ਹੋਲੇ ਮਹੱਲੇ ਦੇ ਇਤਿਹਾਸਿਕ ਤਿਉਹਾਰ ''ਤੇ ਵਿਸ਼ੇਸ਼, ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਅਤੇ ਵਰਤਮਾਨ

03/08/2023 3:45:15 AM

ਹਰ ਸਾਲ ਵਾਂਗ ਪ੍ਰਸਿੱਧ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਆ ਰਹੀ ਹੈ। ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੈ। ਵੱਖ ਵੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਹੋਲਾ ਮਹੱਲਾ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ ਅਤੇ ਇਸਦਾ ਮੁੱਖ ਮੰਤਵ ਸਿੱਖਾਂ ਨੂੰ ਅਨਿਆਂ ਅਤੇ ਜ਼ੁਲਮ ਖਿਲਾਫ਼ ਲੜਨ ਲਈ ਤਿਆਰ ਕਰਨਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਹੀ ਇਸ ਮੌਕੇ 'ਤੇ ਖਾਲਸਾਈ ਫੌਜਾਂ ਦੇ ਵੱਖ ਵੱਖ ਦਲਾਂ ਵਿੱਚ ਸ਼ਸਤਰ ਵਿੱਦਿਆ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਇਹ ਤਿਉਹਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ।

ਹਰ ਸਾਲ ਮਾਰਚ ਮਹੀਨੇ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਵਿੱਚ ਲੋਕ ਵੱਡੀ ਗਿਣਤੀ ਵਿੱਚ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਜਿਸਨੂੰ ਮਹੱਲਾ ਕਹਿੰਦੇ ਹਨ ਨਗਾਰਿਆਂ ਦੀ ਆਵਾਜ਼ ਵਿੱਚ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਜਾਂਦੇ ਹਨ। ਇਸ ਵਿੱਚ ਨਿਹੰਗ ਸਿੰਘ ਪੁਰਾਤਨ ਆਨ ਸ਼ਾਨ ਨਾਲ ਸ਼ਾਮਿਲ ਹੁੰਦੇ ਹਨ ਅਤੇ ਸ਼ਸਤਰਾਂ ਦੇ ਕਰਤੱਬ ਵਿਖਾਏ ਜਾਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਭਾਰਤ ਦੇ ਉੱਤਰ ਪੱਛਮੀ ਸੂਬੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦਾ ਪ੍ਰਸਿੱਧ ਨਗਰ ਹੈ ਜੋਕਿ ਹੁਣ ਸਬ ਡਵੀਜ਼ਨ ਹੈ। ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ 1665 ਵਿੱਚ ਕੀਤੀ ਸੀ। ਇਸਦਾ ਪਹਿਲਾਂ ਨਾਮ ਮਾਖੋਵਾਲ ਸੀ। ਇੱਕ ਕਹਾਣੀ ਅਨੁਸਾਰ ਇੱਥੇ ਮਾਖੋ ਨਾਮ ਦਾ ਡਾਕੂ ਰਹਿੰਦਾ ਸੀ ਜੋ ਕਿਸੇ ਨੂੰ ਵੀ ਇਸ ਇਲਾਕੇ ਵਿੱਚ ਰਹਿਣ ਨਹੀਂ ਦਿੰਦਾ ਸੀ। ਗੁਰੂ ਤੇਗ ਬਹਾਦਰ ਨੇ ਮਾਤਾ ਨਾਨਕੀ ਜੀ ਦੇ ਨਾਮ 'ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮਾਖੋ ਡਾਕੂ ਇਹ ਸਥਾਨ ਛੱਡ ਕੇ ਭੱਜ ਗਿਆ। ਚੱਕ ਨਾਨਕੀ, ਅਨੰਦਪੁਰ ਸਾਹਿਬ, ਸਹੋਟਾ, ਲੋਧੀਪੁਰ, ਅਗੰਮਪੁਰ, ਮਟੌਰ ਹੁਣ ਏਨੇ ਵਸ ਚੁੱਕੇ ਹਨ ਕਿ ਇੱਕ ਆਮ ਆਦਮੀ ਇਨ੍ਹਾਂ ਪਿੰਡਾਂ ਦੀਆਂ ਹੱਦਾਂ ਬਾਰੇ ਕੁਝ ਪਤਾ ਨਹੀਂ ਅਤੇ ਸਿਰਫ਼ ਪਟਵਾਰੀ ਤੇ ਨੰਬਰਦਾਰ ਹੀ ਇਨ੍ਹਾਂ ਪਿੰਡਾਂ ਦੀਆ ਹੱਦਾਂ ਬਾਰੇ ਜਾਣਦੇ ਹਨ। ਅਨੰਦਪੁਰ ਸਾਹਿਬ ਦਾ ਇਲਾਕਾ ਕੀਰਤਪੁਰ ਤੋ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਤੱਕ ਕਿਸੇ ਵੇਲੇ ਸੰਘਣਾ ਜੰਗਲ ਸੀ।

ਇਸ ਇਲਾਕੇ ਵਿਚ ਇੱਕ ਪਾਸੇ ਦਰਿਆ ਸਤਲੁਜ, ਚਰਨ ਗੰਗਾ ਤੇ ਚੋਅ ਸਨ ਅਤੇ ਦੂਜੇ ਪਾਸੇ ਪਹਾੜ ਸਨ। ਦਰਿਆ ਅਤੇ ਪਹਾੜਾਂ ਵਿੱਚ ਸੰਘਣੇ ਜੰਗਲ ਵਿੱਚ ਬਹੁਤ ਸਾਰੇ ਹਾਥੀ, ਸ਼ੇਰ, ਬਘਿਆੜ ਅਤੇ ਹੋਰ ਜੰਗਲੀ ਜਾਨਵਰ ਆਮ ਘੁੰਮਦੇ ਸਨ। ਇੱਥੇ ਹਾਥੀ ਬਹੁਤ ਸਨ ਅਤੇ ਇਸ ਇਲਾਕੇ ਨੂੰ ਹਥੋਤ ਭਾਵ ਹਾਥੀਆਂ ਦਾ ਘਰ ਆਖਿਆ ਕਰਦੇ ਸਨ। ਹਥੋਤ ਦੇ ਇਲਾਕੇ ਦੀ ਲੰਬਾਈ ਲੱਗਭੱਗ 50 ਕਿਲੋਮੀਟਰ ਅਤੇ ਚੌੜਾਈ ਲੱਗਭੱਗ 10 ਕਿਲੋਮੀਟਰ  ਸੀ। ਜਦੋਂ ਗੁਰੂ ਸਾਹਿਬ ਨੇ ਇਹ ਇਲਾਕਾ ਚੁਣਿਆ ਉਸ ਵੇਲੇ ਬਹੁਤੇ ਜਾਨਵਰ ਤਾਂ ਪਹਾੜੀ ਜੰਗਲ ਵਿਚ ਹੀ ਰਹਿ ਗਏ ਸਨ ਤੇ ਬਾਕੀਆਂ ਨੂੰ ਸ਼ਿਕਾਰੀਆਂ ਨੇ ਮਾਰ ਦਿੱਤਾ ਸੀ ਪਰ ਫਿਰ ਵੀ ਇੱਥੇ ਲੋਕ ਡਰ ਕਾਰਨ ਨਹੀਂ ਰਹਿੰਦੇ ਸਨ। ਗੁਰੂ ਸਾਹਿਬ ਨੇ ਇਸ ਜੰਗਲ ਵਿਚ ਹੀ ਰਮਣੀਕ ਵਾਦੀ ਵਸਾ ਦਿੱਤੀ ਸੀ। ਜਿੱਥੇ ਕਦੇ ਦਿਨ ਵੇਲੇ ਵੀ ਕੋਈ ਨੇੜੇ ਨਹੀਂ ਆਉਂਦਾ ਸੀ ਉੱਥੇ ਹਰ ਵੇਲੇ ਸੰਗਤਾਂ ਦੀਆਂ ਰੋਣਕਾਂ ਲੱਗੀਆ ਰਹਿੰਦੀਆਂ ਸਨ। ਅਨੰਦਪੁਰ ਸਾਹਿਬ ਬਾਰੇ ਇੱਕ ਹੋਰ ਮਿਥਿਹਾਸਕ ਕਹਾਣੀ ਮਸ਼ਹੂਰ ਹੈ ਕਿ ਇੱਥੇ ਮਾਖੋ ਤੇ ਮਾਟੋ ਨਾਮ ਦੇ ਦੋ ਦੈਂਤ ਰਿਹਾ ਕਰਦੇ ਸਨ ਤੇ ਦੋਹਾਂ ਨੇ ਮਾਖੋਵਾਲ ਤੇ ਮਟੌਰ ਪਿੰਡ ਵਸਾਏ। ਉਹ ਦੋਵੇਂ ਜਾਲਮ ਸਨ ਅਤੇ ਇਲਾਕੇ ਦੇ ਲੋਕ ਉਨ੍ਹਾਂ ਤੋਂ ਬਹੁਤ ਦੁਖੀ ਸਨ। ਸਿੱਖ ਤਵਾਰੀਖ਼ ਵਿਚ ਹਥੌਤ ਦੇ ਇਲਾਕੇ ਦੀ ਜੇ ਕਿਸੇ ਜਗ੍ਹਾ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਕੀਰਤਪੁਰ ਸਾਹਿਬ ਦੇ ਬਾਹਰ ਸਾਈਂ ਬੁੱਢਣ ਸ਼ਾਹ ਦੇ ਡੇਰੇ ਦਾ ਹੈ। ਵੱਖ ਵੱਖ ਜਨਮ ਸਾਖੀਆਂ ਮੁਤਾਬਿਕ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਵੇਲੇ ਇਕ ਵਾਰ ਕੀਰਤਪੁਰ ਕੋਲੋਂ ਲੰਘੇ ਤਾਂ ਸਾਈਂ ਬੁੱਢਣ ਸ਼ਾਹ ਨਾਲ ਵਾਰਤਾ ਕੀਤੀ ਤੇ ਉਸ ਕੋਲੋਂ ਦੁੱਧ ਛਕਿਆ ਸੀ। ਇਸ ਮਗਰੋਂ ਹਥੌਤ ਦੇ ਇਲਾਕੇ ਵਿੱਚ 1624 ਵਿਚ ਗੁਰੂ ਹਰਿਗੋਬਿੰਦ ਸਾਹਿਬ ਆਏ ਅਤੇ ਉਨ੍ਹਾਂ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਨੇ ਕੀਰਤਪੁਰ ਸਾਹਿਬ ਵਸਾਇਆ। 1665 ਵਿਚ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ ਵਸਾਇਆ ਅਤੇ 1689 ਵਿਚ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ। ਇੰਝ ਗੁਰੂ ਸਾਹਿਬ ਨੇ ਇਸ ਉਜਾੜ ਬੀਆਬਾਨ ਇਲਾਕੇ ਵਿੱਚ ਰੌਣਕਾਂ ਲਾ ਦਿੱਤੀਆਂ।

