ਜਨਮ ਦਿਨ ’ਤੇ ਵਿਸ਼ੇਸ਼: ਆਜ਼ਾਦੀ ਦੀ ਅਲਖ ਜਗਾਉਣ ਵਾਲਾ ਸੂਰਮਾ ਸ਼ਹੀਦ ਭਗਤ ਸਿੰਘ

Tuesday, Sep 27, 2022 - 02:59 PM (IST)

ਜਨਮ ਦਿਨ ’ਤੇ ਵਿਸ਼ੇਸ਼: ਆਜ਼ਾਦੀ ਦੀ ਅਲਖ ਜਗਾਉਣ ਵਾਲਾ ਸੂਰਮਾ ਸ਼ਹੀਦ ਭਗਤ ਸਿੰਘ

ਭਾਰਤ ਦੀ ਆਜ਼ਾਦੀ ਲਈ ਲੜੀ ਗਈ ਲੰਬੀ ਲੜਾਈ ਸ਼ਹੀਦ ਭਗਤ ਸਿੰਘ ਦੇ ਜ਼ਿਕਰ ਬਿਨਾਂ ਅਧੂਰੀ ਹੈ। ਇਸ ਮਹਾਨ ਯੋਧੇ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹਾ ਦੇ ਪਿੰਡ ਬੰਗਾ (ਪਾਕਿਸਤਾਨ) ’ਚ ਹੋਇਆ ਸੀ। ਉਨ੍ਹਾਂ ਦਾ ਘਰ ਅੱਜ ਵੀ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਖਟਕੜ ਕਲਾਂ ’ਚ ਮੌਜੂਦ ਹੈ।

ਭਗਤ ਸਿੰਘ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ ਸੀ। ਬਾਅਦ ’ਚ ਉਹ ਡੀ.ਏ.ਵੀ. ਸਕੂਲ ਲਾਹੌਰ ’ਚ ਦਾਖਲ ਹੋ ਗਏ। ਭਗਤ ਸਿੰਘ ਵੱਖ-ਵੱਖ ਕਿਤਾਬਾਂ ਪੜ੍ਹਣ ਦੇ ਸ਼ੌਕੀਨ ਸਨ। ਉਰਦੂ ’ਚ ਉਨ੍ਹਾਂ ਨੇ ਮੁਹਾਰਤ ਹਾਸਲ ਕੀਤੀ ਸੀ ਅਤੇ ਆਪਣੇ ਪਿਤਾ ਨੂੰ ਉਹ ਇਸੇ ਜੁਬਾਨ ’ਚ ਖ਼ਤ ਲਿਖਦੇ ਸਨ। ਲਾਹੌਰ ਦੇ ਨੈਸ਼ਨਲ ਕਾਲਜ ’ਚ ਉਹ ਨਾਟਕ ਕਮੇਟੀ ਦੇ ਸਰਗਰਮ ਮੈਂਬਰ ਬਣੇ। ਉਦੋਂ ਤਕ ਉਹ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਸੰਸਕ੍ਰਿਤ ’ਤੇ ਕਾਫ਼ੀ ਵਧੀਆ ਪਕੜ ਬਣਾ ਚੁੱਕੇ ਸਨ।

ਭਗਤ ਸਿੰਘ ਖੂਨ-ਖਰਾਬੇ ਦੇ ਸਖ਼ਤ ਖ਼ਿਲਾਫ਼ ਸਨ। ਉਹ ਕਾਰਲ ਮਾਰਕਸ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਅਤੇ ਸਮਾਜਵਾਦ ਦੇ ਸਮਰਥਕ ਸਨ। ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਦਿੱਲੀ ਅਸੈਂਬਲੀ ’ਚ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ। ਇਸ ਕੰਮ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਂ ਤੈਅ ਹੋਇਆ। ਯੋਜਨਾ ਅਨੁਸਾਰ 8 ਅਪ੍ਰੈਲ, 1929 ਨੂੰ ਕੇਂਦਰੀ ਅਸੈਂਬਲੀ ’ਚ ਦੋਵਾਂ ਨੇ ਇਕ ਖਾਲੀ ਜਗ੍ਹਾ ’ਤੇ ਬੰਬ ਸੁੱਟ ਦਿੱਤਾ। ਉਹ ਚਾਹੁੰਦੇ ਤਾਂ ਉਥੋਂ ਫ਼ਰਾਰ ਹੋ ਸਕਦੇ ਸੀ ਪਰ ਉਨ੍ਹਾਂ ਨੇ ਉਥੇ ਰੁਕ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਕੁਝ ਸਮੇਂ ’ਚ ਹੀ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਬਰਤਾਨਵੀ ਹਕੂਮਤ ਇੰਨੀ ਡਰਪੋਕ ਸਿੱਧ ਹੋਈ ਕਿ ਉਨ੍ਹਾਂ ਨੇ ਫਾਂਸੀ ਲਈ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ 23 ਮਾਰਚ 1931 ਨੂੰ ਸ਼ਾਮ ਦੇ ਕਰੀਬ 7 ਵਜੇ ਭਗਤ ਸਿੰਘ ਅਤੇ ਉਨ੍ਹਾਂ ਦੇ ਦੋਵਾਂ ਸਾਥੀਆਂ ਨੂੰ ਫਾਂਸੀ ਦੇ ਦਿੱਤੀ ਸੀ। ਫਾਂਸੀ ਤੋਂ ਪਹਿਲਾ ਜੇਲ੍ਹ ’ਚ ਭਗਤ ਸਿੰਘ ਨੇ ਆਪਣੇ ਸਾਥੀ ਸ਼ਿਵ ਵਰਮਾ ਨੂੰ ਕਿਹਾ ਸੀ ਕਿ, ‘‘ਜਦੋਂ ਮੈਂ ਇਨਕਲਾਬ ਦੇ ਰਸਤੇ ’ਚ ਪਹਿਲਾਂ ਕਦਮ ਰੱਖਿਆ ਸੀ ਤਾਂ ਸੋਚਿਆ ਸੀ ਕਿ ਜੇਕਰ ਮੈਂ ਆਪਣੀ ਜਾਨ ਦੇ ਕੇ ਵੀ ਇਨਕਲਾਬ ਦਾ ਨਾਅਰਾ ਦੇਸ਼ ਦੇ ਕੋਨੇ-ਕੋਨੇ ’ਚ ਫੈਲਾ ਸਕਾਂ ਤਾਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ। ਅੱਜ ਜਦੋਂ ਮੈਂ ਫਾਂਸੀ ਦੀ ਸਜ਼ਾ ਲਈ ਜੇਲ੍ਹ ਕੋਠੜੀ ਦੀਆਂ ਸਲਾਖਾਂ ਪਿੱਛੇ ਬੰਦ ਹਾਂ ਤਾਂ ਮੈਂ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜ਼ਦਾਰ ਆਵਾਜ਼ ’ਚ ਨਾਅਰੇ ਸੁਣ ਸਕਦਾ ਹਾਂ। ਇਕ ਛੋਟੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਡੀ ਕੀਮਤ ਹੋਰ ਕੀ ਹੋ ਸਕਦੀ ਹੈ।’’                  

ਪ੍ਰਿ. ਯਾਸੀਨ ਅਲੀ   


author

rajwinder kaur

Content Editor

Related News