ਲੇਖ : ਦੇਸ਼ ਦਾ ਸਿਰ ਸ਼ਰਮ ਨਾਲ ਝੁਕਾਉਂਦੀਆਂ ਹਨ ‘ਹਾਥਰਸ’ ਜਿਹੀਆਂ ਘਟਨਾਵਾਂ
Thursday, Oct 01, 2020 - 06:46 PM (IST)
ਹਾਥਰੱਸ, ਬਲਰਾਮਪੁਰ, ਕਠੂਆ, ਉਨਾਓ ਅਤੇ ਹੈਦਰਾਬਾਦ ਵਾਲੀਆਂ ਬੱਚੀਆਂ ਨਾਲ ਜਿਸ ਦਰਿੰਦਗੀ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਉਪਰੰਤ ਜਿਸ ਵਹਿਸ਼ੀ ਪੁਣੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਯਕੀਨਨ ਅਜਿਹੀਆਂ ਦਰਦਨਾਕ ਤ੍ਰਾਸਦੀਆਂ ਸਾਡੇ ਸੱਭਿਅਕ ਸਮਾਜ ਅਤੇ ਦੇਸ਼ ’ਤੇ ਇਕ ਬਦਨੁਮਾ ਦਾਗ ਹਨ।
ਤਾਜ਼ਾ ਘਟਨਾ ‘ਹਾਥਰਸ’ ਦੀ ਹੈ, ਜਿਸ ਵਿੱਚ ਪਿਛਲੇ ਦਿਨੀਂ ਗੈਂਗਰੇਪ ਦਾ ਸ਼ਿਕਾਰ ਹੋਣ ਤੋਂ ਬਾਅਦ ਦਿੱਲੀ ਦੇ ਸਫਦਰਜੰਗ ਹਸਪਤਾਲ ਦਾਖਲ 19 ਸਾਲ ਦੀ ਦਲਿਤ ਕੁੜੀ ਨੇ ਦਮ ਤੋੜ ਦਿੱਤਾ। ਇਸ ਉਪਰੰਤ ਪੁਲਸ ਨੇ ਕੁੜੀ ਦੀ ਲਾਸ਼ ਘਰ ਵਾਲਿਆਂ ਦੇ ਹਵਾਲੇ ਕਰਨ ਦੀ ਬਜਾਏ, ਬੁੱਧਵਾਰ ਦੇਰ ਰਾਤ ਕਰੀਬ ਢਾਈ ਤਿੰਨ ਵਜੇ ਉਸ ਦੇ ਪਿੰਡ ਬੂਲ ਗੜ੍ਹੀ ਵਿਖੇ ਹੀ ਮ੍ਰਿਤਕਾ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ।
ਇਸ ਸੰਬੰਧੀ ਜੋ ਵੀਡੀਓ ਸਾਹਮਣੇ ਆਈਆਂ ਹਨ ਉਨ੍ਹਾਂ ਨੂੰ ਵੇਖ ਕੇ ਇਕ ਆਮ ਆਦਮੀ ਦਾ ਦਿਲ ਪਸੀਜ ਜਾਂਦਾ ਹੈ। ਵੀਡੀਓ ਵਿਚ ਪੁਲਸ ਲਾਸ਼ ਨੂੰ ਸੰਸਕਾਰ ਕਰਨ ਲਈ ਲੈ ਕੇ ਜਾ ਰਹੀ ਹੈ, ਜਦੋਂਕਿ ਪਰਿਵਾਰ ਵਾਲੇ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਪਰਿਵਾਰ ’ਚੋਂ ਕੁੜੀ ਦੀ ਮਾਂ ਗੱਡੀ ਅੱਗੇ ਲੰਮੀ ਪੈ ਕੇ ਛਾਤੀ ਪਿਟਦੀ ਰਹੀ ਤੇ ਕੁੜੀ ਭਰਾ ਅਤੇ ਪਿਤਾ ਆਦਿ ਨੇ ਕਈ ਵਾਰ ਲਾਸ਼ ਦੇਣ ਦੀ ਮੰਗ ਕੀਤੀ। ਪੀੜਤ ਪਰਿਵਾਰ ਨੇ ਪੁਲਸ ਨੂੰ ਇਹ ਵੀ ਕਿਹਾ ਕਿ ਰਾਤ ਨੂੰ ਅੰਤਿਮ ਸੰਸਕਾਰ ਕਰਨ ਦੀ ਉਨ੍ਹਾਂ ਦੀ ਪਰੰਪਰਾ ਨਹੀਂ ਪਰ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਘਰਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਘਰ ਵਿਚ ਬੰਦ ਕਰ ਲਾਸ਼ ਦੁਆਲੇ ਕੜੀ ਬਣਾ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਹਾਦਸੇ ਦਾ ਸ਼ਿਕਾਰ ਹੋਈ ਕੁੜੀ ਦੇ ਪਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੇਟੀ ਘਰ ਵਿਚ ਸਭ ਤੋਂ ਦੁਲਾਰੀ ਸੀ ਤੇ ਪੁਲਸ ਨੇ ਉਨ੍ਹਾਂ ਨੂੰ ਉਸ ਦਾ ਆਖਰੀ ਵਾਰ ਚਿਹਰਾ ਵੀ ਨਹੀਂ ਦੇਖਣ ਦਿੱਤਾ। ਯਕੀਨਨ ਇਹ ਸਭ ਕੁੱਝ ਵੇਖਦਿਆਂ ਰੂਹ ਕੰਬ ਜਾਂਦੀ ਹੈ ਅਤੇ ਦਿਲ ਵਲੂੰਧਰਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ਅਤੇ ਦੁਨੀਆਂ ਵਿੱਚ ਜਨਾਨੀਆਂ ਦੀ ਦੁਰਦਸ਼ਾ ਸੰਬੰਧੀ ਸਾਹਿਰ ਲੁਧਿਆਣਵੀ ਨੇ ਕਈ ਦਹਾਕਿਆਂ ਪਹਿਲਾਂ ਆਪਣੀਆਂ ਨਜ਼ਮਾਂ ਤੇ ਗੀਤਾਂ ਵਿੱਚ ਜੋ ਦਰਦਨਾਕ ਤਸਵੀਰਾਂ ਪੇਸ਼ ਕੀਤਾ ਸਨ, ਦੇਸ਼ ’ਚ ਜਨਾਨੀਆਂ ਦੇ ਹਾਲਾਤ ਅੱਜ ਵੀ ਉਹੋ ਜਿਹੇ ਹਨ। ਉਨ੍ਹਾਂ ਦੀ ਨਜ਼ਮ ਦੀਆਂ ਚੰਦ ਸਤਰਾਂ ਚੇਤੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਜਨਾਨੀ ਦੇ ਜੀਵਨ ਵਿਚਲੀ ਤ੍ਰਾਸਦੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ :
ਔਰਤ ਨੇ ਜਨਮ ਦੀਆਂ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ।
ਜਬ ਜੀਅ ਚਾਹਾ ਮਸਲਾ ਕੁਚਲਾ, ਜਬ ਜੀਅ ਚਾਹਾ ਧੁਤਕਾਰ ਦੀਆ।
ਤਿਤਲੀ ਹੈ ਕਹੀਂ ਦੀਨਾਰੋਂ ਮੇਂ ਬਿਕਤੀ, ਹੈ ਕਹੀਂ ਬਾਜ਼ਾਰੋਂ ਮੇਂ।
ਨੰਗੀ ਨਚਵਾਈ ਜਾਤੀ ਹੈ, ਅਯਾਸ਼ੋਂ ਕੇ ਦਰਬਾਰੋਂ ਮੇਂ।
ਯੇਹ ਵੋਹ ਬੇਇਜ਼ਤ ਚੀਜ਼ ਹੈ ਜੋ, ਬਟ ਜਾਤੀ ਹੈ ਇੱਜ਼ਤਦਾਰੋਂ ਮੇਂ
ਔਰਤ ਨੇ ਜਨਮ ਦੀਆ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦੀਆ।
ਜ਼ਿਕਰਯੋਗ ਹੈ ਕਿ ਹਰ ਸਾਲ ਦੁਨੀਆ ਭਰ ਵਿੱਚ ਅੱਠ ਮਾਰਚ ਨੂੰ “ਵਿਸ਼ਵ ਔਰਤ ਦਿਹਾੜਾ” ਵਜੋਂ ਮਨਾਇਆ ਜਾਂਦਾ ਹੈ। ਇਸ ਅਵਸਰ ’ਤੇ ਜਨਾਨੀਆਂ ਦੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਜਨਾਨੀਆਂ ਨੂੰ ਅਧਿਕਾਰ ਦਿਵਾਉਣ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਲੰਮੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਹਨ। ਪਰ ਜਦੋਂ ਅਸਲੀਅਤ ’ਚ ਜਨਾਨੀਆਂ ਦੇ ਜੀਵਨ ਦੀ ਜ਼ਮੀਨੀ ਹਕੀਕਤ ਵੇਖਦੇ ਹਾਂ ਤਾਂ ਸਥਿਤੀਆਂ ਬਿਲਕੁਲ ਵਿਪਰੀਤ ਨਜ਼ਰ ਆਉਂਦੀਆਂ ਹਨ।
ਜੇਕਰ ਅਸੀਂ ਆਪਣੇ ਦੇਸ਼ ਵਿਚਲੀਆਂ ਜਨਾਨੀਆਂ ਦੇ ਜੀਵਨ ’ਤੇ ਝਾਤ ਮਾਰੀਏ ਤਾਂ ਯਕੀਨਨ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੇਸ਼ ਵਿੱਚ ਜਨਾਨੀਆਂ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ, ਕੰਜਕਾਂ ਵਜੋਂ ਪੂਜਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਸ ਜਨਾਨੀ ਦੀ ਕੁੱਖੋਂ ਦੁਨੀਆ ਦੇ ਮਹਾਨ ਮਹਾਂਪੁਰਸ਼ਾਂ ਅਤੇ ਵੱਡੇ ਵੱਡੇ ਨਬੀਆਂ ਪੈਗੰਬਰਾਂ ਅਤੇ ਸੂਫੀ ਸੰਤਾਂ ਨੇ ਜਨਮ ਲਿਆ, ਜਿਸ ਨੇ ਟੀਪੂ ਸੁਲਤਾਨ, ਭਗਤ ਸਿੰਘ, ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ ਅਤੇ ਕਦੇ ਰਾਮ ਪ੍ਰਸਾਦ ਬਿਸਮਿਲ ਅਤੇ ਕਰਤਾਰ ਸਿੰਘ ਸਰਾਭੇ ਵਰਗੇ ਸੂਰਵੀਰਾਂ ਨੂੰ ਜਨਮ ਦਿੱਤਾ। ਉਸ ਜਨਾਨੀ ਦੀ ਸਥਿਤੀ ਦਾ ਜਦੋਂ ਅਸੀਂ ਆਪਣੇ ਦੇਸ਼ ਦੇ ਪਰਿਪੇਖ ਵਿੱਚ ਅਧਿਅਨ ਕਰਦੇ ਹਾਂ ਤਾਂ ਯਕੀਨਨ ਬੇਹੱਦ ਦਰਦਨਾਕ ਮੰਜਰ ਸਾਹਮਣੇ ਆਉਂਦੇ ਹਨ।
ਧਾਰਮਿਕ ਨਜ਼ਰੀਏ ਤੋਂ ਜੇਕਰ ਜਨਾਨੀਆਂ ਨੂੰ ਵੇਖਿਆ ਜਾਵੇ ਤਾਂ ਜਨਾਨੀ ਨੂੰ ਹਰ ਧਰਮ ਵਿੱਚ ਇੱਜ਼ਤ ਤੇ ਅਹਿਤਰਾਮ ਦਿੱਤਾ ਗਿਆ ਹੈ। ਇਸਲਾਮ ਵਿੱਚ ਜਨਾਨੀਆਂ ਦੇ ਰੁਤਬੇ ਨੂੰ ਬਿਆਨ ਕਰਦਿਆਂ, ਸਵਰਗ ਨੂੰ ਮਾਂ ਦੇ ਕਦਮਾਂ ਹੇਠ ਦੱਸਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਾਨੀ ਜਾਤੀ ਦੀ ਵਡਿਆਈ ਕਰਦਿਆਂ ਆਖਿਆ ਹੈ ਕਿ :
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
ਅੱਜ ਸਮਾਜ ਵਿੱਚ ਜਨਾਨੀ ਦੀ ਜੋ ਦੁਰਗਤੀ ਤੇ ਬੇਕਦਰੀ ਹੋ ਰਹੀ ਹੈ, ਉਸ ਦੀ ਮਿਸਾਲ ਸ਼ਾਇਦ ਪੱਥਰ ਯੁੱਗ ਵਿੱਚੋਂ ਵੀ ਢੂੰਡ ਪਾਉਣਾ ਮੁਸ਼ਕਲ ਹੈ। ਪਿਛਲੇ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਲੜਕੀਆਂ ਨਾਲ ਇੱਕ ਤੋਂ ਬਾਅਦ ਇੱਕ ਬਲਾਤਕਾਰਾਂ ਦੀਆਂ ਘਟਨਾਵਾਂ ਘਟੀਆਂ ਹਨ। ਜਿਸ ਪ੍ਰਕਾਰ ਪਿਛਲੇ ਦਿਨੀਂ ਵੱਖ-ਵੱਖ ਸ਼ੈਲਟਰ ਹਾਊਸਾਂ ਵਿੱਚ ਮੌਜੂਦ ਬੱਚੀਆਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਮੌਜੂਦਾ ਸਮੇਂ ਜਿਸ ਤਰ੍ਹਾਂ ਹਾਥਰਸ ਅਤੇ ਬਲਰਾਮਪੁਰ ਦੀਆਂ ਦੁੱਖਦਾਈ ਘਟਨਾਵਾਂ ਵਾਪਰੀਆਂ ਹਨ ਉਸ ਨੇ ਯਕੀਨਨ ਸਮਾਜ ਵਿੱਚ ਵਿਚਰਨ ਵਾਲੇ ਲੋਕਾਂ ਦੀ ਬੀਮਾਰ ਮਾਨਸਿਕਤਾ ਦਾ ਪ੍ਰਤੱਖ ਰੂਪ ਵਿੱਚ ਪ੍ਰਗਟਾਵਾ ਕੀਤਾ ਹੈ ।