ਅੱਜ ਹਥੌਤ ਦੇ ਇਲਾਕੇ ਵਿੱਚ ਵੱਖ ਵੱਖ ਗੁਰਦੁਆਰਿਆਂ ਕਾਰਨ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਦੁਨੀਆ ਦੇ ਨਕਸ਼ੇ 'ਤੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਇਲਾਕੇ ਨੂੰ ਸਿੱਖ ਬੌਧਿਕਤਾ, ਵਿਦਵਤਾ, ਵਿਦਵਾਨਾਂ ਦਾ ਕੇਂਦਰ ਬਣਾਉਣ ਦੇ ਮੰਤਬ ਨਾਲ ਕੇਸਗੜ੍ਹ ਸਾਹਿਬ ਨੂੰ ਕੇਂਦਰ ਵਿੱਚ ਰੱਖ ਕੇ ਪੰਜ ਕਿਲ੍ਹਿਆਂ ਅਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫਤਿਹਗੜ੍ਹ ਦੀ ਉਸਾਰੀ ਕਰਵਾਈ ਗਈ ਸੀ। ਕੇਸਗੜ੍ਹ ਸਾਹਿਬ ਦੇ ਅਸਥਾਨ 'ਤੇ ਹੀ 1699 ਵਿੱਚ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ। 1665 ਤੋਂ ਲੈ ਕੇ ਹੁਣ ਤੱਕ ਅਨੰਦਪੁਰ ਸਾਹਿਬ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਪਰ ਇਸ ਦੇ ਬਾਵਜੂਦ ਗੁਰੂ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਨੂੰ ਸਹੀ ਜਗ੍ਹਾ 'ਤੇ ਹੀ ਬਣਾਇਆ ਗਿਆ ਹੈ। ਮੌਜੂਦਾ ਬੱਸ ਅੱਡੇ ਤੋਂ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੀ ਢੱਕੀ ਦੇ ਹੇਠਲੇ ਚੌਂਕ ਵਿਚ ਤਿੰਨ ਪਿੰਡਾਂ ਚੱਕ ਨਾਨਕੀ, ਅਨੰਦਪੁਰ ਸਾਹਿਬ ਅਤੇ ਲੋਧੀਪੁਰ ਦੀਆਂ ਹੱਦਾਂ ਮਿਲਦੀਆਂ ਹਨ। ਗੁਰਦੁਆਰਾ ਸੀਸ ਗੰਜ, ਦਮਦਮਾ ਸਾਹਿਬ, ਭੋਰਾ ਸਾਹਿਬ, ਚੱਕ ਨਾਨਕੀ ਦੀਆਂ ਹੱਦਾਂ ਸਨ, ਮਹਿਲ ਅਤੇ ਗੁਰੂ ਸਾਹਿਬ ਦਾਨਿਵਾਸ ਸਥਾਨ ਸਨ। ਮੌਜੂਦਾ ਬਸ ਸਟੈਂਡ, ਹਸਪਤਾਲ, ਲੜਕੀਆਂ ਦਾ ਸਰਕਾਰੀ ਸਕੂਲ ਚੱਕ ਨਾਨਕੀ ਵਿਚ ਹੈ। ਹੋਲਗੜ੍ਹ ਗੁਰਦੁਆਰੇ ਦੇ ਨੇੜੇ ਚੱਕੀ ਦਾ ਆਰਾ ਚੱਕ ਨਾਨਕੀ ਵਿਚ ਹੈ। ਰੇਲਵੇ ਦਾ ਪੁਲ ਚੱਕ ਨਾਨਕੀ ਵਿਚ ਹੈ। ਕੇਸਗੜ੍ਹ ਸਾਹਿਬ ਦੇ ਹੇਠਾਂ ਵੱਲ ਦਾ ਸਰੋਵਰ ਤੇ ਮਿਲਕ ਬਾਰ ਪਿੰਡ ਲੋਧੀਪੁਰ ਵਿਚ ਹੈ, ਪੁਲਸ ਥਾਣੇ ਦੇ ਨਾਲ ਦਾ ਬਾਗ ਚੱਕ ਨਾਨਕੀ ਦਾ ਹਿੱਸਾ ਹੈ। ਖਾਲਸਾ ਹਾਈ ਸਕੂਲ ਸਹੋਟਾ ਵਿਚ ਹੈ। ਨਿਹੰਗ ਸਿੰਘਾ ਦੇ ਇੰਤਜ਼ਾਮ ਹੇਠਲਾ ਸ਼ਹੀਦੀ ਬਾਗ ਪਿੰਡ ਲੋਧੀਪੁਰ ਵਿਚ ਹੈ। ਕੇਸਗੜ੍ਹ ਸਾਹਿਬ ਅਤੇ ਨਾਲ ਦੇ ਬਜ਼ਾਰਾਂ ਤੋਂ ਕੇਸਗੜ੍ਹ ਸਾਹਿਬ ਅਤੇ ਅਨੰਦਗੜ੍ਹ ਸਾਹਿਬ ਕਿਲ੍ਹੇ ਤਕ ਦਾ ਸਾਰਾ ਇਲਾਕਾ ਅਨੰਦਪੁਰ ਸਾਹਿਬ ਵਿੱਚ ਹਨ, ਚਰਨ ਗੰਗਾ ਦਾ ਪੁਲ ਚੱਕ ਨਾਨਕੀ ਵਿਚ ਹੈ। ਖਾਲਸਾ ਕਾਲਜ ਪਿੰਡ ਮਟੌਰ ਵਿਚ ਹੈ। ਇਨ੍ਹਾਂ ਸਾਰੇ ਪਿੰਡਾਂ ਦੀਆਂ ਹੱਦਾਂ ਸਿਰਫ਼ ਸਰਕਾਰੀ ਕਾਗ਼ਜ਼ਾਂ ਤੋਂ ਹੀ ਪਤਾ ਲੱਗ ਸਕਦੀਆਂ ਹਨ ਕਿਉਂਕਿ ਅੱਜ ਕੱਲ੍ਹ ਇਹ ਸਾਰੇ ਪਿੰਡ ਅਨੰਦਪੁਰ ਸਾਹਿਬ ਦਾ ਹਿੱਸਾ ਹੀ ਅਖਵਾਉਂਦੇ ਹਨ। ਸਤਲੁਜ ਦਰਿਆ ਜੋ ਕੇਸਗੜ੍ਹ ਦੀ ਪਹਾੜੀ ਦੇ ਨਾਲ ਵਗਦਾ ਸੀ, ਹੁਣ ਲੱਗਭੱਗ ਪੰਜ ਕਿਲੋਮੀਟਰ ਦੂਰ ਚਲਾ ਗਿਆ ਹੈ। ਹਿਮੈਤੀ ਨਾਲਾ ਜੋ ਅਨੰਦਗੜ੍ਹ ਕਿਲ੍ਹੇ ਦੀ ਹਿਫ਼ਾਜਤ ਕਰਦਾ ਸੀ ਦਾ ਨਾਂ ਨਿਸ਼ਾਨ ਮਿੱਟ ਗਿਆ ਹੈ।

ਕਾਫ਼ੀ ਚੋਅ ਅਤੇ ਨਾਲੇ ਖ਼ਤਮ ਹੋ ਗਏ ਹਨ। ਚਰਨ ਗੰਗਾ 'ਤੇ ਪੁਲ ਬਣ ਗਿਆ ਹੈ ਅਤੇ ਕੇਸਗੜ੍ਹ ਦੇ ਨਾਲ ਦੀ ਤੰਬੂ ਵਾਲੀ ਪਹਾੜੀ ਖੁਰਕੇ ਅਲੋਪ ਹੋ ਚੁੱਕੀ ਹੈ। ਕੇਸਗੜ੍ਹ ਤੇ ਅਨੰਦਗੜ੍ਹ ਵਿਚਲੀ ਪਹਾੜੀ ਨੂੰ ਕੱਟ ਕੇ ਉਸ ਵਿਚ ਸੜਕ ਬਣਾ ਦਿੱਤੀ ਗਈ ਹੈ। ਸ਼ਹਿਰ ਵਿਚ ਬੇਹਿਸਾਬ ਇਮਾਰਤਾਂ ਬਣੀਆਂ ਹਨ। ਅੱਜ ਦਿਸਦਾ ਅਨੰਦਪੁਰ ਗੁਰੂ ਸਾਹਿਬ ਦੇ ਵੇਲੇ ਦੇ ਅਨੰਦਪੁਰ ਸਾਹਿਬ ਤੋਂ ਬਹੁਤ ਵੱਖਰਾ ਹੈ। ਅੱਜ ਅਨੰਦਪੁਰ ਸਾਹਿਬ ਇੱਕ ਸਬ-ਡਵੀਜ਼ਨ ਹੈ। ਇਸ ਵਿਚ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਨੂਰਪੁਰ ਬੇਦੀ ਆਦਿ ਕਸਬੇ ਸ਼ਾਮਿਲ ਹਨ। ਪਹਿਲਾਂ ਨੰਗਲ ਸ਼ਹਿਰ ਦਾ ਇਲਾਕਾ ਵੀ ਇਸ ਵਿੱਚ ਸ਼ਾਮਿਲ ਸੀ ਪ੍ਰੰਤੂ ਹੁਣ ਨੰਗਲ ਨੂੰ ਵੱਖਰੀ ਸਬ ਡਵੀਜ਼ਨ ਬਣਾਇਆ ਗਿਆ ਹੈ। ਅਨੰਦਪੁਰ ਸਾਹਿਬ ਦੀ ਅਬਾਦੀ ਗੁਰੂ ਸਾਹਿਬ ਵੇਲੇ ਕੁਝ ਸੈਂਕੜੇ ਹੀ ਸੀ ਅਤੇ ਕੁੱਝ ਸੈਂਕੜੇ ਸਿੱਖ ਹਰ ਵੇਲੇ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਜੁੜ੍ਹੇ ਰਿਹਾ ਕਰਦੇ ਸਨ। ਮਾਰਚ ਦੇ ਆਖਰੀ ਦਿਨਾਂ (ਪਹਿਲੀ ਵਿਸਾਖ) ਵਿਚ ਹਜ਼ਾਰਾਂ ਸੰਗਤਾਂ ਅਨੰਦਪੁਰ ਸਾਹਿਬ ਵਿਚ ਜੁੜਿਆ ਕਰਦੀਆਂ ਸਨ। 04-05 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਤਾਂ ਉਸ ਵੇਲੇ ਸਿਰਫ਼ ਭਾਈ ਗੁਰਬਖਸ਼ ਦਾਸ ਹੀ ਇੱਥੇ ਰਹਿ ਗਏ ਸਨ। ਕੁਝ ਸਾਲਾਂ ਬਾਦ ਸੋਢੀ ਗੁਲਾਬ ਸਿੰਘ ਤੇ ਸ਼ਾਮ ਸਿੰਘ ਦੇ ਪਰਿਵਾਰ ਏਥੇ ਵਸਣ ਲੱਗ ਪਏ ਸਨ ਅਤੇ ਅਨੰਦਪੁਰ ਸਾਹਿਬ ਫੇਰ ਵਸਣਾ ਸ਼ੁਰੂ ਹੋ ਗਿਆ ਸੀ। ਅਕਾਲੀ ਫੂਲਾ ਸਿੰਘ ਵੇਲੇ ਸੋਢੀਆਂ ਦਾ ਆਗੂ ਸੁਰਜਨ ਸਿੰਘ ਅਤੇ ਉਸ ਦਾ ਪਰਿਵਾਰ ਵੀ ਇੱਥੇ ਰਿਹਾ ਕਰਦੇ ਸਨ। ਉਦੋਂ ਅਨੰਦਪੁਰ ਸਾਹਿਬ ਦੀ ਅਬਾਦੀ ਦੋ ਤਿੰਨ ਹਜ਼ਾਰ ਦੇ ਨੇੜੇ ਤੇੜੇ ਸੀ। ਇਸ ਮਗਰੋਂ ਅਬਾਦੀ ਵਧਣੀ ਸ਼ੁਰੂ ਹੋ ਗਈ।

ਸੰਨ 1868 ਦੀ ਮਰਦਮ ਸ਼ੁਮਾਰੀ ਵੇਲੇ ਇਥੋਂ ਦੀ ਆਬਾਦੀ 6869 ਸੀ। 20ਵੀਂ ਸਦੀ ਦੇ ਸ਼ੁਰੂ ਤੱਕ ਇੱਥੇ ਘਾਤਕ ਬੀਮਾਰੀ ਫੈਲਣ ਨਾਲ ਕਾਫੀ ਲੋਕ ਇੱਥੋ ਜਾਣੇ ਸ਼ੁਰੂ ਹੋ ਗਏ ਸਨ। 20ਵੀਂ ਸਦੀ ਦੇ ਅੱਧ ਤੱਕ ਇੱਥੇ ਆਬਾਦੀ ਇਸ ਤੋਂ ਬਹੁਤੀ ਨਹੀਂ ਵਧੀ ਸੀ। ਸਗੋਂ ਉਨ੍ਹਾਂ ਦਿਨਾਂ ਵਿੱਚ ਬਿਮਾਰੀਆਂ ਫੈਲਣ ਨਾਲ ਲੋਕ ਇੱਥੋ ਛੱਡਕੇ ਜਾ ਰਹੇ ਸਨ। ਆਜ਼ਾਦੀ ਵੇਲੇ 1947 ਤੋਂ ਬਾਅਦ ਇੱਥੇ ਕੁਝ ਸਿੱਖ ਪਰਿਵਾਰ ਪਾਕਿਸਤਾਨ ਤੋਂ ਆ ਕੇ ਰਹਿਣੇ ਸ਼ੁਰੂ ਹੋਏ। ਫਿਰ ਭਾਖੜਾ-ਨੰਗਲ, ਗੰਗੂਵਾਲ ਪਾਵਰ ਪ੍ਰਾਜੈਕਟ ਲੱਗਣ ਨਾਲ ਕਾਫੀ ਲੋਕ ਇੱਥੇ ਆਕੇ ਵੱਸ ਗਏ ਅਤੇ ਫਿਰ ਇਸਦੀ ਆਬਾਦੀ ਵੱਧਦੀ ਗਈ। 