ਅੱਜ ਦੇ ਦਿਨ ’ਤੇ ਵਿਸ਼ੇਸ਼ : ਜਾਣੋ ਭਗਵਾਨ ਵਾਲਮੀਕਿ ਜੀ ਦਾ ਉਪਦੇਸ਼ ਤੇ ਸਿੱਖਿਆਵਾਂ ਬਾਰੇ

Sunday, Oct 09, 2022 - 10:57 AM (IST)

ਅੱਜ ਦੇ ਦਿਨ ’ਤੇ ਵਿਸ਼ੇਸ਼ : ਜਾਣੋ ਭਗਵਾਨ ਵਾਲਮੀਕਿ ਜੀ ਦਾ ਉਪਦੇਸ਼ ਤੇ ਸਿੱਖਿਆਵਾਂ ਬਾਰੇ

ਭਗਵਾਨ ਵਾਲਮੀਕਿ ਜੀ ਨੇ ਆਪਣੇ ਮਹਾ-ਕਾਵਿ ਦੀ ਰਚਨਾ ਕਰਕੇ ਭਾਰਤੀ ਦਰਸ਼ਨ ਦਾ ਮੁੱਢ ਬੰਨ੍ਹਿਆ, ਜਿਸ ਵਿਚ ਉਨ੍ਹਾਂ ਨੇ ਆਪਣਾ ਰੂਹਾਨੀ ਤਜ਼ਰਬਾ ਦੱਸ ਕੇ ਮਨੁੱਖਤਾ ਨੂੰ ਸੁਚੱਜਾ ਜੀਵਨ ਜਿਊਣ ਦੀ ਯੁਕਤੀ ਦੱਸੀ। ਭਗਵਾਨ ਵਾਲਮੀਕਿ ਜੀ ਨੇ ਜਿਥੇ ਆਪਣੀ ਬਾਣੀ ਰਾਹੀਂ ਭਗਤੀ ਭਾਵ ਦਾ ਜ਼ਿਕਰ ਕੀਤਾ ਹੈ, ਉਥੇ ਸਮਾਜਿਕ ਪੱਖ ਨੂੰ ਵੀ ਬਰਾਬਰੀ ਦਾ ਦਰਜਾ ਦਿੱਤਾ ਹੈ।

ਭਗਵਾਨ ਵਾਲਮੀਕਿ ਜੀ ਦੀ ਰਚਨਾ ‘ਰਾਮਾਇਣ’ ’ਚ ਸ੍ਰੇਸ਼ਟਤਾ ਅਤੇ ਸਵੀਕਾਰਤਾ ਅੱਜ ਵੀ ਓਨੀ ਠੋਸ ਅਤੇ ਪ੍ਰਭਾਵਸ਼ਾਲੀ ਹੈ, ਜਿੰਨੀ ਉਨ੍ਹਾਂ ਦੇ ਜੀਵਨ ਕਾਲ ਵਿਚ ਸੀ। ਅੱਜ ਵੀ ਰਾਮਾਇਣ ਦੀ ਸਿੱਖਿਆ ਦਾ ਗਹਿਰਾ ਪ੍ਰਭਾਵ ਪੀੜੀ ਦਰ ਪੀੜੀ ਦੇਖਿਆ ਅਤੇ ਮਹਿਸੂਸ ਕੀਤਾ ਜਾਂਦਾ ਹੈ। ਭਾਰਤੀ ਲੋਕ ਅੱਜ ਵੀ ਰਾਮਾਇਣ ਅਤੇ ਰਾਮਾਇਣ ਦੇ ਨਿਰਮਾਤਾ ਭਗਵਾਨ ਵਾਲਮੀਕਿ ਜੀ ਨੂੰ ਆਪਣਾ ਪੱਥ-ਪ੍ਰਦਰਸ਼ਕ ਮੰਨ ਕੇ ਉਨ੍ਹਾਂ ਨੂੰ ਭਾਰਤੀ ਦਰਸ਼ਨ ਦਾ ਮੋਢੀ ਅਤੇ ਭਾਰਤੀ ਸੰਸਕ੍ਰਿਤੀ ਦਾ ਪਿਤਾਮਾ ਮੰਨ ਕੇ ਪੂਜਦੇ ਹਨ। ਸਾਰਾ ਸੰਸਾਰ ਯੁੱਗਾਂ-ਯੁੱਗਾਂ ਤੱਕ ਉਨ੍ਹਾਂ ਦਾ ਰਿਣੀ ਹੈ।

