T20 WC : ਜ਼ਿੰਬਾਬਵੇ ਨੇ ਕੀਤਾ ਵੱਡਾ ਉਲਟਫੇਰ, ਪਾਕਿਸਤਾਨ ਨੂੰ 1 ਦੌੜ ਨਾਲ ਹਰਾਇਆ

Thursday, Oct 27, 2022 - 09:06 PM (IST)

T20 WC : ਜ਼ਿੰਬਾਬਵੇ ਨੇ ਕੀਤਾ ਵੱਡਾ ਉਲਟਫੇਰ, ਪਾਕਿਸਤਾਨ ਨੂੰ 1 ਦੌੜ ਨਾਲ ਹਰਾਇਆ

ਸਪੋਰਟਸ ਡੈਸਕ : ਜ਼ਿੰਬਾਬਵੇ ਨੇ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਨੂੰ ਫਸਵੇਂ ਮੁਕਾਬਲੇ 'ਚ 1 ਦੌੜ ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ। ਜ਼ਿੰਬਾਬਵੇ ਨੇ ਪਾਕਿਸਤਾਨ ਨੂੰ 131 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਪਾਕਿਸਤਾਨ 20 ਓਵਰਾਂ 'ਚ 129 ਦੌੜਾਂ ਹੀ ਬਣਾ ਪਾ ਸਕੀ।ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜ਼ਿੰਬਾਬਵੇ ਨੇ 8 ਵਿਕਟਾਂ ਗੁਆ ਕੇ 130 ਦੌੜਾਂ ਬਣਾਈਆਂ ਸੀ। ਸੇਨ ਵੀਲੀਅਮਸ ਨੇ ਸੱਭ ਤੋਂ ਵੱਧ 31 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਮੁਹੰਮਦ ਵਸੀਮ ਨੇ 4 ਅਤੇ ਸ਼ਾਦਾਬ ਖ਼ਾਨ ਨੇ 3 ਵਿਕਟਾਂ ਲਈਆਂ।

ਇਹ ਖ਼ਬਰ ਵੀ ਪੜ੍ਹੋ : ਕਰੰਸੀ ਨੋਟਾਂ ਨੂੰ ਲੈ ਕੇ ਦਿੱਤੇ ਬਿਆਨ ’ਤੇ ਅਕਾਲੀ ਦਲ ਨੇ ਕੇਜਰੀਵਾਲ ’ਤੇ ਕੀਤਾ ਵੱਡਾ ਹਮਲਾ

131 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਟੀਮ ਨੇ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਅਤੇ ਇਫ਼ਤਿਖਾਰ ਅਹਿਮਦ ਦੀ ਵਿਕਟ ਛੇਤੀ ਗੁਆ ਲਈ। ਪਾਕਿਸਤਾਨ ਵੱਲੋਂ ਸ਼ਾਨ ਮਸੂਦ ਨੇ ਸੱਭ ਤੋਂ ਵੱਧ 44 ਦੌੜਾਂ ਬਣਾਈਆਂ। ਜ਼ਿੰਬਾਬਵੇ ਦੇ ਸਿੰਕਦਰ ਰਜ਼ਾ ਨੇ 16ਵੇਂ ਓਵਰ ਵਿਚ ਉਸ ਨੂੰ ਆਉਟ ਕਰ ਕੇ ਰੋਮਾਂਚ ਪੈਦਾ ਕੀਤਾ। ਪਾਕਿਸਤਾਨ ਨੂੰ ਅਖ਼ੀਰਲੇ ਓਵਰ 'ਚ ਜਿੱਤ ਲਈ 11 ਦੌੜਾਂ ਦੀ ਲੋੜ ਸੀ। ਓਵਰ ਦੀ 5ਵੀਂ ਗੇਂਦ 'ਤੇ ਬਰੈਡ ਏਵਨਜ਼ ਨੇ ਮੁਹੰਮਦ ਨਵਾਜ਼ ਨੂੰ ਆਉਟ ਕੀਤਾ। ਅਖ਼ੀਰਲੀ ਗੇਂਦ 'ਤੇ ਪਾਕਿਸਤਾਨ ਨੂੰ 3 ਦੌੜਾਂ ਚਾਹੀਦੀਆਂ ਸਨ। ਇਸ ਗੇਂਦ 'ਤੇ ਪਾਕਿਸਤਾਨ 1 ਦੌੜ ਹੀ ਬਣਾ ਪਾਇਆ ਅਤੇ ਸ਼ਾਹੀਨ ਅਫ਼ਰੀਦੀ ਦੂਜੀ ਦੌੜ ਪੂਰੀ ਕਰਨ ਦੀ ਕੋਸ਼ਿਸ਼ 'ਚ ਰਨ ਆਊਟ ਹੋ ਗਿਆ। ਇਸ ਤਰ੍ਹਾਂ ਪਾਕਿਸਤਾਨ ਟੀਮ 20 ਓਵਰਾਂ 'ਚ 8 ਵਿਕਟਾਂ ਗੁਆ ਕੇ 129 ਦੌੜਾਂ ਹੀ ਬਣਾ ਪਾਈ। ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਉਸ ਨੇ 4 ਓਵਰ 'ਚ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ।


author

Manoj

Content Editor

Related News