ਹੁਣ ਸਿੰਗਲਜ਼ ਨਹੀਂ, ਸਿਰਫ਼ ਡਬਲਜ਼ ਖੇਡੇਗਾ ਯੂਕੀ ਭਾਂਬਰੀ
Thursday, Jan 05, 2023 - 01:15 PM (IST)
ਪੁਣੇ (ਭਾਸ਼ਾ)– ਯੂਕੀ ਭਾਂਬਰੀ ਨੇ ਡਬਲਜ਼ ਵਰਗ ’ਤੇ ਫੋਕਸ ਕਰਨ ਲਈ ਸਿੰਗਲਜ਼ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਇਕ ਸਮੇਂ ’ਤੇ ਟਾਪ-50 ਵਿਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਮੰਨਿਆ ਜਾ ਰਿਹਾ 28 ਸਾਲ ਦਾ ਯੂਕੀ ਟੈਨਿਸ ਕਰੀਅਰ ਨੂੰ ਵਧਾਉਣ ਲਈ ਸਿੰਗਲਜ਼ ਛੱਡਣ ਵਾਲੀ ਸਾਨੀਆ ਮਿਰਜ਼ਾ ਤੋਂ ਬਾਅਦ ਦੂਜਾ ਭਾਰਤੀ ਖਿਡਾਰੀ ਹੈ। ਸੱਟਾਂ ਤੋਂ ਪ੍ਰੇਸ਼ਾਨ ਯੂਕੀ ਨੇ ਕੁਝ ਸਮੇਂ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਹੁਣ ਉਹ ਸਿਰਫ ਡਬਲਜ਼ ਖੇਡੇਗਾ।
ਉਸ ਨੇ ਕਿਹਾ, ‘‘ਮੈਂ ਸਿੰਗਲਜ਼ ਕਰੀਅਰ ਵਿਚ ਆਪਣੇ ਵਲੋਂ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ ਤੇ ਮੈਨੂੰ ਕੋਈ ਅਫਸੋਸ ਨਹੀਂ ਹੈ। ਸ਼ਾਇਦ ਮੇਰੀ ਕਿਸਮਤ ਖ਼ਰਾਬ ਸੀ, ਚੀਜ਼ਾਂ ਗਲਤ ਸਨ। ਮੈਨੂੰ ਨਹੀਂ ਪਤਾ। ਮੈਨੂੰ ਕੋਈ ਅਫਸੋਸ ਨਹੀਂ ਹੈ ਤੇ ਮੈਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦਾ ਸੀ।’’ ਉਸ ਨੇ ਕਿਹਾ, ‘‘ਇਹ ਸੱਟਾਂ ਦੇ ਕਾਰਨ ਹੋਇਆ ਹੈ, ਸਪਾਂਸਰਾਂ ਦੀ ਕਮੀ ਦੇ ਕਾਰਨ ਨਹੀਂ। ਸਪਾਂਸਰਾਂ ਦੇ ਬਿਨਾਂ ਵੀ ਮੈਂ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਅੱਗੇ ਵੀ ਕਰਾਂਗਾ ਪਰ ਸੱਟਾਂ ਦਾ ਕਾਫੀ ਅਸਰ ਹੋਇਆ।’’
ਉਸ ਨੇ ਕਿਹਾ,‘‘ਮੈਂ 2019 ਵਿਚ ਤੈਅ ਕਰ ਲਿਆ ਸੀ ਕਿ ਮੈਨੂੰ ਡਬਲਜ਼ ਹੀ ਖੇਡਣਾ ਹੈ। ਮੈਂ ਕੁਝ ਸਿੰਗਲਜ਼ ਮੈਚ ਖੇਡ ਰਿਹਾ ਸੀ ਜਿਵੇਂ ਕਿ ਪਿਛਲੇ ਸਾਲ ਖੇਡੇ। ਮੈਂ 2021 ਵਿਚ ਵੀ ਵਾਪਸੀ ਕਰਕੇ ਪਹਿਲੇ ਦੋ-ਤਿੰਨ ਟੂਰਨਾਮੈਂਟ ਖੇਡੇ ਤੇ ਫਿਰ ਅਮਰੀਕਾ ਚਲਾ ਗਿਆ। ਉੱਥੇ ਕੋਰੋਨਾ ਪਾਜ਼ੇਟਿਵ ਹੋ ਗਿਆ ਤੇ ਫਿਰ ਮੈਨੂੰ ਸੱਟ ਲੱਗ ਗਈ।’’ ਡਬਲਜ਼ ਵਿਚ ਉਸ ਨੂੰ ਕੀ ਪਸੰਦ ਹੈ, ਇਹ ਪੁੱਛਣ ’ਤੇ ਯੂਕੀ ਨੇ ਕਿਹਾ, ‘‘ਇਹ ਕਾਫੀ ਤੇਜ਼ ਰਫਤਾਰ ਦੀ ਖੇਡ ਹੈ। ਦੋ ਮਿੰਟ ਦੇ ਅੰਦਰ ਪੂਰਾ ਮੈਚ ਬਦਲ ਜਾਂਦਾ ਹੈ। ਤੁਹਾਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪੈਂਦਾ ਹੈ। ਕਾਰਜਭਾਰ ਵੀ ਵੱਖਰਾ ਹੈ ਪਰ ਸਰੀਰਿਕ ਰੂਪ ਨਾਲ ਇਹ ਸਿੰਗਲਜ਼ ਵਰਗਾ ਥਕਾਊ ਨਹੀਂ ਹੈ।’’