ਰੋਹਿਤ ਦੇ ਸਵਾਲ ’ਤੇ ਯੁਵਰਾਜ ਨੇ ਦਿੱਤਾ ਜਵਾਬ- ਸੀਨੀਅਰ ਦਾ ਸਨਮਾਨ ਨਹੀਂ ਕਰਦੇ ਨੌਜਵਾਨ ਖਿਡਾਰੀ
Wednesday, Apr 08, 2020 - 12:47 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਖਿਡਾਰੀ ਯੁਵਰਾਜ ਸਿੰਘ ਨੇ ਵਰਤਮਾਨ ਭਾਰਤ ਦੀ ਟੀਮ ਦੇ ਸਭਿਆਚਾਰ ਦੀ ਸਖਤ ਆਲੋਚਨਾ ਕਰਦਿਆਂ ਰੋਹਿਤ ਸ਼ਰਮਾ ਨਾਲ ਇੰਸਟਾਗ੍ਰਾਮ ’ਤੇ ਗੱਲ ਕਰਦਿਆਂ ਕਿਹਾ ਕਿ ਟੀਮ ਵਿਚ ਬਹੁਤ ਘੱਟ ‘ਰੋਲ ਮਾਡਲ’ ਹਨ ਅਤੇ ਸੀਨੀਅਰ ਖਿਡਾਰੀਆਂ ਦਾ ਨੌਜਵਾਨ ਜ਼ਿਆਦਾ ਸਨਮਾਨ ਨਹੀਂ ਕਰਦੇ। ਇੰਸਟਾਗ੍ਰਾਮ ’ਤੇ ਸਵਾਲ ਜਵਾਬ ਦੌਰਾਨ ਵਨ ਡੇ ਟੀਮ ਦੇ ਉਪਕਪਤਾਨ ਰੋਹਿਤ ਨੇ ਯੁਵਰਾਜ ਤੋਂ ਮੌਜੂਦਾ ਟੀਮ ਅਤੇ ਉਸਦੇ ਸਮੇਂ ਦੀ ਟੀਮ ਵਿਚ ਫਰਕ ਬਾਰੇ ਪੁੱਛਿਆ।
ਇਸ ’ਤੇ ਯੁਵਰਾਜ ਨੇ ਕਿਹਾ, ‘‘ਜਦੋਂ ਮੈਂ ਜਾਂ ਤੁਸੀਂ (ਰੋਹਿਤ ਸ਼ਰਮਾ ਨੂੰ ਕਹਿੰਦੇ ਹੋਏ) ਟੀਮ ਵਿਚ ਆਏ ਤਾਂ ਸਾਡੇ ਸੀਨੀਅਰ ਕਾਫੀ ਅਨੁਸ਼ਾਸਿਤ ਸੀ। ਉਸ ਸਮੇਂ ਸੋਸ਼ਲ ਮੀਡੀਆ ਨਹੀਂ ਸੀ ਅਤੇ ਧਿਆਨ ਨਹੀਂ ਭਟਕਦਾ ਸੀ। ਸਾਰਿਆਂ ਨੂੰ ਆਚਰਣ ਦਾ ਖਾਸ ਖਿਆਲ ਰੱਖਣਾ ਪੈਂਦਾ ਸੀ ਪਰ ਮੌਜੂਦਾ ਸਮੇਂ ਅਜਿਹਾ ਨਹੀਂ ਹੈ। ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇ ਲਈ ਖੇਡਦੇ ਸਮੇਂ ਆਪਣੇ ਅਕਸ ਦਾ ਖਾਸ ਧਿਆਨ ਰੱਖੋ। ਟੀਮ ਵਿਚ ਵਿਰਾਟ ਕੋਹਲੀ ਅਤੇ ਰੋਹਿਤ ਹੀ ਸਾਰੇ ਫਾਰਮੈਟ ਖੇਡ ਰਹੇ ਹਨ, ਬਾਕੀ ਸਾਰੇ ਆਉਂਦੇ ਜਾਂਦੇ ਰਹਿੰਦੇ ਹਨ।’’
