੇ ਨੈਲਸਨ ਦੇ ਇਸ ਪੱਤਰ ਦਾ ਕੋਈ ਜਵਾਬ ਨਾ ਭੇਜਿਆ ਤੇ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਨੇ ਇਸਦਾ ਜ਼ਿਕਰ ਕਰਦਿਆਂ ਇਸ ਨੂੰ “ਹੰਕਾਰ” ਕਰਾਰ ਦਿੱਤਾ।

ਸੋ ਸਰਕਾਰ ਹੁਣ ਕਾਫ਼ੀ ਡਰ ਗਈ ਸੀ। ਇਸ ਲਈ ਸਰਕਾਰ ਨੇ ਦੇਸ਼ ਦੇ ਅੰਦਰ ਹੁਣ ਤੱਕ ਦਾ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਪੁਲਸੀਆ ਅਤੇ ਫੌਜੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਆਮ ਲੋਕਾਂ ਨੂੰ ਡਰਾਇਆ ਜਾ ਸਕੇ ਪਰ ਸਰਕਾਰ ਨੂੰ ਇਸ ਵਾਰ ਨਾਕਾਮਯਾਬੀ ਹੀ ਦੇਖਣ ਨੂੰ ਮਿਲੀ।

ਪੜ੍ਹੋ ਇਹ ਵੀ ਖਬਰ - ਫੇਸਬੁੱਕ ’ਤੇ ਜਾਅਲੀ ID ਬਣਾ ਕੁੜੀ ਦੀਆਂ ਤਸਵੀਰਾਂ ਕੀਤੀਆਂ ਵਾਇਰਲ, ਨੌਜਵਾਨ ਕਾਬੂ

ਓਧਰ 29 ਮਈ 1961 ਨੂੰ ਮੁਕੱਦਮੇ ਦਾ ਫ਼ੈਸਲਾ ਵੀ ਆ ਗਿਆ ਸੀ। ਏ.ਐੱਨ.ਸੀ. ’ਤੇ ਲਾਇਆ ਗਿਆ ਇਲਜ਼ਾਮ ਕਿ ਇਸਦੀ ਵਿਚਾਰਧਾਰਾ ਕਮਿਊਨਿਸਟ ਹੈ, ਸਾਬਤ ਨਾ ਹੋ ਸਕਿਆ। ਸਰਕਾਰ ਇਹ ਸਾਬਤ ਨਾ ਕਰ ਸਕੀ ਕਿ “ਫਰੀਡਮ ਚਾਰਟਰ” ਦੱਖਣੀ ਅਫ਼ਰੀਕਾ ਨੂੰ ਇਕ ਕਮਿਊਨਿਸਟ ਰਾਜ ’ਚ ਬਦਲਣਾ ਚਾਹੁੰਦਾ।

ਬਾਕੀ ਦੇ ਕੈਦੀ ਵੀ ਹੁਣ ਬਰੀ ਕਰ ਦਿੱਤੇ। ਲੋਕਾਂ ਲਈ ਇਹ ਇਕ ਨਵੀਂ ਉਮੰਗ ਤੇ ਉਤਸ਼ਾਹ ਭਰਪੂਰ ਫ਼ੈਸਲਾ ਸੀ।

ਪੜ੍ਹੋ ਇਹ ਵੀ ਖਬਰ - ਹੱਥਾਂ-ਪੈਰਾਂ ਦੀ ਸੋਜ ਨੂੰ ਘੱਟ ਕਰਦੈ ‘ਕੜੀ ਪੱਤਾ’, ਅੱਖਾਂ ਲਈ ਵੀ ਹੈ ਗੁਣਕਾਰੀ

PunjabKesari

ਅਦਾਲਤ ਦਾ ਇਹ ਫ਼ੈਸਲਾ ਉਨ੍ਹਾਂ ਦੀ ਜਿੱਤ ਤਾਂ ਸੀ ਪਰ ਇਸਦਾ ਮਤਲਬ ਇਹ ਨਹੀਂ ਸੀ ਕਿ ਅਸਲੀ ਭੇਦ ਭਾਵ ਵਾਲੀ ਸਰਕਾਰ ਹੁਣ ਕਾਲੇ ਵਿਅਕਤੀਆਂ ਨਾਲ ਇਨਸਾਫ਼ ਕਰਨ ਲੱਗ ਪਈ ਸੀ। ਅਸਲ ਵਿਚ ਸਰਕਾਰੀ ਵਕੀਲਾਂ ਦੀਆਂ ਝੂਠੀਆਂ ਗਵਾਹੀਆਂ ਦੀ ਨਾਕਾਮਯਾਬੀ ਕਾਰਨ ਤੇ ਏ.ਐੱਨ.ਸੀ. ਦੇ ਸੰਵੇਦਨਸ਼ੀਲ ਵਕੀਲਾਂ ਦੇ ਕਾਰਜ ਸਦਕਾ ਹੀ ਇਹ ਸੰਭਵ ਹੋ ਸਕਿਆ ਸੀ।


rajwinder kaur

Content Editor

Related News