ਤ੍ਰੈਕਾਲ ਦਰਸ਼ੀ ਭਗਵਾਨ ਮਹਾਕਵੀ ਵਾਲਮੀਕਿ ਜੀ ਨੇ ‘ਯੋਗ ਵਸ਼ਿਸ਼ਠ’ ਮਹਾਨ ਗ੍ਰੰਥ ਦੀ ਰਚਨਾ ਕੀਤੀ ਹੈ। ਇਸ ਮਹਾਨ ਗ੍ਰੰਥ ਨੇ ਦੁਨੀਆਂ ਨੂੰ ਸਭ ਤੋਂ ਪਹਿਲਾਂ ਕਾਵਿ ਵਿਆਕਰਣ, ਕਾਵਿ ਸ਼ਾਸ਼ਤਰ, ਕਾਵਿ ਸ਼ੈਲੀ ਅਤੇ ਕਾਵਿਕ ਸੁਰਬੱਧਤਾ ਦਾ ਸੰਪੂਰਨ ਗਿਆਨ ਦਿੱਤਾ ਹੈ। ਭਗਵਾਨ ਵਾਲਮੀਕਿ ਜੀ ਦੀ ਬਾਣੀ ਵਿਚ ਉੱਚ ਦਰਜੇ ਦੇ ਗਹਿਰ-ਗੰਭੀਰ ਸਿਧਾਂਤ ਅਤੇ ਉਪਦੇਸ਼ ਉਪਲਬਧ ਹਨ, ਜੋ ਮਨੁੱਖ ਦੇ ਅਧਿਆਤਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਲਈ ਚਾਨਣ-ਮੁਨਾਰਾ ਹਨ। ਉਨ੍ਹਾਂ ਦੇ ‘ਅਕਸ਼ਰਲਕਸ਼’ ਗ੍ਰੰਥ ਵਿਚ ਗਣਿਤ ਦੀਆਂ ਪ੍ਰਣਾਲੀਆਂ, ਵਿਗਿਆਨ ਦੇ ਵਿਕਾਸ, ਵਾਸਤੂ ਸ਼ਾਸਤਰ, ਤਾਰਾ ਵਿਗਿਆਨ, ਕਾਵਿ-ਸ਼ਾਸਤਰ ਤੇ ਭਵਿੱਖਬਾਣੀ ਸੂਤਰਾਂ ਦਾ ਗਿਆਨ ਮਿਲਦਾ ਹੈ।

