ਬੱਚਿਆਂ ਵਲੋਂ ਦੀਵਾਲੀ ਮੌਕੇ ਲਾਏ ਵੱਖ-ਵੱਖ ਥਾਵਾਂ ’ਤੇ ਸਟਾਲ

Sunday, Nov 11, 2018 - 04:43 PM (IST)

ਬੱਚਿਆਂ ਵਲੋਂ ਦੀਵਾਲੀ ਮੌਕੇ ਲਾਏ ਵੱਖ-ਵੱਖ ਥਾਵਾਂ ’ਤੇ ਸਟਾਲ

ਤਰਨਤਾਰਨ (ਰਾਜੂ) - ਤਰਨਤਾਰਨ ਵਿਖੇ ਚਲ ਰਹੀ ਵਿਸ਼ੇਸ਼ ਬੱਚਿਆਂ ਦੀ ਸੰਸਥਾ ਸਮਰਪਣ ਸੋਸਾਇਟੀ ਵਲੋਂ ਵਿਸ਼ੇਸ਼ ਬੱਚਿਆਂ ਦੇ ਮਨੋਬਲ ਨੂੰ ਚੁੱਕਣ ਲਈ ਤਰਨਤਾਰਨ ਜ਼ਿਲੇ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਦੀਵਿਆਂ ਦੇ ਸਟਾਲ ਉਨ੍ਹਾਂ ਸੰਸਥਾਵਾਂ ਵਿਚ ਲਗਾਏ ਗਏ, ਜਿਸ ਦਾ ਮਨੋਰਥ ਜਿਥੇ ਬੱਚਿਆਂ ਦੇ ਮਨੋਬਲ ਨੂੰ ਚੁੱਕਣਾ ਸੀ, ਉਥੇ ਆਮ ਬੱਚਿਆਂ ਅਤੇ ਨੌਜਵਾਨਾਂ ਨੂੰ ਇਨ੍ਹਾਂ ਵਿਸ਼ੇਸ਼ ਬੱਚਿਆਂ ਦੇ ਬਾਰੇ ਜਾਣੂ ਕਰਵਾਉਣਾ ਸੀ, ਤਾਂ ਕਿ ਉਹ ਸਮਝ ਸਕਣ ਕਿ ਦਿਵਯਾਂਗ ਬੱਚੇ ਵੀ ਆਪਣੇ ਜੀਵਨ ਵਿਚ ਕੁਝ ਵੱਖਰਾ ਕਰ ਸਕਦੇ ਹਨ, ਜੇਕਰ ਇਨ੍ਹਾਂ ਨੂੰ ਮੌਕੇ ਪ੍ਰਦਾਨ ਕੀਤੇ ਜਾਣ। ਇਸ ਮੌਕੇ ਬੱਚਿਆਂ ਵਲੋਂ ਤਿਆਰ ਕੀਤੇ ਰੰਗ-ਬਿਰੰਗੇ ਦੀਵੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬਡ਼ੇ ਚਾਵਾਂ ਨਾਲ ਖਰੀਦੇ। ਸਮਰਪਣ ਦੇ ਬੱਚਿਆਂ ਵਲੋਂ ਲਗਭਗ 600 ਪੈਕ ਤਿਆਰ ਕੀਤਾ ਗਿਆ ਸੀ, ਜਿਸ ਨੂੰ ਬੱੱਚਿਆਂ ਨੇ ਤਿੰਨ ਮਹੀਨਿਆਂ ਦੀ ਮਿਹਨਤ ਸਦਕਾ ਪੂਰਾ ਕੀਤਾ। ਬਾਬਾ ਦੀਪ ਸਿੰਘ ਪਬਲਿਕ ਸਕੂਲ ਬੇਗੇਪੁਰ ਵਿਖੇ ਪਹਿਲਾ ਸਟਾਲ ਤੇ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਸਕੂਲ ਦੀ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਵਲੋਂ ਬਹੁਤ ਸਹਿਯੋਗ ਦਿੱਤਾ ਗਿਆ ਅਤੇ ਸੰਸਥਾ ਦੇ ਐੱਮ. ਡੀ. ਬਲਵਿੰਦਰ ਸਿੰਘ ਬਾਠ ਅਤੇ ਪ੍ਰਿੰਸੀਪਲ ਰਮਨਪ੍ਰੀਤ ਸਿੰਘ ਅਤੇ ਮੈਨੇਜਮੈਂਟ ਵਲੋਂ 25 ਹਜ਼ਾਰ ਦੀ ਆਰਥਿਕ ਸਹਾਇਤਾ ਕੀਤੀ ਗਈ। ਇਸ ਤੋਂ ਬਾਅਦ ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਵਿਖੇ ਵੀ ਪ੍ਰਦਰਸ਼ਨੀ ਅਤੇ ਸਟਾਲ ਲਗਾਇਆ ਗਿਆ, ਜਿਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸੁਖਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਐੱਮ. ਡੀ. ਵਲੋਂ ਸੋਸਾਇਟੀ ਨੂੰ 5 ਹਜ਼ਾਰ ਦੀ ਆਰਥਿਕ ਸਹਾਇਤਾ ਕੀਤੀ। ਇਸ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ, ਮਾਝਾ ਪਬਲਿਕ ਸਕੂਲ ਤਰਨਤਾਰਨ, ਮਾਝਾ ਕਾਲਜ ਫਾਰ ਵੂਮੈਨ ਤਰਨਤਾਰਨ ਅਤੇ ਪੰਜਾਬ ਚਿਲਡਰਨ ਅਕੈਡਮੀ ਵਿਖੇ ਵੀ ਪ੍ਰਦਰਸ਼ਨੀ ਸਟਾਲ ਲਗਾਏ ਗਏ। ਸੋਸਾਇਟੀ ਦੇ ਪ੍ਰਧਾਨ ਸੁਖਜੀਤ ਪਾਲ ਸਿੰਘ ਤੇ ਸੋਸਾਇਟੀ ਮੈਂਬਰ ਬਲਬੀਰ ਸਿੰਘ ਮੱਲੀ ਵਲੋਂ ਇਸ ਲਈ ਸਭ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।


Related News