ਅੱਜ ਦੇ ਦਿਨ ਖੁਸ਼ਵੰਤ ਸਿੰਘ ਨੇ ਦੁਨੀਆ ਨੂੰ ਕਿਹਾ ਸੀ ਅਲਵਿਦਾ, ਜਾਣੋ ਉਨ੍ਹਾਂ ਬਾਰੇ ਕੁਝ ਰੌਚਕ ਗੱਲਾਂ

Saturday, Mar 20, 2021 - 02:00 PM (IST)

ਅੱਜ ਦੇ ਦਿਨ ਖੁਸ਼ਵੰਤ ਸਿੰਘ ਨੇ ਦੁਨੀਆ ਨੂੰ ਕਿਹਾ ਸੀ ਅਲਵਿਦਾ, ਜਾਣੋ ਉਨ੍ਹਾਂ ਬਾਰੇ ਕੁਝ ਰੌਚਕ ਗੱਲਾਂ

ਜਲੰਧਰ (ਬਿਊਰੋ) - ਅੱਜ ਅਸੀਂ ਪ੍ਰਸਿੱਧ ਭਾਰਤੀ ਨਾਵਲਕਾਰ, ਪੱਤਰਕਾਰ, ਇਤਿਹਾਸਕਾਰ ਤੇ ਬੇਬਾਕ ਲੇਖਕ ਖੁਸ਼ਵੰਤ ਸਿੰਘ (2 ਫਰਵਰੀ 1915- 20 ਮਾਰਚ 2014) ਦੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ, ਜਿਨ੍ਹਾਂ ਨੇ ਆਪਣੀ ਲੇਖਣੀ ਨਾਲ ਇਤਿਹਾਸ ਦੇ ਪੰਨਿਆਂ ’ਚ ਆਪਣਾ ਨਾਂ ਦਰਜ ਕਰਵਾ ਲਿਆ। ਇਨ੍ਹਾਂ ਨੇ ਦੁਨੀਆ ਦੇ ਲਗਭਗ ਸਾਰੇ ਜਿਊਂਦੇ-ਮੁਰਦੇ ਵਿਸ਼ਿਆਂ 'ਤੇ ਕਲਮ ਚਲਾਈ। ਧਰਮ, ਰਾਜਨੀਤੀ, ਫਿਲਮਾਂ, ਸ਼ਾਇਰੀ, ਸਿੱਖ ਇਤਿਹਾਸ, ਨਾਵਲ, ਅਨੁਵਾਦ, ਜੀਵਨੀਆਂ, ਵਹਿਮ-ਭਰਮ ਯਾਨੀ ਕਿ ਸਮੇਂ ਦੇ ਦਰਿਆ ਨਾਲ, ਜੋ ਕੁਝ ਵੀ ਉਨ੍ਹਾਂ ਦੇ ਦਿਲ ’ਚ ਆਇਆ, ਉਨ੍ਹਾਂ ਨੇ ਪੰਨ੍ਹੇ 'ਤੇ ਉਕੇਰ ਕੇ ਰੱਖ ਦਿੱਤਾ। ਖੁਸ਼ਵੰਤ ਸਿੰਘ ਬਾਰੇ ਕੁਝ ਲਿਖਣਾ ਜਾਂ ਕਹਿਣਾ ਇਕ ਸਦੀ ਨੂੰ ਕੁਝ ਸਕਿੰਟਾਂ ’ਚ ਸਮੇਟਣ ਅਤੇ ਸਮੁੰਦਰ ਨੂੰ ਕੁੱਜੇ ’ਚ ਭਰਨ ਦੀ ਕੋਸ਼ਿਸ਼ ਵਰਗਾ ਹੈ, ਜਿਸ ਦੇ ਬਾਵਜੂਦ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਕਾਲਮ ਨਵੀਸ ਬਾਰੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇ ਸਕੀਏ...