ਬਲਾਤਕਾਰ ਦਾ ਸ਼ਿਕਾਰ ਹੋ ਜਾਣ ’ਤੇ ਪੀੜਤਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਲਈ ਜਿਸ ਤਰ੍ਹਾਂ ਦਰ ਬਦਰ ਜ਼ਲੀਲ ਓ ਖੁਆਰ ਹੋਣਾ ਪੈਂਦਾ ਹੈ, ਉਹ ਯਕੀਨਨ ਦੁਖਦਾਈ ਤੇ ਸ਼ਰਮਨਾਕ ਹੱਦ ਤੱਕ ਖਤਰਨਾਕ ਹੈ। ਉਸ ਸੰਦਰਭ ਵਿੱਚ ਤਾਂ ਸ਼ਾਹਿਰ ਲੁਧਿਆਣਵੀ ਦੇ ਸ਼ਬਦਾਂ ਵਿੱਚ ਇਹੋ ਕਿਹਾ ਜਾ ਸਕਦਾ ਹੈ:
ਮਦਦ ਚਾਹਤੀ ਹੈ ਯੇਹ ਹੱਵਾ ਕੀ ਬੇਟੀ।
ਯਸ਼ੋਧਾ ਕੀ ਹਮ ਜਿਨਸ ਰਾਧਾ ਕੀ ਬੇਟੀ।
ਪੈਅੰਬਰ ਕੀ ਉਮੱਤ ਜ਼ੁਲੇਖਾ ਕੀ ਬੇਟੀ।
ਜੇਕਰ ਕਠੂਆ, ਦਿੱਲੀ, ਉਨਾਓ ਅਤੇ ਅਜਿਹੀਆਂ ਦੂਜੀਆਂ ਬਲਾਤਕਾਰਾਂ ਦੀਆਂ ਦਰਦਨਾਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਮੇਂ ਸਿਰ ਸਖਤ ਸਜਾਵਾਂ ਦਿੱਤੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਹਾਥਰਸ ਅਤੇ ਬਲਰਾਮਪੁਰ ਵਾਲੀਆਂ ਘਟਨਾਵਾਂ ਨਾ ਵਾਪਰਦੀਆਂ ।
ਇਕ ਥਾਂ ਸਾਹਿਰ ਜਨਾਨੀਆਂ ਨਾਲ ਮਰਦ ਪ੍ਰਧਾਨ ਸਮਾਜ ਵਲੋਂ ਕੀਤੀ ਜਾਂਦੀ ਬੇਇਨਸਾਫੀ ਅਤੇ ਜ਼ੁਲਮ ਦੇ ਸੰਦਰਭ ਆਖਦੇ ਹਨ ਕਿ :
ਮਰਦੋਂ ਕੇ ਲੀਏ ਹਰ ਜ਼ੁਲਮ ਰਵਾ ਔਰਤ ਕੇ ਲੀਏ ਰੋਣਾ ਭੀ ਖਤਾ।
ਮਰਦੋਂ ਕੇ ਲੀਏ ਹਰ ਐਸ਼ ਕਾ ਹੱਕ ਔਰਤ ਕੇ ਲੀਏ ਜੀਨਾ ਭੀ ਖਤਾ।
ਮਰਦੋਂ ਕੇ ਲੀਏ ਲਾਖੋਂ ਸੇਜੇਂ ਔਰਤ ਕੇ ਲੀਏ ਬੱਸ ਏਕ ਚਿਤਾ।
ਔਰਤ ਨੇ ਜਨਮ ਦੀਆ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦੀਆ।
ਪੀੜਤ ਕੁੜੀਆਂ ਨੂੰ ਸਮੇਂ ਸਿਰ ਇਨਸਾਫ ਨਾ ਮਿਲਣਾ ਯਕੀਨਨ ਸਾਡੇ ਨਿਆਇਕ ਸਿਸਟਮ ਦੀ ਛਵੀ ਨੂੰ ਧੂਮਲ ਕਰਦਾ ਹੈ। ਉਥੇ ਹੀ ਇਨਸਾਫ ਮਿਲਣ ਵਿੱਚ ਹੁੰਦੀ ਦੇਰੀ ਪੀੜਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿੱਚ ਮਾਯੂਸੀ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਹੱਲਾਸ਼ੇਰੀ ਪ੍ਰਦਾਨ ਕਰਦੀ ਨਜ਼ਰ ਆਉਂਦੀ ਹੈ।
