ਸ਼ਹੀਦੀ ਦਿਵਸ 'ਤੇ ਵਿਸ਼ੇਸ਼ : ਇਤਿਹਾਸ ਦੇ ਪੰਨਿਆਂ 'ਚੋਂ ਇਕ ਨਾ ਭੁੱਲਣ ਵਾਲਾ ਮਹਾਨ ਜਰਨੈਲ- ਬਾਬਾ ਬੰਦਾ ਸਿੰਘ ਬਹਾਦਰ

06/25/2023 5:21:55 AM

ਕਲਗੀਧਰ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵੱਲੋਂ ਗਰੀਬਾਂ, ਨਿਤਾਣਿਆਂ ਤੇ ਦੱਬੇ-ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦਿਵਾਉਣ ਲਈ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਸੰਘਰਸ਼ ਕੀਤੇ, ਉਸ ਦੀ ਮਿਸਾਲ ਦੁਨੀਆ ਦੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਮਿਲਦੀ। ਆਪਣੇ ਅੰਤਿਮ ਸਮੇਂ 'ਚ ਇਸ ਮਿਸ਼ਨ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਬਹਾਦਰ ਸਿੰਘ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ, ਜਿਸ ਨੇ ਹਕੂਮਤ ਵੱਲੋਂ ਨਪੀੜੇ ਤੇ ਦੁਖੀ ਲੋਕਾਂ ਨੂੰ ਲਾਮਬੱਧ ਕਰਕੇ ਬੜੇ ਥੋੜ੍ਹੇ ਸਮੇਂ ਵਿੱਚ ਹੀ ਸਿੱਖ ਇਤਿਹਾਸ 'ਚ ਪਹਿਲੀ ਵਾਰ ਖਾਲਸਾ ਰਾਜ ਸਥਾਪਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੱਬੀ-ਕੁਚਲੀ, ਸਤਹੀਣ, ਨਿਰਾਸ਼ ਜਨਤਾ ਨੂੰ ਉਦਮ, ਆਤਮ-ਸਨਮਾਨ, ਆਤਮ-ਵਿਸ਼ਵਾਸ, ਜੂਝ ਮਰਨ ਤੇ ਫਤਹਿ ਦੀ ਚੜ੍ਹਦੀ ਕਲਾ ਦਾ ਮੁੜ ਸੁਨੇਹਾ ਦਿੱਤਾ, ਉਦੋਂ ਜਦੋਂ ਕੌਮ ਨਿਰਾਸ਼ ਹੋ ਚੁੱਕੀ ਸੀ, ਥੱਕ ਚੁੱਕੀ ਸੀ ਤੇ ਲਗਭਗ ਖ਼ਤਮ ਹੋ ਚੁੱਕੀ ਸੀ।