1998 ਵਿਚ ਅਨੰਦਪੁਰ ਸਾਹਿਬ ਦੀ ਮਿਉਂਸੀਪਲ ਕੌਂਸਲ ਏਰੀਏ ਦੀ ਆਬਾਦੀ ਤਕਰੀਬਨ 13000 ਸੀ ਅਤੇ 2011 ਦੀ ਜਨਗਣਨਾ ਅਨੁਸਾਰ 16282 ਤੱਕ ਪਹੁੰਚ ਗਈ ਸੀ ਅਤੇ ਮੌਜੂਦਾ ਸਮੇਂ ਇਸ ਵਿੱਚ ਹੋਰ ਵਾਧਾ ਹੋਇਆ ਹੈ। ਇਸ ਇਲਾਕੇ ਵਿੱਚ ਕਈ ਪ੍ਰਮੁੱਖ ਗੁਰੂਦੁਆਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੀਸਗੰਜ, ਭੌਰਾ ਸਾਹਿਬ, ਥੜ੍ਹਾ ਸਾਹਿਬ, ਅਕਾਲ ਬੂੰਗਾ ਸਾਹਿਬ, ਦਮਦਮਾ ਸਾਹਿਬ, ਮੰਜੀ ਸਾਹਿਬ, ਸ਼ਹੀਦੀ ਬਾਗ, ਮਾਤਾ ਜੀਤ ਕੌਰ, ਗੁਰੂ ਕਾ ਮਹਿਲ ਆਦਿ ਸਥਾਪਿਤ ਹਨ। ਗੁਰੂ ਗੋਬਿੰਦ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਹੋਲਾ ਮਹੱਲਾ ਕੱਢਣ ਦੀ ਰੀਤ ਹੁਣ ਵੀ ਜਾਰੀ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਹਜੂਰ ਸਾਹਿਬ ਨਾਂਦੇੜ ਅਤੇ ਪਾਂਉਟਾ ਸਾਹਿਬ ਵਿੱਚ ਵੀ ਇਹ ਮੇਲਾ ਖਾਲਸਾ ਸ਼ਾਨੋ ਸ਼ੋਕਤ ਨਾਲ ਲੱਗਦਾ ਹੈ। ਮੌਜੂਦਾ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਝੂਲਦੇ ਖਾਲਸਾਈ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੀ ਰਿਆਸਤ ਦੀ ਸ਼ਾਨ ਵਧਾਉਂਦੇ ਹਨ ਪਰ ਜਿਸ ਰਿਆਸਤ (ਬਿਲਾਸਪੁਰ) ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣ 'ਤੇ ਮਜਬੂਰ ਕੀਤਾ ਦੀ ਸੈਂਕੜੇ ਸਾਲ ਪੁਰਾਣੀ ਰਾਜਧਾਨੀ ਬਿਲਾਸਪੁਰ ਵਿੱਚ ਕਈ ਮਹਿਲ ਖ਼ਤਮ ਹੋ ਗਏ ਹਨ ਅਤੇ ਸੱਤਲੁਜ ਦਰਿਆ 'ਤੇ ਬਣੇ ਭਾਖੜਾ ਬੰਨ੍ਹ 'ਤੇ ਗੁਰੂ ਗੋਬਿੰਦ ਸਿੰਘ ਦੇ ਨਾਮ 'ਤੇ ਬਣੇ ਗੋਬਿੰਦ ਸਾਗਰ ਵਿੱਚ ਸਮਾ ਚੁੱਕੇ ਹਨ।