ਖੁਸ਼ਵੰਤ ਸਿੰਘ ਦੇ ਜੀਵਨ ਬਾਰੇ
ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ਨੂੰ ਬਰਤਾਨਵੀ ਪੰਜਾਬ ਦੇ ਹਦਾਲੀ ਵਿਖੇ ਇਕ ਸਿੱਖ ਪਰਿਵਾਰ ਹੋਇਆ, ਜੋ ਹੁਣ ਪਾਕਿ ਵਿਖੇ ਸਥਿਤ ਹੈ। 20 ਮਾਰਚ 2014 ਨੂੰ ਜੀਵਨ ਕਾਲ ਦੀ ਇਕ ਸਦੀ ਪੂਰੀ ਕਰਨ ਤੋਂ ਕੁਝ ਮਹੀਨੇ ਪਹਿਲਾਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਆਪਣੇ ਜੀਵਨ ਕਾਲ ’ਚ ਉਨ੍ਹਾਂ ਜੋ ਕੁਝ ਲਿਖਿਆ, ਉਸ ਦਾ ਅਸਰ ਸਦੀਆਂ ਤੱਕ ਰਹੇਗਾ। ਪੂਰੀ ਦੁਨੀਆ ਖੁਸ਼ਵੰਤ ਸਿੰਘ ਨੂੰ ਦੋ ਰੂਪਾਂ ’ਚ ਜਾਣਦੀ ਹੈ, ਇਕ ਉਹ ਖੁਸ਼ਵੰਤ ਸਿੰਘ, ਜੋ ਸ਼ਰਾਬ ਤੇ ਸੈਕਸ ਦਾ ਸ਼ੌਕੀਨ ਸੀ। ਜੋ ਹਮੇਸ਼ਾ ਸੋਹਣੀਆਂ ਕੁੜੀਆਂ ਨਾਲ ਘਿਰਿਆ ਰਹਿੰਦਾ ਸੀ। ਗੱਲ-ਗੱਲ 'ਤੇ ਚੁਟਕਲੇ ਸੁਣਾਉਂਦਾ ਤੇ ਠਹਾਕੇ ਲਗਾਉਂਦਾ ਸੀ। ਦੂਜਾ ਉਹ ਜੋ ਇਕ ਗੰਭੀਰ ਲੇਖਕ ਸੀ, ਬੇਹੱਦ ਨਿਮਰ ਤੇ ਖੁਸ਼ਦਿਲ, ਜੋ ਬੇਬਾਕੀ ਨਾਲ ਹਰ ਵਿਸ਼ੇ 'ਤੇ ਲਿਖਦਾ ਸੀ। 

PunjabKesari

ਖੁਸ਼ਵੰਤ ਸਿੰਘ ਨੇ ਹਾਸਲ ਕੀਤੀ ਉੱਚ ਵਿਦਿਆ
ਰੱਜੇ ਪੁੱਜੇ ਘਰ ਵਿਚ ਪੈਦਾ ਹੋਣ ਕਰਕੇ ਖੁਸ਼ਵੰਤ ਨੇ ਉੱਚੀ ਤੋਂ ਉੱਚੀ ਵਿਦਿਆ ਪ੍ਰਾਪਤ ਕੀਤੀ। ਐੱਮ. ਏ. (ਅੰਗਰੇਜ਼ੀ) ਕਰਨ ਮਗਰੋਂ ਉਨ੍ਹਾਂ ਨੇ ਲੰਡਨ ਤੋਂ ਬਾਰ-ਐਟ-ਲਾਅ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 1939 ਤੋਂ 1947 ਤੱਕ ਪੰਜਾਬ ਹਾਈ ਕੋਰਟ, ਲਾਹੌਰ (ਹੁਣ ਪਾਕਿ) ਵਿਖੇ ਵਕਾਲਤ ਕੀਤੀ। ਸੰਨ 1947 ਤੋਂ 1951 ਤੱਕ ਉਹ ਵਿਦੇਸ਼ ਮੰਤ੍ਰਾਲੇ ਵਲੋਂ ਆੱਟਾਵਾ ਅਤੇ ਲੰਡਨ ਵਿਖੇ ਲੋਕ ਸੰਪਰਕ ਅਫ਼ਸਰ ਰਹੇ। ਸੰਨ 1954 ਤੋਂ 56 ਤੱਕ ਇਸ ਦੀ ਨਿਯੁਕਤੀ ਯੂਨੈਸਕੋ (U.N.E.S.C.O.) ਵਿਚ ਹੋਈ। ਇਹ ਆੱਕਸਫ਼ੋਰਡ ਅਤੇ ਕਈ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਦਾ ਵਿਜ਼ਿਟਿੰਗ ਪ੍ਰੋਫ਼ੈਸਰ ਹੈ।

