ਅਮਰੀਕੀ ਓਪਨ ਦੇ ਚੌਥੇ ਦੌਰ ''ਚ ਯਾਨਿਕ ਸਿੰਨਰ ਅਤੇ ਇਗਾ ਸਵਿਆਤੇਕ
Sunday, Sep 01, 2024 - 11:31 AM (IST)
ਨਿਊਯਾਰਕ : ਵਿਸ਼ਵ ਦੇ ਨੰਬਰ ਇਕ ਪੁਰਸ਼ ਖਿਡਾਰੀ ਯਾਨਿਕ ਸਿੰਨਰ ਨੇ ਕ੍ਰਿਸ ਓ’ਕੋਨੇਲ ‘ਤੇ ਆਸਾਨ ਜਿੱਤ ਦਰਜ ਕਰਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। ਨੋਵਾਕ ਜੋਕੋਵਿਚ ਅਤੇ ਕਾਰਲੋਸ ਅਲਕਾਰਜ਼ ਦੇ ਬਾਹਰ ਹੋਣ ਤੋਂ ਬਾਅਦ ਸਿੰਨਰ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਦੋ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਓ'ਕੌਨੇਲ ਨੂੰ 6-1, 6-4, 6-1 ਨਾਲ ਹਰਾ ਕੇ ਆਪਣੀ ਸਾਖ ਨੂੰ ਕਾਇਮ ਰੱਖਿਆ।
2021 ਦੇ ਚੈਂਪੀਅਨ ਡੈਨੀਲ ਮੇਦਵੇਦੇਵ ਵੀ ਅਮਰੀਕੀ ਓਪਨ ਦੇ ਅਗਲੇ ਦੌਰ ਵਿੱਚ ਪਹੁੰਚਣ ਵਿੱਚ ਸਫਲ ਰਹੇ। ਇਸ ਰੂਸੀ ਖਿਡਾਰੀ ਨੇ ਫਲੇਵੀਓ ਕੋਬੋਲੀ ਨੂੰ 6-3, 6-4, 6-3 ਨਾਲ ਹਰਾਇਆ। ਉਨ੍ਹਾਂ ਦਾ ਅਗਲਾ ਮੁਕਾਬਲਾ ਨੂਨੋ ਬੋਰਗੇਸ ਨਾਲ ਹੋਵੇਗਾ, ਜਿਨ੍ਹਾਂ ਨੇ ਜੈਕਬ ਮੇਨਸਿਕ ਨੂੰ 6-7 (5), 6-1, 3-6, 7-6 (6), 6-0 ਨਾਲ ਹਰਾਇਆ। ਮਹਿਲਾ ਵਰਗ ਵਿੱਚ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਅਤੇ 2022 ਦੀ ਚੈਂਪੀਅਨ ਇਗਾ ਸਵਿਆਤੇਕ ਨੇ 25ਵਾਂ ਦਰਜਾ ਪ੍ਰਾਪਤ ਅਨਾਸਤਾਸੀਆ ਪਾਵਲੁਚੇਨਕੋਵਾ ਨੂੰ 6-4, 6-2 ਨਾਲ ਹਰਾ ਕੇ ਲਗਾਤਾਰ ਚੌਥੇ ਸਾਲ ਅਮਰੀਕੀ ਓਪਨ ਦੇ ਚੌਥੇ ਦੌਰ ਵਿੱਚ ਪ੍ਰਵੇਸ਼ ਕੀਤਾ।
ਪੰਜਵਾਂ ਦਰਜਾ ਪ੍ਰਾਪਤ ਜੈਸਮੀਨ ਪਾਓਲਿਨੀ ਨੂੰ ਵੀ ਯੂਲੀਆ ਪੁਤਿਨਤਸੇਵਾ ਨੂੰ 6-3, 6-4 ਨਾਲ ਹਰਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਉਨ੍ਹਾਂ ਦਾ ਅਗਲਾ ਮੁਕਾਬਲਾ 2023 ਫ੍ਰੈਂਚ ਓਪਨ ਦੀ ਫਾਈਨਲਿਸਟ ਕੈਰੋਲੀਨਾ ਮੁਚੋਵਾ ਨਾਲ ਹੋਵੇਗਾ। ਮਹਿਲਾ ਵਰਗ ਵਿੱਚ ਜੈਸਿਕਾ ਪੇਗੁਲਾ, ਲਿਊਡਮਿਲਾ ਸੈਮਸੋਨੋਵਾ, ਡਾਇਨਾ ਸਨਾਈਡਰ ਅਤੇ 2018 ਦੀ ਆਸਟ੍ਰੇਲੀਅਨ ਓਪਨ ਚੈਂਪੀਅਨ ਕੈਰੋਲਿਨ ਵੋਜ਼ਨਿਆਕੀ ਵੀ ਅੱਗੇ ਵਧਣ ਵਿੱਚ ਕਾਮਯਾਬ ਰਹੀ।