ਰਾਮਾਇਣ ਦੇ ਯੁੱਧ ਕਾਂਡ ਵਿਚ ਭਗਵਾਨ ਵਾਲਮੀਕਿ ਜੀ ਨੇ ਕਰਮ (ਕੰਮ) ਸਬੰਧੀ ਸਹਿਜੇ ਸਮਝ ਆਉਣ ਵਾਲੇ ਸਿਧਾਂਤ ਪੇਸ਼ ਕਰਦਿਆਂ ਕਿਹਾ ਹੈ ਕਿ ਜੋ ਮਨੁੱਖ ਦਿੱਤੇ ਗਏ ਕੰਮ ਨੂੰ ਪੂਰਾ ਕਰਕੇ ਉਸ ਅਨੁਸਾਰ ਦੂਸਰੇ ਕੰਮ ਨੂੰ ਵੀ ਖੁਦ ਪੂਰਾ ਕਰ ਲੈਂਦਾ ਹੈ, ਉਸ ਨੂੰ ਉੱਤਮ ਮੰਨਿਆ ਜਾਂਦਾ ਹੈ। ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਧਰਮ ਨੂੰ ਸਰਵਉੱਚ ਮੰਨਿਆ ਹੈ। ਉਨ੍ਹਾਂ ਦੇ ਉਪਦੇਸ਼ ਅਨੁਸਾਰ ਧਰਮ ਦਾ ਅਰਥ ਫਰਜ਼ ਹੈ। ਜਿਹੜੇ ਵਿਅਕਤੀ ਆਪਣੇ ਫ਼ਰਜ਼ ਸੁਚੱਜੇ ਢੰਗ ਨਾਲ ਨਿਭਾਉਂਦੇ ਹਨ, ਅਸਲ ਵਿਚ ਉਹ ਆਪਣੇ ਧਰਮ ਦੀ ਪਾਲਣਾ ਕਰਦੇ ਹਨ। ਰਾਜਨੀਤੀ ਬਾਰੇ ਮਹਾਰਾਜ ਜੀ ਨੇ ਫਰਮਾਇਆ ਹੈ, ‘‘ਰਾਜੇ ਨੂੰ ਵਿਦਵਾਨਾਂ ਅਤੇ ਹਮੇਸ਼ਾ ਬਜ਼ੁਰਗਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ।’’  

ਭਗਵਾਨ ਵਾਲਮੀਕਿ ਜੀ ਨੇ ਸੰਸਕ੍ਰਿਤੀ ਤੋਂ ਇਲਾਵਾ ਹੋਰ ਭਾਸ਼ਾਵਾਂ ਦਾ ਡੂੰਘਾ ਅਧਿਐੱਨ ਕੀਤਾ। ਭਗਵਾਨ ਵਾਲਮੀਕਿ ਜੀ ਨੇ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਕਾਨਪੁਰ ਗੰਗਾ ਤਟ 'ਤੇ, ਤਮਸਾ ਨਦੀ ਦੇ ਤੱਟ 'ਤੇ ਅਨੇਕਾਂ ਸਿੱਖਿਆ ਕੇਂਦਰ ਖੋਲ੍ਹੇ, ਜਿਥੇ ਅਨੇਕਾਂ ਸ਼ਰਧਾਲੂਆਂ ਨੇ ਵਿੱਦਿਆ ਪ੍ਰਾਪਤ ਕੀਤੀ। ਇਤਿਹਾਸ ਗਵਾਹ ਹੈ ਭਗਵਾਨ ਵਾਲਮੀਕਿ ਜੀ ਇਸਤਰੀ ਜਾਤੀ ਦੇ ਰੱਖਿਅਕ ਬਣ ਕੇ ਵੀ ਅੱਗੇ ਆਏ। ਵਾਲਮੀਕਿ ਜੀ ਨੇ ਮਾਤਾ ਸੀਤਾ ਨੂੰ ਆਪਣੇ ਆਸ਼ਰਮ ਵਿੱਚ ਸ਼ਰਨ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਦੇ ਹੀ ਆਸ਼ਰਮ ਵਿਚ ਸ੍ਰੀ ਰਾਮਚੰਦਰ ਜੀ ਦੇ ਪੁੱਤਰਾਂ ਲਵ ਤੇ ਕੁਸ਼ ਦਾ ਜਨਮ ਹੋਇਆ ਅਤੇ ਸਤਿਗੁਰੂ ਵਾਲਮੀਕਿ ਜੀ ਕੋਲੋਂ ਉਨ੍ਹਾਂ ਨੇ ਸ਼ਸਤਰ ਵਿੱਦਿਆ ਹਾਸਲ ਕੀਤੀ।
   


author

rajwinder kaur

Content Editor

Related News