ਸਰਕਾਰ ਵਲੋਂ ਖਾਲਸਾ ਸਾਜਨਾ ਦਿਵਸ ਦੇ ਤਿੰਨ ਸੋ ਸਾਲਾ ਜਸ਼ਨਾਂ ਮੌਕੇ ਸਾਲ 1999 ਵਿੱਚ ਅਨੰਦਪੁਰ ਸਾਹਿਬ ਵਿੱਚ ਕਈ ਨਵੀਂਆਂ ਇਮਾਰਤਾਂ ਦੀ ਉਸਾਰੀ ਕਰਵਾਈ ਗਈ ਹੈ ਜਿਸ ਨਾਲ ਸ਼ਹਿਰ ਵਿਚ ਨਵੀਂ ਦਿੱਖ ਬਣ ਗਈ ਹੈ ਅਤੇ ਨਾਲ ਹੀ ਸ਼ਹਿਰ ਦੀ ਪੁਰਾਣੀ ਦਿੱਖ ਵੀ ਹੋਰ ਸੁੰਦਰ ਹੋ ਗਈ ਹੈ। ਇਸ ਇਲਾਕੇ ਵਿੱਚ ਇਮਾਰਤਾਂ ਤੇ ਸਫੈਦ ਰੰਗ ਹੋਣ ਕਾਰਨ ਇਸਨੂੰ ਸਫੈਦ ਸ਼ਹਿਰ ਬਣਾਇਆ ਗਿਆ ਹੈ। ਸਰਕਾਰ ਵਲੋਂ ਇਥੇ ਵਿਰਾਸਤ- ਏ-ਖਾਲਸਾ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਥੇ ਹਰ ਸਾਲ ਲੱਖਾਂ ਸੈਲਾਨੀ ਸ੍ਰੀ ਅਨੰਦਪੁਰ ਸਾਹਿਬ ਦੇ ਇਸ ਵਿਸ਼ਵ ਪ੍ਰਸਿੱਧ ਅਜੂਬੇ ਦੇ ਦਰਸ਼ਨ ਕਰਦੇ ਹਨ ਅਤੇ ਗੌਰਵਮਈ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ। ਚੰਡੀਗੜ੍ਹ ਮੁੱਖ ਮਾਰਗ ਤੇ ਪੰਜ ਪਿਆਰੇ ਪਾਰਕ ਬਣਾਇਆ ਗਿਆ ਹੈ ਜਿਸ ਵਿੱਚ ਲਗਭਗ 81 ਫੁੱਟ ਉੱਚਾ ਖੰਡਾ ਸਥਿਤ ਹੈ। ਇਹ ਦੁਨੀਆ ਦਾ ਸਭ ਤੋਂ ਉੱਚਾ ਅਤੇ ਸਭ ਤੋਂ ਵੱਡਾ ਖੰਡਾ ਹੈ। ਖੰਡੇ ਦਾ ਪ੍ਰਤੀਕ ਸਿੱਖ ਧਰਮ ਦਾ ਪ੍ਰਤੀਕ ਬਣ ਗਿਆ ਹੈ ਅਤੇ ਦੇਗ ਤੇਗ ਫਤਹਿ ਦੇ ਸਿਧਾਂਤ ਨੂੰ ਦਰਸਾਉਂਦਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਫੈਲੇ ਕੋਰੋਨਾ ਕਾਰਨ ਬੇਸ਼ੱਕ ਇਸ ਤਿਉਹਾਰ ਨੂੰ ਮਨਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਨਹੀਂ ਪਹੁੰਚੇ ਸਨ ਪਰੰਤੁ ਇਸ ਵਾਰ ਸਰਕਾਰ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਤਿਉਹਾਰ ਦੀ ਮਹੱਤਤਾ ਅਤੇ ਲੋਕਾਂ ਦੀ ਆਮਦ ਨੂੰ ਵੇਖਦੇ ਹੋਏ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਇਸਤੋਂ ਇਲਾਵਾ ਵੱਖ ਵੱਖ ਸਮਾਜਿਕ ਧਾਰਮਿਕ ਸੰਸਥਾਵਾਂ ਵਲੋਂ ਵੀ ਇਸ ਤਿਉਹਾਰ ਸਬੰਧੀ ਤਿਆਰੀਆਂ ਕੀਤੀਆਂ ਗਈਆਂ ਹਨ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜ਼ਿਲ੍ਹਾ ਰੂਪਨਗਰ ਪੰਜਾਬ
9417563054


Mandeep Singh

Content Editor

Related News