ਖੁਸ਼ਵੰਤ ਸਿੰਘ ਦੇ ਕਾਲਮ
ਉਨ੍ਹਾਂ ਦਾ ਕਾਲਮ 'ਵਿਦ ਮੈਲਿਸ ਟੂਵਾਰਡਜ਼ ਵਨ ਐਂਡ ਆਲ' ਦੇਸ਼ ਦਾ ਸਭ ਤੋਂ ਪੜ੍ਹਿਆ ਜਾਣ ਵਾਲਾ ਕਾਲਮ ਸੀ, ਜੋ ਕਈ ਅੰਗਰੇਜ਼ੀ ਅਖਬਾਰਾਂ ’ਚ ਛਪਦਾ ਸੀ। ਪੰਜਾਬ ਦੇ ਕਾਲਮ ਨਵੀਸ ਕਹਾਏ ਜਾਣ ਵਾਲੇ ਨਾਵਲ 'ਟਰੇਨ ਟੂ ਪਾਕਿਸਤਾਨ' ਨੇ ਵੰਡ ਦੇ ਦੁੱਖ ਨੂੰ ਇਸ ਤਰ੍ਹਾਂ ਛੂਹਿਆ, ਜਿਸ ਨੇ ਕਈ ਦਹਾਕਿਆਂ ਤੱਕ ਆਪਣਾ ਪ੍ਰਭਾਵ ਛੱਡਿਆ। ਪੰਜਾਬ ਦੇ ਕਾਲੇ ਦੌਰ ’ਚ ਜਦੋਂ ਕਲਮਾਂ ਖਾਮੋਸ਼ ਹੋਈਆਂ ਸਨ ਤਾਂ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਖਿਲਾਫ ਖੁੱਲ੍ਹ ਕੇ ਲਿਖਿਆ। 

ਸਿੱਖ ਇਤਿਹਾਸ ਅਤੇ ਧਰਮ ਦੀਆਂ ਪੁਸਤਕਾਂ
ਇਨ੍ਹਾਂ ਦੀਆਂ ‘ਏ ਹਿਸਟਰੀ ਆਫ਼ ਸਿੱਖਸ’ (ਦੋ ਜਿਲਦਾਂ), ‘ਰਣਜੀਤ ਸਿੰਘ, ਮਹਾਰਾਜਾ ਆਫ਼ ਦੀ ਪੰਜਾਬ’ (1789-1839), ‘ਸੈਕਰਿੰਡ ਰਾਈਟਿੰਗਜ਼ ਆਫ਼ ਦੀ ਸਿੱਖਸ’, ‘ਦੀ ਸਿੱਖਸ’, ‘ਫਾਲ ਆਫ਼ ਦੀ ਕਿੰਗਡਮ ਆਫ਼ ਦੀ ਪੰਜਾਬ’, ‘ਗਦਰ ਰਿਬੈਲੀਅਨ’, ‘ਸਿੱਖਸ ਟੂ ਡੇ’, ‘ਹੋਮੇਜ ਟੂ ਗੁਰੂ ਗੋਬਿੰਦ ਸਿੰਘ’, ‘ਹਿਮਜ਼ ਆਫ਼ ਨਾਨਕ ਦੀ ਗੁਰੂ’, ‘ਸਿੱਖਇਜ਼ਮ ਥਰੂ ਦੀ ਹਿਮਜ਼ ਆਫ਼ ਦੀ ਗੁਰੂਜ਼’ ਆਦਿ ਕਿਤਾਬਾਂ ਹਨ। 

