ਪਹਿਲਵਾਨ ਵਿਨੇਸ਼ ਫੋਗਾਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
Tuesday, Oct 19, 2021 - 10:46 AM (IST)
ਨਵੀਂ ਦਿੱਲੀ (ਭਾਸ਼ਾ) : ਹਾਲ ਹੀ ਵਿਚ ਕੂਹਣੀ ਦੀ ਸਰਜਰੀ ਕਰਵਾਉਣ ਵਾਲੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸੋਮਵਾਰ ਨੂੰ ਪਰਿਵਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਟੋਕੀਓ ਓਲੰਪਿਕ ਵਿਚ ਇਹ 27 ਸਾਲਾ ਪਹਿਲਵਾਨ ਹੈਰਾਨੀਜਨਕ ਰੂਪ ਨਾਲ ਪਹਿਲੇ ਗੇੜ ਵਿਚ ਹੀ ਬਾਹਰ ਹੋ ਗਈ ਸੀ। ਉਹ ਇਨ੍ਹਾਂ ਖੇਡਾਂ ਵਿਚ ਭਾਰਤ ਵੱਲੋਂ ਸਭ ਤੋਂ ਮਜ਼ਬੂਤ ਤਮਗੇ ਦੇ ਦਾਅਵੇਦਾਰਾਂ ਵਿਚੋਂ ਇਕ ਸੀ। ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਕਾਂਸੀ ਤਮਗਾ ਜੇਤੂ ਵਿਨੇਸ਼ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਤੋਂ ਪਹਿਲਾਂ ਅਤੇ ਉਸ ਦੇ ਬਾਅਦ ਗੱਲਬਾਤ ਕੀਤੀ ਸੀ।
ਵਿਨੇਸ਼ ਨੇ ਟਵੀਟ ਕੀਤਾ, ‘ਸਤਿਕਾਰਯੋਗ ਨਰਿੰਦਰ ਮੋਦੀ ਜੀ ਨਾਲ ਅੱਜ ਬਹੁਤ ਚੰਗੀ ਮੁਲਾਕਾਤ ਹੋਈ। ਖੇਡ ਦੇ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਅਤੇ ਪਿਆਰ ਸੱਚਮੁੱਚ ਅਸੀਮਿਤ ਹੈ। ਖਿਡਾਰੀਆਂ ਲਈ ਤੁਹਾਡੀ ਚਿੰਤਾਂ ਤੋਂ ਸੱਚਮੁੱਚ ਪ੍ਰਭਾਵਿਤ ਹਾਂ। ਮੇਰੇ ਅਤੇ ਮੇਰੇ ਪਰਿਵਾਰ ਨਾਲ ਗੱਲ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਅਤੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਣ ਲਈ ਬਹੁਤ-ਬਹੁਤ ਧੰਨਵਾਦ ਸਰ।’ ਟਵਿਟਰ ’ਤੇ ਪੋਸਟ ਕੀਤੀ ਗਈ ਇਕ ਤਸਵੀਰ ਵਿਚ ਵਿਨੇਸ਼ ਆਪਣੀ ਮਾਂ ਅਤੇ ਭਰਾ ਨਾਲ ਪ੍ਰਧਾਨ ਮੰਤਰੀ ਨਾਲ ਨਜ਼ਰ ਆ ਰਹੀ ਸੀ। ਵਿਨੇਸ਼ ਨੇ ਕਮਜ਼ੋਰੀ ਦੀ ਸ਼ਿਕਾਇਤ ਕਰਦੇ ਹੋਏ ਹਾਲ ਹੀ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਟ੍ਰਾਇਲ ਨੂੰ ਵਿਚਾਲੇ ਹੀ ਛੱਡ ਦਿੱਤਾ ਸੀ।