ਬੰਦਾ ਸਿੰਘ ਬਹਾਦਰ ਭਾਰਤੀ ਇਤਿਹਾਸ ਦੇ ਮਹਾਨ ਸਿੱਖ ਜਰਨੈਲ ਅਤੇ ਯੋਧਿਆਂ 'ਚੋਂ ਇਕ ਹੋਏ ਹਨ ਅਤੇ ਉਨ੍ਹਾਂ ਦਾ ਜੀਵਨ ਇਤਿਹਾਸ ਵੀ ਬਹੁਤ ਦਿਲਚਸਪ ਹੈ। ਇਹ ਇਤਿਹਾਸ ਵਿੱਚ ਇਕ ਨਾ ਭੁੱਲਣ ਵਾਲਾ ਉਹ ਮਹਾਨ ਜਰਨੈਲ ਸੀ, ਜਿਸ ਨੇ ਜ਼ੋਰ-ਜਬਰ ਤੇ ਜ਼ੁਲਮ ਦੇ ਖ਼ਿਲਾਫ਼ ਹਕੂਮਤ ਨਾਲ ਟੱਕਰ ਲੈ ਕੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਜਿਸ ਨੇ ਪੰਜਾਬ ਦੀ ਧਰਤੀ 'ਤੇ ਤਕਰੀਬਨ 8 ਸਾਲ ਆਪਣੇ ਘੋੜਿਆਂ ਦੀਆਂ ਪੈੜਾਂ ਦੇ ਨਿਸ਼ਾਨ ਛੱਡੇ ਤੇ ਪੰਜਾਬ ਵਿੱਚ ਸਿੱਖ ਕੌਮ ਨੂੰ ਥੋੜ੍ਹੇ ਸਮੇਂ 'ਚ ਹੀ ਇਕ ਜ਼ਬਰਦਸਤ ਰਾਜਨੀਤਕ ਤਾਕਤ ਵਿੱਚ ਬਦਲ ਕੇ ਰੱਖ ਦਿੱਤਾ। ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਪੰਜਾਬ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਫਿਰ ਲੰਬੇ ਸਮੇਂ ਤੱਕ ਕੋਈ ਵੈਰੀ ਹਿਲਾ ਨਹੀਂ ਸਕਿਆ। ਜਾਬਰ ਮੁਗਲ ਹਕੂਮਤ ਦੇ ਬਾਦਸ਼ਾਹ ਸਿੱਖਾਂ ਦਾ ਖੁਰਾ-ਖੋਜ ਮਿਟਾਉਂਦੇ-ਮਿਟਾਉਂਦੇ ਆਪ ਮਿਟ ਗਏ ਪਰ ਸਿੱਖੀ ਨਹੀਂ  ਮਿਟਾ  ਸਕੇ। ਬੰਦਾ ਬਹਾਦਰ ਦੀ (1709-1716) ਸੱਤ ਸਾਲ ਦੀ ਅਗਵਾਈ ਨੇ ਸਾਊਥ ਏਸ਼ੀਆ ਦੇ ਸਭ ਤੋਂ ਵੱਡੇ ਮੁਗਲ ਸਾਮਰਾਜ ਦੀਆਂ ਨੀਹਾਂ ਖੋਖਲੀਆਂ ਕਰ ਦਿੱਤੀਆਂ। ਅਖੀਰ ਜ਼ੁਲਮ ਤੇ ਅਨਿਆਂ ਦੇ ਖ਼ਿਲਾਫ਼ ਜੂਝਦਿਆਂ-ਜੂਝਦਿਆਂ ਜੂਨ 1716 'ਚ ਆਪਣੇ 740 ਸਾਥੀਆਂ ਸਮੇਤ ਜਿਸ ਹੌਸਲੇ, ਚਾਅ, ਖੇੜੇ ਤੇ ਚੜ੍ਹਦੀ ਕਲਾ ਨਾਲ ਸ਼ਹਾਦਤ ਪਾਈ। ਉਹ ਵੀ ਦੁਨੀਆ ਦੀ ਇਕ ਵਿਲੱਖਣ ਸ਼ਹਾਦਤ ਦੀ ਮਿਸਾਲ ਹੈ।