PunjabKesari

ਗੱਲਪ ਸਾਹਿਤ ਵਿਚ ਖੁਸ਼ਵੰਤ ਸਿੰਘ ਦੀਆਂ ਰਚਨਾਵਾਂ
ਗੱਲਪ ਸਾਹਿਤ ਵਿਚ ਖੁਸ਼ਵੰਤ ਸਿੰਘ ਦੀਆਂ ਰਚਨਾਵਾਂ ‘ਮਾਰਕ ਆਫ਼ ਵਿਸ਼ਨੂੰ ਐਂਡ ਅਦਰ ਸਟੋਰੀਜ਼’, ‘ਟ੍ਰੇਨ ਟੂ ਪਾਕਿਸਤਾਨ’, ‘ਆਈ ਸ਼ੈੱਲ ਨੌਟ ਹੀਅਰ ਦੀ ਨਾਈਟਿੰਗੇਲ’, ‘ਦੀ ਵਾਇਸ ਆਫ਼ ਗਾਡ ਐਂਡ ਸਟੋਰੀਜ਼’, ‘ਬਲੈਕ ਜੈਸਮਿਨ ਐਂਡ ਅਦਰਰ ਸਟੋਰੀਜ਼’ ਅਤੇ ‘ਏ ਬ੍ਰਾਈਡ ਫ਼ਾਰ ਦੀ ਸਾਹਿਬ ਐਂਡ ਅਦਰ ਸਟੋਰੀਜ਼’ ਹਨ। 

ਪਦਮ ਭੂਸ਼ਣ ਐਵਾਰਡ ਕੀਤਾ ਵਾਪਸ
ਸਾਕਾ ਨੀਲਾ ਤਾਰਾ ਵੇਲੇ ਉਨ੍ਹਾਂ ਨੇ ਪਦਮ ਭੂਸ਼ਣ ਐਵਾਰਡ ਵਾਪਸ ਕਰਕੇ ਆਪਣੀ ਨਾਰਾਜ਼ਗੀ ਜਤਾਈ ਤਾਂ ਉਨ੍ਹਾਂ ਦੇ ਕੱਟੜ ਵਿਰੋਧੀ ਵੀ ਉਨ੍ਹਾਂ ਦੇ ਪ੍ਰਸ਼ੰਸਕ ਬਣ ਗਏ। ਖੁਸ਼ਵੰਤ ਸਿੰਘ ਧਾਰਮਿਕ ਰਸਮਾਂ-ਰਿਵਾਜ਼ਾਂ ’ਚ ਵਿਸ਼ਵਾਸ ਨਾ ਰੱਖਦੇ ਸਨ ਪਰ ਫਿਰ ਵੀ ਉਨ੍ਹਾਂ ਨੂੰ ਆਪਣੀ ਸਿੱਖੀ ਪਛਾਣ 'ਤੇ ਮਾਣ ਸੀ। ਇਤਿਹਾਸਕ ਪੁਸਤਕਾਂ 'ਚ ਖੁਸ਼ਵੰਤ ਸਿੰਘ ਦੀ ਸਿੱਖ ਇਤਿਹਾਸ 'ਤੇ ਲਿਖੀ ਰਚਨਾ 'ਹਿਸਟਰੀ ਆਫ ਸਿੱਖਸ ਕਾਫੀ ਪ੍ਰਮੁੱਖ ਹੈ। 

ਖੁਸ਼ਵੰਤ ਸਿੰਘ ਨੂੰ ਮਿਲੇ ਵਿਸ਼ੇਸ਼ ਸਨਮਾਨ
ਖੁਸ਼ਵੰਤ ਸਿੰਘ ਨੂੰ ਸਭ ਤੋਂ ਵਧੀਆ ਨਾਵਲ ‘ਟ੍ਰੇਨ ਟੂ ਪਾਕਿਸਤਾਨ’ ਲਈ ‘ਗ੍ਰੇਵ ਪ੍ਰੈਸ ਅਵਾਰਡ’ ਮਿਲਿਆ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਇਨ੍ਹਾਂ ਨੂੰ ਸੰਨ 1969-70 ’ਚ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਤ ਕੀਤਾ। ਖੁਸ਼ਵੰਤ ਸਿੰਘ 1974 ’ਚ ਪਦਮ ਭੂਸ਼ਣ ਅਤੇ 2007 ’ਚ ਪਦਮ ਵਿਭੂਸ਼ਣ ਦਾ ਖ਼ਿਤਾਬ ਵੀ ਹਾਸਲ ਕਰ ਚੁੱਕੇ ਹਨ। ਵਿਵਾਦਗ੍ਰਸਤ ਲੇਖਕ ਨੇ 1974 'ਚ ਮਿਲੇ 'ਪਦਮ ਭੂਸ਼ਣ' ਦੇ ਸਨਮਾਨ ਨੂੰ ਓਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਜੋਂ ਇਨਕਾਰ ਕਰ ਦਿੱਤਾ ਸੀ। 


author

rajwinder kaur

Content Editor

Related News