ਬੇਸ਼ੱਕ ਸਰਕਾਰ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਨਾਅਰੇ ਲਗਾਏ ਜਾਂਦੇ ਹਨ। ਇਹ ਨਾਅਰੇ ਉਸ ਸਮੇਂ ਲੱਫਾਜੀ ਨਜ਼ਰ ਆਉਂਦੇ ਹਨ, ਜਦੋਂ ਹਾਥਰਸ ਜਿਹੀਆਂ ਘਟਨਾਵਾਂ ਵਿਚ ਪੁਲਸ ਮੁਜਰਮਾਂ ਖਿਲਾਫ ਕਾਰਵਾਈ ਕਰਨ ’ਚ ਢਿੱਲਮੱਠ ਰਵੱਈਆ ਅਪਣਾਉਂਦੀ ਹੈ। ਫਿਰ ਪੀੜਤਾ ਦੀ ਮੌਤ ਤੋਂ ਬਾਅਦ ਉਸ ਨੂੰ ਉਸ ਦੇ ਘਰ ਦੇ ਰੋਕਣ ਦੇ ਬਾਵਜੂਦ ਰਾਤ ਨੂੰ ਢਾਈ ਵਜੇ ਹੀ ਦਾਹ ਸੰਸਕਾਰ ਕਰਨ ਦੀ ਕਾਹਲ ਵਿਖਾਉਂਦੀ ਹੈ।
ਜ਼ਿਕਰਯੋਗ ਹੈ ਕਿ ਕੁਝ ਵਿੱਦਿਅਕ ਸੰਸਥਾਵਾਂ ਵਿੱਚ ਵੀ ਜਿਸ ਤਰ੍ਹਾਂ ਕੁੜੀਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ, ਉਸ ਨੂੰ ਵੇਖਦਿਆਂ ਇਵੇਂ ਲੱਗਦਾ ਹੈ ਕਿ ਜਿਵੇਂ ਬੇਟੀ ਬਚਾਓ ਬੇਟੀ ਪੜ੍ਹਾਓ ਵਰਗੇ ਨਾਹਰਿਆਂ ਨੂੰ ਅਜਿਹਾ ਰਵੱਈਆ ਦੰਦੀਆਂ ਚਿੜਾ ਰਹੇ ਹੋਵੇ। ਹਾਲੇ ਕੁਝ ਸਮਾਂ ਪਹਿਲਾਂ ਦੀ ਹੀ ਗੱਲ ਹੈ ਜਦੋਂ ਗੁਜਰਾਤ ਦੇ ਇੱਕ ਇੰਸਟੀਚਿਊਟ ਵਿਖੇ ਇੱਕ ਪ੍ਰਿੰਸੀਪਲ ਦੁਆਰਾ 68 ਵਿਦਿਆਰਥਣਾਂ ਦੇ ਕੱਪੜੇ ਸਿਰਫ ਇਹ ਜਾਨਣ ਲਈ ਲੁਹਾਏ ਗਏ ਸਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਸੈਨੇਟਰੀ ਪੈਡ ਕਿਸ ਕੁੜੀ ਦੁਆਰਾ ਸੁੱਟਿਆ ਗਿਆ। ਇਹ ਗੱਲ ਵੀ ਸਾਹਮਣੇ ਆਈ ਕਿ ਉਕਤ ਇੰਸਟੀਚਿਊਟ ਵਿਖੇ ਪੜ੍ਹ ਰਹੀਆਂ ਕੁੜੀਆਂ ਨੂੰ ਜਦੋਂ ਵੀ ਪੀਰੀਅਡ ਆਉਂਦੇ ਹਨ, ਤਾਂ ਉਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਵਾਸਤੇ ਕੁਝ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਪੀਰੀਅਡ ਦੌਰਾਨ ਕੁੜੀਆਂ ਨੂੰ ਹੋਸਟਲ ਦੀ ਥਾਂ ਬੇਸਮੈਂਟ ਵਿੱਚ ਰਹਿਣਾ ਪੈਂਦਾ ਸੀ । ਉਹ ਰਸੋਈ ਵਿੱਚ ਨਹੀਂ ਵੜ ਸਕਦੀਆਂ ਤੇ ਪੂਜਾ ਆਦਿ ਨਹੀਂ ਕਰ ਸਕਦੀਆਂ। ਪੀਰੀਅਡਾਂ ਵਾਲੀਆਂ ਕੁੜੀਆਂ ਨੂੰ ਕਲਾਸਾਂ ਵਿੱਚ ਵੀ ਪਿਛਲੇ ਬੈਂਚਾਂ ਉੱਤੇ ਬੈਠਣਾ ਪੈਂਦਾ ਸੀ।