ਉਹ ਰਾਜੌਰੀ ਵਿੱਚ 27 ਅਕਤੂਬਰ 1670 'ਚ ਲਛਮਣ ਦਾਸ, ਰਾਜਪੂਤ ਘਰਾਣੇ ਵਿੱਚ ਪੈਦਾ ਹੋਏ। ਮਾਂ-ਪਿਓ ਨੂੰ ਸ਼ੌਕ ਸੀ ਕਿ ਉਨ੍ਹਾਂ ਦਾ ਪੁੱਤਰ ਵੀ ਇਕ ਬਹਾਦਰ ਯੋਧਾ ਬਣੇ, ਇਸ ਲਈ ਸ਼ੁਰੂ ਤੋਂ ਹੀ ਉਸ ਦੇ ਅੰਦਰ ਅਸਤਰ-ਸ਼ਸਤਰ ਦਾ ਗਿਆਨ ਤੇ ਸ਼ਿਕਾਰ ਖੇਡਣ ਦਾ ਸ਼ੌਕ ਪੈਦਾ ਕੀਤਾ। ਬਚਪਨ ਵਿੱਚ ਜਦ ਉਸ ਦੇ ਹੱਥੋਂ ਕਿਸੇ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ, ਜੋ ਉਸ ਦੇ ਸਾਹਮਣੇ ਆਪਣੇ ਅਣਜੰਮੇ ਬੱਚਿਆਂ ਸਮੇਤ ਤੜਪ-ਤੜਪ ਕੇ ਮਰ ਗਈ, ਨੂੰ ਦੇਖ ਕੇ ਉਸ ਦੇ ਦਿਲ ਨੂੰ ਇੰਨੀ ਭਾਰੀ ਸੱਟ ਲੱਗੀ ਕਿ ਉਹ ਆਪਣਾ ਘਰ-ਬਾਰ ਤਿਆਗ ਕੇ ਵੈਰਾਗੀ ਹੋ ਗਿਆ। ਸ਼ਾਂਤੀ ਦੀ ਭਾਲ ਵਿੱਚ ਉਸ ਨੂੰ ਇਕ ਸਾਧੂ ਜਾਨਕੀ ਦਾਸ ਮਿਲਿਆ, ਜਿਸ ਨੇ ਉਸ ਦਾ ਨਾਂ ਮਾਧੋ ਦਾਸ ਰੱਖ ਦਿੱਤਾ ਪਰ ਮਨ ਦੀ ਸ਼ਾਂਤੀ ਇੱਥੋਂ ਵੀ ਨਹੀਂ ਮਿਲੀ। ਦੇਸ਼ ਭ੍ਰਮਣ ਲਈ ਜਾ ਤੁਰਿਆ। ਨਾਸਕ ਪੰਚਵਟੀ ਦੇ ਸਥਾਨ 'ਤੇ ਉਸ ਦਾ ਮੇਲ ਇਕ ਜੋਗੀ ਆਉਖੜ ਨਾਥ ਨਾਲ ਹੋਇਆ, ਜਿਸ ਦੀ ਸੇਵਾ 'ਚ ਰਹਿੰਦੀਆਂ ਉਹ ਯੋਗ ਸਾਧਨਾ ਤੇ ਤਾਂਤਰਿਕ ਵਿੱਦਿਆ ਵਿੱਚ ਮਾਹਿਰ ਹੋ ਗਿਆ। ਤਿੰਨ ਸਾਲ ਆਉਖੜ ਨਾਥ ਦੀ ਸੇਵਾ 'ਚ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ।  ਸਾਰੀਆਂ ਰਿੱਧੀਆਂ-ਸਿੱਧੀਆਂ, ਜਾਦੂ-ਟੂਣਿਆਂ, ਜੰਤਰਾਂ-ਮੰਤਰਾਂ ਦੀ ਵਿੱਦਿਆ ਦੀਆਂ ਪੋਥੀਆਂ ਉਸ ਦੇ ਹੱਥਾਂ 'ਚ ਆ ਗਈਆਂ ਤੇ ਉਸ ਨੇ ਬਹੁਤ ਜਲਦੀ ਇਸ 'ਤੇ ਮੁਹਾਰਤ ਹਾਸਲ ਕਰ ਲਈ। ਬਹੁਤ ਸਾਰੇ ਉਸ ਦੇ ਚੇਲੇ ਬਣ ਗਏ। ਮਨੋਕਾਮਨਾਵਾਂ ਪੂਰੀਆਂ ਕਰਾਉਣ ਲਈ ਉਸ ਕੋਲ ਭੀੜ ਲੱਗੀ ਰਹਿੰਦੀ, ਜਿਸ ਕਰਕੇ ਉਹ ਬਹੁਤ ਹੰਕਾਰੀ ਵੀ ਹੋ ਗਿਆ।

