ਧਰੂ ਤਾਰਾ 'ਮਾਸਟਰ ਤਾਰਾ ਸਿੰਘ', ਪੰਡਿਤ ਨਹਿਰੂ ਵੀ ਮੰਨਦੇ ਸਨ ਸਿੱਕਾ, ਵੀਡੀਓ

02/07/2020 8:27:43 AM

ਇਤਿਹਾਸ ਦੀ ਡਾਇਰੀ :
ਜਗਬਾਣੀ ਦੇ ਖਾਸ ਪ੍ਰੋਗਰਾਮ ਇਤਿਹਾਸ ਦੀ ਡਾਇਰੀ 'ਚ ਅੱਜ 7 ਫਰਵਰੀ ਨੂੰ ਅਸੀਂ ਗੱਲ ਕਰਾਂਗੇ ਸਿੱਖ ਸਿਆਸਤ ਦੇ ਉਸ ਧਰੂ ਤਾਰੇ ਦੀ, ਜੋ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਲੌਅ ਨਾਲ ਅੱਜ ਵੀ ਚਮਕ ਰਿਹਾ ਹੈ।

ਸਿੱਖ ਸਿਆਸਤ ਦੇ ਉਸ ਮਾਸਟਰ ਤਾਰਾ ਸਿੰਘ ਦੀ, ਜੋ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਅੱਜ ਦੇ ਹੀ ਦਿਨ 7 ਫਰਵਰੀ 1955 'ਚ ਉਨ੍ਹਾਂ ਨੇ ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਸੰਭਾਲੀ। ਇਸ ਦੇ ਨਾਲ ਹੀ ਗੱਲ ਕਰਾਂਗੇ ਅੱਜ ਦੇ ਦਿਨ ਵਾਪਰੀਆਂ ਕੁਝ ਖਾਸ ਘਟਨਾਵਾਂ ਦੀ, ਤਾਂ ਆਓ, ਫੋਲਦੇ ਹਾਂ ਇਤਿਹਾਸ ਦੀ ਡਾਇਰੀ ਦੇ ਸੁਨਹਿਰੀ ਪੰਨੇ...

ਮਾਸਟਰ ਤਾਰਾ ਸਿੰਘ
ਪੰਥ ਰਤਨ ਮਾਸਟਰ ਤਾਰਾ ਸਿੰਘ ਸਿੱਖ ਪੰਥ 'ਚ ਇਕ ਅਹਿਮ ਸਥਾਨ ਰੱਖਦੇ ਹਨ। ਮਾਸਟਰ ਜੀ ਨੇ ਕਰੀਬ ਅੱਧੀ ਸਦੀ ਸਿੱਖ ਕੌਮ ਦੀ ਅਗਵਾਈ ਕੀਤੀ।  ਸੰਨ 1921 ਤੋਂ ਲੈ ਕੇ 1967 ਤੱਕ ਪੰਜਾਬ ਦਾ ਇਤਿਹਾਸ ਮਾਸਟਰ ਤਾਰਾ ਸਿੰਘ ਦੀਆਂ ਸਿਆਸੀ ਤੇ ਧਾਰਮਿਕ ਸਰਗਰਮੀਆਂ ਦੀ ਗਾਥਾ ਹੈ।

ਮਾਸਟਰ ਤਾਰਾ ਸਿੰਘ ਸਿਰਫ਼ ਇਕ ਸ਼ਖਸੀਅਤ ਹੀ ਨਹੀਂ ਸਗੋਂ ਆਪਣੇ ਆਪ 'ਚ ਇਕ ਪੂਰੀ ਸੰਸਥਾ ਸਨ। ਸੱਚੇ ਤੇ ਸੁੱਚੇ ਕਿਰਦਾਰ ਵਾਲੇ ਮਾਸਟਰ ਤਾਰਾ ਸਿੰਘ ਦਾ ਰੁਤਬਾ ਅਜਿਹਾ ਸੀ ਕਿ ਜਿਥੇ ਪੰਡਿਤ ਜਵਾਹਰ ਲਾਲ ਨਹਿਰੂ ਉਨ੍ਹਾਂ ਦੀ ਹਰ ਗੱਲ ਮੰਨਦੇ ਸਨ। ਉਥੇ ਹੀ ਪਾਕਿਸਤਾਨ ਦਾ ਫਾਊਂਡਰ ਮੁਹੰਮਦ ਅਲੀ ਜਿਨ੍ਹਾਹ ਉਨ੍ਹਾਂ ਤੋਂ ਡਰਦਾ ਸੀ। ਮਾਸਟਰ ਤਾਰਾ ਸਿੰਘ ਦੀ ਬਦੌਲਤ ਹੀ ਪੰਜਾਬ ਦਾ ਬਹੁਤਾ ਹਿੱਸਾ ਪਾਕਿਸਤਾਨ ਵਿਚ ਜਾਣ ਤੋਂ ਬਚ ਗਿਆ। ਮਾਸਟਰ ਤਾਰਾ ਸਿੰਘ ਜੀ ਨੇ ਪੰਜਾਬ ਸੂਬੇ ਲਈ ਅਣਥੱਕ ਸੰਘਰਸ਼ ਕੀਤਾ। ਮਾਸਟਰ ਜੀ ਨੇ ਨਾ ਸਿਰਫ ਸਿੱਖ ਗੁਰਦੁਆਰਿਆਂ ਦੀ ਅਜ਼ਾਦੀ ਲਈ ਲੜਾਈ ਲੜੀ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਵਾਰ ਪ੍ਰਧਾਨ ਬਣ ਕੇ ਇਸਦੀ ਅਗਵਾਈ ਵੀ ਕੀਤੀ। 7 ਫਰਵਰੀ 1955 'ਚ ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ 18ਵੇਂ ਪ੍ਰਧਾਨ ਚੁਣੇ ਗਏ। ਕਮੇਟੀ ਮੈਂਬਰਾਂ ਵਲੋਂ ਉਨ੍ਹਾਂ ਨੂੰ ਚੌਥੀ ਵਾਰ ਪ੍ਰਧਾਨ ਬਣਾਇਆ ਗਿਆ। ਉੱਚਾ ਤੇ ਸੁੱਚਾ ਜੀਵਨ ਜਿਉਣ ਵਾਲੇ ਮਾਸਟਰ ਤਾਰਾ ਸਿੰਘ ਸਿੱਖਾਂ 'ਚ ਇਸ ਕਦਰ ਹਰਮਨ ਪਿਆਰੇ ਸਨ ਕਿ ਇਸ ਤੋਂ ਪਹਿਲਾਂ ਤੇ ਬਾਅਦ 'ਚ ਵੀ ਸੰਗਤ ਨੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਣ ਦਾ ਮੌਕਾ ਦਿੱਤਾ।


Related News