ਯੁਵਰਾਜ ਜਲਦੀ ਹੀ ਕਰ ਸਕਦੇ ਹਨ ਸੰਨਿਆਸ ਦਾ ਐਲਾਨ, BCCI ਅੱਗੇ ਰੱਖੀ ਇਹ ਮੰਗ
Monday, May 20, 2019 - 01:49 PM (IST)

ਨਵੀਂ ਦਿੱਲੀ— ਸੀਮਤ ਓਵਰਾਂ ਦੇ ਭਾਰਤ ਦੇ ਸਭ ਤੋਂ ਸਫਲ ਕ੍ਰਿਕਟਰਾਂ ਵਿਚੋਂ ਇਕ ਯੁਵਰਾਜ ਸਿੰਘ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਤੇ ਆਈ. ਸੀ.ਸੀ. ਤੋਂ ਮਨਜ਼ੂਰਸ਼ੁਦਾ ਵਿਦੇਸ਼ੀ ਟੀ-20 ਲੀਗ ਵਿਚ ਫ੍ਰੀਲਾਂਸ ਕ੍ਰਿਕਟਰ ਦੇ ਤੌਰ 'ਤੇ ਖੇਡ ਸਕਦਾ ਹੈ। ਪੰਜਾਬ ਦਾ ਖੱਬੇ ਹੱਥ ਦਾ ਇਹ ਬੱਲੇਬਾਜ਼ ਬੀ. ਸੀ. ਸੀ. ਆਈ. ਤੋਂ ਮਨਜ਼ੂਰੀ ਮਿਲਣ ਤੋਂ ਬਾਅਧ ਹੀ ਆਖਰੀ ਫੈਸਲਾ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਯੁਵਰਾਜ ਨੇ ਮੰਨ ਲਿਆ ਹੈ ਕਿ ਹੁਣ ਉਸਦੇ ਭਾਰਤ ਵੋਂ ਖੇਡਣ ਦੀ ਸੰਭਾਵਨਾ ਨਹੀਂ ਹੈ।
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਦੇ ਸੂਤਰ ਨੇ ਐਤਵਾਰ ਨੂੰ ਦੱਸਿਆ, ''ਯੁਵਰਾਜ ਸਿੰਘ ਕੌਮਾਂਤਰੀ ਤੇ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਰੇ ਵਿਚ ਸੋਚ ਰਿਹਾ ਹੈ। ਉਸਦੇ ਬੀ. ਸੀ. ਸੀ. ਆਈ. ਨਾਲ ਗੱਲ ਕਰਨ ਤੇ ਜੀ. ਟੀ.-20 (ਕੈਨੇਡਾ), ਆਇਰਲੈਂਡ ਵਿਚ ਯੂਰੋ ਟੀ-20 ਸਲੈਮ ਤੇ ਹਾਲੈਂਡ ਵਿਚ ਖੇਡਣ 'ਤੇ ਵੱਧ ਸਪੱਸ਼ਟਤਾ ਮੰਗਣ ਦੀ ਉਮੀਦ ਹੈ ਕਿਉਂਕਿ ਉਸਦੇ ਕੋਲ ਪੇਸ਼ਕਸ਼ ਹੈ।'' ਇਰਫਾਨ ਪਠਾਨ ਨੇ ਹਾਲ ਹੀ ਵਿਚ ਕੈਰੇਬੀਆਈ ਪ੍ਰੀਮੀਅਰ ਲੀਗ ਦੇ ਡਰਾਫਟ ਵਿਚ ਆਪਣਾ ਨਾਂ ਦਿੱਤਾ ਸੀ ਪਰ ਉਹ ਅਜੇ ਵੀ ਸਰਗਰਮ ਪਹਿਲੀ ਸ਼੍ਰੇਣੀ ਖਿਡਾਰੀ ਹੈ ਤੇ ਉਸ ਨੇ ਬੀ. ਸੀ. ਸੀ. ਆਈ. ਤੋਂ ਮਨਜ਼ੂਰੀ ਨਹੀਂ ਲਈ।