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪੁੱਜੇ ਤਾਂ ਉਨ੍ਹਾਂ ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ। ਆਉਖੜ ਦੀ ਮੌਤ ਤੋਂ ਬਾਅਦ ਬੰਦਾ ਵੀ ਭ੍ਰਮਣ ਕਰਦਾ-ਕਰਦਾ ਨੰਦੇੜ ਆ ਪਹੁੰਚਿਆ ਤੇ ਰਾਵੀ ਦੇ ਕੰਢੇ ਆਪਣੇ ਕ੍ਰਿਸ਼ਮੇ ਦਿਖਾਉਣ ਲੱਗਾ। ਨੰਦੇੜ ਦੀਆਂ ਸੰਗਤਾਂ 'ਚੋਂ ਕਿਸੇ ਸਿੱਖ ਨੇ ਬੰਦਾ ਬਹਾਦਰ ਬਾਰੇ ਦੱਸਿਆ ਕਿ ਉਹ ਰਿੱਧੀਆਂ-ਸਿੱਧੀਆਂ ਨਾਲ ਤਖਤ ਤੇ ਸੰਤਾਂ-ਮਹਾਤਮਾਂ ਨੂੰ ਬਿਠਾ ਕੇ ਫਿਰ ਤਖਤ ਉਲਟਾ ਕੇ ਬੜਾ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਸਾਨੂੰ ਇਸ ਵੇਲੇ ਤਖਤ ਉਲਟਾਉਣ ਵਾਲਾ ਬੰਦਾ ਹੀ ਚਾਹੀਦਾ ਹੈ।

ਫਿਰ 1708 ਵਿੱਚ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਮਿਲੇ ਅਤੇ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਸਿੱਖ ਧਰਮ ਵਿੱਚ ਆਏ ਤੇ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੰਸਾਰ ਤੋਂ ਜਾਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਸਿੱਖ ਫੌਜ ਦਾ ਆਗੂ ਬਣਾਇਆ ਅਤੇ ਮੁਗਲਾਂ ਨਾਲ ਲੜਨ ਤੇ ਪੰਜਾਬ ਨੂੰ ਆਜ਼ਾਦ ਕਰਨ ਲਈ ਪੰਜਾਬ ਭੇਜਿਆ। ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਪ੍ਰਾਪਤ ਕਰਕੇ ਪੰਜਾਬ ਵੱਲ ਕੂਚ ਕੀਤਾ।

ਉਸ ਨੇ ਸੋਨੀਪਤ ਵਿੱਚ ਮੁਗਲਾਂ ਵਿਰੁੱਧ ਪਹਿਲੀ ਲੜਾਈ ਲੜੀ ਅਤੇ ਮੁਗਲ ਫ਼ੌਜ ਨੂੰ ਹਰਾਇਆ। ਬੰਦਾ ਸਿੰਘ ਨੇ ਸੋਨੀਪਤ ਵਿੱਚ ਮੁਗਲਾਂ ਨੂੰ ਹਰਾ ਕੇ ਭੂਨਾ ਤੋਂ ਮੁਗਲ ਖ਼ਜ਼ਾਨਾ ਖੋਹ ਲਿਆ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਮਾਣਾ 'ਤੇ ਵੱਡਾ ਹਮਲਾ ਕੀਤਾ ਅਤੇ ਮੁਗਲਾਂ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ। ਉਸ ਨੇ ਮੁਗਲ ਫ਼ੌਜ ਨੂੰ ਮਾਰ ਦਿੱਤਾ ਅਤੇ ਇੱਥੇ ਬੰਦਾ ਸਿੰਘ ਬਹਾਦਰ ਨੇ ਆਪਣਾ ਸਭ ਤੋਂ ਵੱਡਾ ਕਾਰਨਾਮਾ ਕੀਤਾ। ਇਸ ਨੇ ਸਰਹਿੰਦ ਦੇ ਮੁਗਲ ਗਵਰਨਰ ਵਜ਼ੀਰ ਖਾਨ ਦੇ ਹੁਕਮ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਜਿਊਂਦਿਆਂ ਚਿਣਵਾ ਦੇਣ ਵਾਲੇ ਦੋ ਜੱਲਾਦਾਂ ਸ਼ਸ਼ਕ ਬੇਗ ਅਤੇ ਬਾਸ਼ਾਲ ਬੇਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਬੰਦਾ ਸਿੰਘ ਨੇ ਉਨ੍ਹਾਂ ਨੂੰ ਫਾਂਸੀ ਦਿੱਤੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਅੰਸ਼ਕ ਰੂਪ 'ਚ ਬਦਲਾ ਲਿਆ। ਇਸ ਤੋਂ ਬਾਅਦ ਬੰਦਾ ਸਿੰਘ ਨੇ ਘੁਰਾਮ 'ਤੇ ਹਮਲਾ ਕੀਤਾ ਅਤੇ ਮੁਗਲਾਂ ਨੂੰ ਦੁਬਾਰਾ ਹਰਾ ਕੇ ਇਸ 'ਤੇ ਕਬਜ਼ਾ ਕਰ ਲਿਆ।