ਜਿੱਥੋਂ ਤੱਕ ਕਾਲਜਾਂ ਅਤੇ ਯੂਨੀਵਰਸਿਟੀਆਂ ਹਨ, ਅੱਜ ਇਹ ਅਦਾਰੇ ਵੀ ਕੁੜੀਆਂ ਲਈ ਸੁਰੱਖਿਅਤ ਨਹੀਂ ਹਨ। ਪਿਛਲੇ ਦਿਨੀਂ ਅਜਿਹੀ ਹੀ ਇੱਕ ਨਿਊਜ਼ ਰਿਪੋਰਟ ਨੇ ਸਾਡੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਜਦੋਂ ਇਕ ਗਰਲਜ਼ ਹੋਸਟਲ ਵਿਖੇ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਵਲੋਂ ਕੁੜੀਆਂ ਦੀਆਂ ਛਾਤੀਆਂ ਨੂੰ ਮਧੋਲਿਆ ਗਿਆ ਤੇ ਉਨ੍ਹਾਂ ਦੇ ਕੱਪੜੇ ਪਾੜੇ ਗਏ।
ਆਪਣੀ ਨਜ਼ਮ ਵਿੱਚ ਸਾਹਿਰ ਲੁਧਿਆਣਵੀ ਇੱਕ ਥਾਂ ਲਿਖਦੇ ਹਨ ਕਿ :
ਜਿਨ ਸੀਨੋਂ ਨੇ ਉਨਹੇ ਦੂਧ ਦੀਆਂ, ਉਨ ਸੀਨੋਂ ਕਾ ਬਿਓਪਾਰ ਕੀਆ।
ਜਿਸ ਕੋਖ ਮੇਂ ਉਨਕਾ ਜਿਸਮ ਢਲਾ, ਉਸ ਕੋਖ ਕਾ ਕਾਰੋਬਾਰ ਕੀਆ।
ਜਿਸ ਤਨ ਸੇ ਉਗੇ ਕੌਂਪਲ ਬਣ ਕਰ, ਉਸ ਤਨ ਕੋ ਜ਼ਲੀਲ ਓ ਖੁਆਰ ਕੀਆ।
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ।
ਅੰਤ ਵਿੱਚ ਸਾਹਿਰ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਨੂੰ ਵਿਰਾਮ ਦੇਵਾਂਗਾ ਕਿ:
ਔਰਤ ਸੰਸਾਰ ਕੀ ਕਿਸਮਤ ਹੈ ਫਿਰ ਭੀ ਤਕਦੀਰ ਕੀ ਬੇਟੀ ਹੈ।
ਅਵਤਾਰ ਪੈਗੰਬਰ ਜਣਤੀ ਹੈ ਫਿਰ ਭੀ ਸ਼ੈਤਾਨ ਕੀ ਬੇਟੀ ਹੈ।
ਯੇਹ ਵੋਹ ਬਦਕਿਸਮਤ ਮਾਂ ਹੈ ਜੋ ਬੇਟੋਂ ਕੀ ਸੇਜ ਪੇ ਲੇਟੀ ਹੈ।
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ।
ਅੱਬਾਸ ਧਾਲੀਵਾਲ,
ਮਲੇਰਕੋਟਲਾ ।
ਸੰਪਰਕ ਨੰਬਰ :9855259650
Abbasdhaliwal72@gmail.com