ਸਹਿਯੋਗ ਦੇਣ ਵਾਲੇ ਸ਼ਰਧਾਲੂਆਂ ਨੂੰ ਬਾਬਾ ਸੋਹਨ ਸਿੰਘ ਨੇ ਕੀਤਾ ਸਨਮਾਨਤ
Sunday, Nov 11, 2018 - 04:40 PM (IST)

ਤਰਨਤਾਰਨ (ਲਾਲੂਘੁੰਮਣ,ਬਖਤਾਵਰ) - ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀਡ਼ ਬਾਬਾ ਬੁੱਢਾ ਜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੌਂਪੀਆਂ ਗਈਆਂ ਕਾਰ ਸੇਵਾਵਾਂ ’ਚ ਵੱਧ ਚਡ਼੍ਹ ਕੇ ਸਹਿਯੋਗ ਦੇਣ ਵਾਲੇ ਸ਼ਰਧਾਲੂਆਂ ਨੂੰ ਕਾਰਸੇਵਾ ਬੀਡ਼ ਸਾਹਿਬ ਵਾਲੇ ਬਾਬਾ ਸੋਹਨ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਬਾਬਾ ਸੋਹਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ’ਚ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਬਾਬਾ ਸੁੱਖਾ ਜੀ ਭੂਰੀ ਵਾਲਿਆਂ ਵੱਲੋਂ ਉਨ੍ਹਾਂ ਦੀ ਦੇਖ-ਰੇਖ ’ਚ ਗੁ. ਬੀਡ਼ ਸਾਹਿਬ ਵਿਖੇ ਇਮਾਰਤਾਂ ਦੇ ਨਿਰਮਾਣ ਦੀਆਂ ਕਾਰ ਸੇਵਾਵਾਂ ਜੰਗੀ ਪੱਧਰ ’ਤੇ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅਖੰਡ ਪਾਠੀ ਸਿੰਘਾਂ ਲਈ ਜਿੱਥੇ ਬਾਥਰੂਮ ਬਲਾਕ ਦਾ ਨਿਰਮਾਣ ਕਰਵਾ ਕੇ ਦਿੱਤਾ ਗਿਆ ਹੈ, ਉੱਥੇ ਹੀ ਪਵਿੱਤਰ ਸਰੋਵਰ ਦੇ ਜਲ ਨੂੰ ਟਰੀਟ ਕਰਨ ਲਈ ਲਾਏ ਗਏ 4 ਆਧੁਨਿਕ ਫਿਲਟਰਾਂ ਦੇ ਕੰਟਰੋਲ ਰੂਮ ਦਾ ਨਿਰਮਾਣ ਵੀ ਮੁਕੰਮਲ ਹੋ ਚੁੱਕਾ ਹੈ ਜਦ ਕਿ ਅਨੰਦ ਕਾਰਜ ਤੇ ਅੰਮ੍ਰਿਤ ਸੰਚਾਰ ਕੰਪਲੈਕਸ ਦੇ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਕਰਨ ਲਈ ਅੰਡਰਗਰਾਂਊਡ ਪਾਰਕਿੰਗ ਤੇ ਹੋਰ ਨਿਰਮਾਣ ਅਰੰਭ ਕਰਾਏ ਜਾ ਰਹੇ ਹਨ। ਬਾਬਾ ਸੋਹਨ ਸਿੰਘ ਨੇ ਸਮੂਹ ਸੰਗਤਾਂ ਨੂੰ ਗੁ. ਬੀਡ਼ ਸਾਹਿਬ ਵਿਖੇ ਚੱਲ ਰਹੀਆਂ ਕਾਰਸੇਵਾਵਾਂ ’ਚ ਵੱਧ ਚਡ਼੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸਰਪੰਚ ਮਨਜੀਤ ਸਿੰਘ ਦਿਓਲ ਵਲਟੋਹਾ, ਕਾਰਜ ਸਿੰਘ ਡਿੱਬੀਪੁਰ, ਬਲਦੇਵ ਸਿੰਘ ਥਾਂਦਾ, ਸੁਖਦੇਵ ਸਿੰਘ ਮੂਸੇ, ਮਨਬੀਰ ਸਿੰਘ ਮੂਸੇ ਨੂੰ ਬਾਬਾ ਸੋਹਨ ਸਿੰਘ, ਬਾਬਾ ਫਤਿਹ ਸਿੰਘ ਭੂਰੀ ਵਾਲੇ, ਪ੍ਰਤਾਪ ਸਿੰਘ ਠੱਠਾ ਤੇ ਭਾਈ ਮਨੋਹਰ ਸਿੰਘ ਠੱਠਾ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਈ ਕਰਮਜੀਤ ਸਿੰਘ ਠੱਠਾ, ਕੈਪਟਨ ਸਿੰਘ ਬਘਿਆਡ਼ੀ, ਬਲਜੀਤ ਸਿੰਘ ਪਟਵਾਰੀ, ਜੋਬਨਜੀਤ ਸਿੰਘ, ਜਸ਼ਨਪ੍ਰੀਤ ਸਿੰਘ ਆਦਿ ਹਾਜ਼ਰ ਸਨ।