ਘੁਰਾਮ ਵਿੱਚ ਜਿੱਤ ਤੋਂ ਬਾਅਦ ਬੰਦਾ ਸਿੰਘ ਨੇ ਕਪੂਰੀ ਉੱਤੇ ਹਮਲਾ ਕੀਤਾ। ਕਪੂਰੀ ਦਾ ਗਵਰਨਰ ਕਦਮ-ਉਦ-ਦੀਨ ਬਹੁਤ ਜ਼ਾਲਮ ਸੀ ਅਤੇ ਹਿੰਦੂਆਂ ਉੱਤੇ ਬਹੁਤ ਜ਼ੁਲਮ ਕਰਦਾ ਸੀ। ਬੰਦਾ ਸਿੰਘ ਨੇ ਉਸ ਨੂੰ ਜੰਗ ਵਿੱਚ ਮਾਰ ਦਿੱਤਾ ਅਤੇ ਕਪੂਰੀ ਜਿੱਤੀ। ਕਪੂਰੀ ਤੋਂ ਬਾਅਦ ਬੰਦਾ ਸਿੰਘ ਨੇ ਸਢੌਰੇ ਉੱਤੇ ਹਮਲਾ ਕੀਤਾ। ਬੰਦਾ ਸਿੰਘ ਨੇ ਲੜਾਈ ਵਿੱਚ ਮੁਗਲ ਗਵਰਨਰ ਉਸਮਾਨ ਖ਼ਾਨ ਨੂੰ ਹਰਾਇਆ ਤੇ ਮਾਰਿਆ ਅਤੇ ਸਢੌਰੇ ਨੂੰ ਆਜ਼ਾਦ ਕਰਵਾਇਆ। ਸਢੌਰੇ ਤੋਂ ਬਾਅਦ ਬੰਦਾ ਸਿੰਘ ਨੇ ਮੁਖਲਿਸਪੁਰ 'ਤੇ ਕਬਜ਼ਾ ਕਰ ਲਿਆ ਤੇ ਇਸ ਦਾ ਨਾਂ ਬਦਲ ਕੇ ਲੋਹਗੜ੍ਹ ਰੱਖ ਦਿੱਤਾ ਅਤੇ ਇਸ ਨੂੰ ਆਪਣੀ ਰਾਜਧਾਨੀ ਐਲਾਨ ਦਿੱਤਾ। ਫਿਰ ਬੰਦਾ ਸਿੰਘ ਦੇ ਜੀਵਨ ਅਤੇ ਕਰੀਅਰ ਦੀ ਸਭ ਤੋਂ ਮਹੱਤਵਪੂਰਨ ਲੜਾਈ ਆਈ- ਸਰਹਿੰਦ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ 'ਤੇ ਕਈ ਵਾਰ ਹਮਲੇ ਕੀਤੇ ਸਨ ਅਤੇ ਉਨ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਨੀਹਾਂ 'ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਸੀ। ਬੰਦਾ ਅਤੇ ਸਿੱਖ ਉਸ ਦੀ ਫ਼ੌਜ ਉਸ ਨੂੰ ਫੜਨ ਲਈ ਬਹੁਤ ਹਲਚਲ ਵਿੱਚ ਸੀ। ਇਸ ਤੋਂ ਇਲਾਵਾ ਉਸ ਨੇ ਬਹੁਤ ਸਾਰੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸੀ। ਬੰਦਾ ਸਿੰਘ ਨੇ ਫ਼ੌਜ ਨਾਲ ਸਰਹਿੰਦ ਵੱਲ ਕੂਚ ਕੀਤਾ ਅਤੇ ਜਿਵੇਂ ਹੀ ਇਹ ਖ਼ਬਰ ਸਰਹਿੰਦ ਪਹੁੰਚੀ ਤਾਂ ਆਮ ਲੋਕ ਉਨ੍ਹਾਂ ਦਾ ਸਵਾਗਤ ਕਰਨ ਅਤੇ ਵਜ਼ੀਰ ਖ਼ਾਨ ਨਾਲ ਲੜਨ ਲਈ ਇਕੱਠੇ ਹੋ ਗਏ। ਭਿਆਨਕ ਲੜਾਈ ਹੋਈ ਅਤੇ ਬੰਦਾ ਸਿੰਘ ਬਹਾਦਰ ਤੇ ਭਾਈ ਫਤਿਹ ਸਿੰਘ ਨੇ ਜੰਗ ਵਿੱਚ ਵਜ਼ੀਰ ਖਾਨ ਨੂੰ ਮਾਰ ਦਿੱਤਾ ਅਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਲਿਆ। ਉਹ ਅੱਗੇ ਵਧੇ ਅਤੇ ਵਜ਼ੀਰ ਖਾਨ ਸੁੱਚਾਨੰਦ ਦੇ ਦੀਵਾਨ ਨੂੰ ਮਾਰ ਦਿੱਤਾ, ਜਿਸ ਨੇ ਨੌਜਵਾਨ ਸਾਹਿਬਜ਼ਾਦਿਆਂ ਦੇ ਕਤਲ ਅਤੇ ਸਰਹਿੰਦ ਕਿਲ੍ਹੇ ਨੂੰ ਜਿੱਤਣ ਵਿੱਚ ਵੀ ਭੂਮਿਕਾ ਨਿਭਾਈ ਸੀ।