ਇਸ ਤੋਂ ਯੁਵੀ ਨੇ ਕਿਹਾ ਕਿ ਹੁਣ ਟੀਮ ਵਿਚ ਉੰਨੇ ਰੋਲ ਮਾਡਲ ਨਹੀਂ ਹਨ। ਸੀਨੀਅਰ ਦੇ ਪ੍ਰਤੀ ਸਨਮਾਨ ਵੀ ਘੱਟ ਹੋ ਗਿਆ ਹੈ। ਕੋਈ ਵੀ ਕਿਸੇ ਨੂੰ ਕੁਝ ਵੀ ਕਹਿ ਦਿੰਦਾ ਹੈ। ਸਾਡੇ ਸਮੇਂ ਖਿਡਾਰੀ ਇਸ ਨੂੰ ਲੈ ਕੇ ਜ਼ਿਆਦਾ ਚੌਕਸ ਰਹਿੰਦੇ ਸੀ ਕਿ ਟੀਮ ਵਿਚ ਸੀਨੀਅਰ ਉਨ੍ਹਾਂ ਨੂੰ ਲੈ ਕੇ ਕੀ ਸੋਚਦੇ ਹਨ। ਅੱਜ ਕੱਲ ਜੂਨੀਅਰ ਜਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਅਸੀਂ ਆਪਣੇ ਸਮੇਂ ਉਸ ਬਾਰੇ ਵਿਚ ਸੋਚ ਵੀ ਨਹੀਂ ਸਕਦੇ ਸੀ ਕਿਉਂਕਿ ਸਾਨੂੰ ਡਰ ਲਗਦਾ ਸੀ।
ਹਾਰਦਿਕ ਪੰਡਯਾ ਅਤੇ ਕੇ. ਐੱਲ. ਰਾਹੁਲ ਦੀ ਇਕ ਚੈਟ ਸ਼ੋਅ ਨਾਲ ਜੁੜੀ ਇਤਰਾਜ਼ਯੋਗ ਟਿੱਪਣੀ ’ਤੇ ਗੱਲ ਕਰਦਿਆਂ ਯੁਵਰਾਜ ਨੇ ਕਿਹਾ, ‘‘ਅਜਿਹੀ ਘਟਨਾ ਸਾਡੇ ਸਮੇਂ ਨਹੀਂ ਹੋ ਸਕਦੀ ਸੀ।’’ ਇਸ ’ਤੇ ਰੋਹਿਤ ਨੇ ਕੋਈ ਜਵਾਬ ਨਹੀਂ ਦਿੱਤਾ। ਰੋਹਿਤ ਨੇ ਕਿਹਾ ਕਿ ਜਦੋਂ ਮੈਂ ਟੀਮ ਵਿਚ ਆਇਆ ਤਾਂ ਕਾਫੀ ਸੀਨੀਅਰ ਸੀ। ਮੈਨੂੰ ਲਗਦਾ ਹੈ ਕਿ ਪਿਊਸ਼ ਚਾਵਲਾ ਅਤੇ ਸੁਰੇਸ਼ ਰੈਨਾ ਦੇ ਨਾਲ ਮੈਂ ਇਕਲੌਤਾ ਨੌਜਵਾਨ ਖਿਡਾਰੀ ਸੀ। ਹੁਣ ਮਾਹੌਲ ਹਲਕਾ ਹੈ। ਮੈਂ ਨੌਜਵਾਨ ਖਿਡਾਰੀਆਂ ਨਾਲ ਗੱਲ ਕਰਦਾ ਰਹਿੰਦਾ ਹਾਂ। ਮੈਂ ਰਿਸ਼ਭ ਪੰਤ ਨਾਲ ਗੱਲ ਕਰਦਾ ਹਾਂ। ਯੁਵਰਾਜ ਨੇ ਨੌਜਵਾਨ ਪੀੜ੍ਹੀ ਦੀ ਸੋਚ ਬਾਰੇ ਕਿਹਾ ਕਿ ਜ਼ਿਆਦਾਤਰ ਨੌਜਵਾਨ ਖਿਡਾਰੀ ਸਿਰਫ ਸੀਮਤ ਓਵਰਾਂ ਦੀ ਕ੍ਰਿਕਟ ਖੇਡਣਾ ਚਾਹੁੰਦੇ ਹਨ। ਸਚਿਨ ਪਾਜੀ ਨੇ ਮੈਨੂੰ ਇਕ ਵਾਰ ਕਿਹਾ ਸੀ ਕਿ ਜੇਕਰ ਤੁਸੀਂ ਮੈਦਾਨ ’ਤੇ ਚੰਗਾ ਪ੍ਰਦਰਸ਼ਨ ਕਰੋਗੇ ਤਾਂ ਸਭ ਕੁਝ ਚੰਗਾ ਹੋਵੇਗਾ।