ਬਾਅਦ ਵਿੱਚ 1715 'ਚ ਨਵੇਂ ਗਵਰਨਰ ਅਬਦੁਲ ਸਮਦ ਖ਼ਾਨ ਦੀ ਅਗਵਾਈ ਵਿੱਚ ਮੁਗਲ ਫ਼ੌਜ ਨੇ ਸੰਖਿਆਤਮਕ ਉੱਤਮਤਾ ਕਾਰਨ ਬੰਦਾ ਸਿੰਘ ਬਹਾਦਰ ਅਤੇ ਉਸ ਦੀ ਫ਼ੌਜ ਨੂੰ ਗੁਰੂਦਾਸ ਨੰਗਲ ਦੇ ਅੰਦਰ ਭਜਾ ਦਿੱਤਾ। ਸਖ਼ਤ ਘੇਰਾਬੰਦੀ 8 ਮਹੀਨਿਆਂ ਤੱਕ ਚੱਲੀ ਪਰ ਦਸੰਬਰ 1715 'ਚ ਮੁਗਲ ਬੰਦਾ ਸਿੰਘ ਨੂੰ ਤੋੜਨ ਵਿੱਚ ਕਾਮਯਾਬ ਹੋ ਗਏ ਅਤੇ ਉਸ ਦੇ ਸਾਥੀਆਂ ਨੂੰ ਫੜ ਲਿਆ ਗਿਆ। ਉਨ੍ਹਾਂ ਨੂੰ ਬੇਇੱਜ਼ਤ ਕਰਨ ਲਈ ਜਾਣਬੁੱਝ ਕੇ ਸ਼ਾਹੀ ਕੱਪੜੇ ਪਹਿਨਾਏ ਗਏ ਅਤੇ ਦਿੱਲੀ ਲਿਜਾਇਆ ਗਿਆ। ਉੱਥੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਅਤੇ ਸਾਰੇ ਬੰਦੀ ਸਿੱਖਾਂ ਨੇ ਇਨਕਾਰ ਕਰ ਦਿੱਤਾ। ਫਿਰ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਆਪਣੇ ਹੱਥਾਂ ਨਾਲ ਮਾਰਨ ਲਈ ਕਿਹਾ ਗਿਆ, ਜਿਸ ਤੋਂ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਸਿੱਖ ਬੱਚੇ, ਔਰਤਾਂ ਨੂੰ ਨਹੀਂ ਮਾਰਦੇ। ਫਿਰ ਉਸ ਦਾ ਪੁੱਤਰ ਮਾਰਿਆ ਗਿਆ ਅਤੇ ਬੰਦਾ ਸਿੰਘ ਬਹਾਦਰ ਨੂੰ ਵੀ ਤਸੀਹੇ ਦੇ ਕੇ ਮਾਰ ਦਿੱਤਾ ਗਿਆ।

ਹਰੀਸ਼ ਢਿੱਲੋਂ ਲਿਖਦੇ ਹਨ, ''ਕੋਤਵਾਲ ਸਰਬਰਾਹ ਖ਼ਾਨ ਦੇ ਇਸ਼ਾਰੇ 'ਤੇ ਅਜੈ ਸਿੰਘ ਦੇ ਤਲਵਾਰ ਨਾਲ ਟੁਕੜੇ ਕਰ ਦਿੱਤੇ ਗਏ। ਬੰਦਾ ਬਹਾਦਰ ਅਡੋਲ ਬੈਠੇ ਰਹੇ। ਅਜੈ ਸਿੰਘ ਉਨ੍ਹਾਂ ਦੇ ਪੁੱਤਰ ਦਾ ਦਿਲ ਉਨ੍ਹਾਂ ਦੇ ਸਰੀਰ 'ਚੋਂ ਕੱਢ ਕੇ ਬੰਦਾ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਇਸ ਤੋਂ ਬਾਅਦ ਜੱਲਾਦ ਨੇ ਆਪਣਾ ਧਿਆਨ ਬੰਦੇ ਵੱਲ ਮੋੜਿਆ। ਉਨ੍ਹਾਂ ਦਾ ਮਾਸ ਨੋਚਿਆ ਗਿਆ। ਇਸ ਦੌਰਾਨ ਪੂਰੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੂੰ ਜ਼ਿੰਦਾ ਰੱਖਿਆ ਜਾਵੇ। ਅਖੀਰ ਕਈ ਤਸੀਹੇ ਦੇਣ ਮਗਰੋਂ ਜੱਲਾਦ ਨੇ ਬੰਦੇ ਦੇ ਸਿਰ ਨੂੰ ਧੜ ਤੋਂ ਵੱਖ ਕਰ ਦਿੱਤਾ।''

ਇਸ ਤਰ੍ਹਾਂ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਬੰਦਾ ਸਿੰਘ ਬਹਾਦਰ ਦੀ ਮਹਾਨ ਗਾਥਾ ਦਾ ਅੰਤ ਹੋ ਗਿਆ। ਲਛਮਣ ਦੇਵ ਤੋਂ ਮਾਧੋ ਦਾਸ ਅਤੇ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਤੱਕ ਦੀ ਮਹਾਨ ਯਾਤਰਾ।

-ਸੁਰਜੀਤ ਸਿੰਘ ਫਲੋਰਾ


Mukesh

Content Editor

Related News