ਪਹਿਲਵਾਨ ਸੁਸ਼ੀਲ ਕੁਮਾਰ ਨੇ ਤਿਹਾੜ ਜੇਲ ਦੇ ਅਧਿਕਾਰੀਆਂ ਤੋਂ ਕੀਤੀ ਟੀ. ਵੀ. ਦੀ ਮੰਗ
Sunday, Jul 04, 2021 - 06:08 PM (IST)
ਨਵੀਂ ਦਿੱਲੀ— ਓਲੰਪਿਕ ਖੇਡਾਂ ’ਚ ਦੋ ਵਾਰ ਤਮਗ਼ਾ ਹਾਸਲ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਪਹਿਲਵਾਨ ਸੁਸ਼ੀਲ ਕੁਮਾਰ ਨੇ ਤਿਹਾੜ ਜੇਲ ਦੇ ਅਧਿਕਾਰੀਆਂ ਤੋਂ ਟੈਲੀਵਿਜ਼ਨ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ ਤਾਂ ਜੋ ਉਸ ਨੂੰ ਕੁਸ਼ਤੀ ਨਾਲ ਜੁੜੇ ਮੈਚਾਂ ਦੇ ਬਾਰੇ ਜਾਣਕਾਰੀ ਮਿਲ ਸਕੇ। ਇੱਥੇ ਛੱਤਰਸਾਲ ਸਟੇਡੀਅਮ ’ਚ ਹੋਏ ਝਗੜੇ ਦੇ ਮਾਮਲੇ ’ਚ ਕੁਮਾਰ ਕੁਮਾਰ ਤਿਹਾੜ ਜੇਲ ’ਚ ਬੰਦ ਹੈ। ਕੁਮਾਰ ਨੂੰ ਮਾਮਲੇ ’ਚ ਸਹਿ ਦੋਸ਼ੀ ਅਜੇ ਕੁਮਾਰ ਦੇ ਨਾਲ 23 ਮਈ ਨੂੰ ਦਿੱਲੀ ਦੇ ਮੁੰਡਕਾ ਇਲਾਕੇ ਤੋਂ ਫੜਿਆ ਗਿਆ ਸੀ। ਦੋਸ਼ ਹੈ ਕਿ ਕੁਮਾਰ ਤੇ ਉਸ ਦੇ ਸਹਿਯੋਗੀਆਂ ਨੇ ਸੰਪਤੀ ਵਿਵਾਦ ’ਚ ਚਾਰ ਤੇ ਪੰਜ ਮਈ ਦੀ ਦਰਮਿਆਨੀ ਰਾਤ ’ਚ ਪਹਿਲਵਾਨ ਸਾਗਰ ਧਨਖੜ ਤੇ ਉਸ ਦੇ ਦੋ ਦੋਸਤਾਂ ਸੋਨੂੰ ਤੇ ਅਮਿਤ ’ਤੇ ਹਮਲਾ ਕੀਤਾ ਸੀ।
ਧਨਖੜ ਦੀ ਬਾਅਦ ’ਚ ਮੌਤ ਹੋ ਗਈ ਸੀ। ਜੇਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁਮਾਰ ਨੇ ਟੈਲੀਵਿਜ਼ਨ ਦੀ ਮੰਗ ਆਪਣੇ ਵਕੀਲ ਰਾਹੀਂ ਕੀਤੀ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਇਕ ਅਦਾਲਤ ਨੇ ਕੁਮਾਰ ਦੀ ਨਿਆਂਇਕ ਹਿਰਾਸਤ 9 ਜੁਲਾਈ ਤਕ ਵਧਾ ਦਿੱਤੀ ਸੀ। ਕੁਮਾਰ ਨੂੰ ਮੰਡੋਲੀ ਜੇਲ ਤੋਂ ਤਿਹਾੜ ਜੇਲ ਨੰਬਰ-2 ’ਚ ਤਬਦੀਲ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਕੁਮਾਰ ਹੀ ਕਤਲ ਮਾਮਲੇ ’ਚ ‘ਮੁੱਖ ਦੋਸ਼ੀ ਤੇ ਇਸ ਦਾ ਮਾਸਟਰਮਾਈਂਡ’ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੁਸ਼ੀਲ ਖ਼ਿਲਾਫ਼ ਇਲੈਕਟ੍ਰਾਨਿਕ ਸਬੂਤ ਹਨ ਜਿਸ ’ਚ ਕੁਮਾਰ ਤੇ ਉਸ ਦੇ ਸਾਥੀਆਂ ਨੂੰ ਧਨਖੜ ਨਾਲ ਕੁੱਟਮਾਰ ਕਰਦੇ ਦੇਖਿਆ ਜਾ ਸਕਦਾ ਹੈ।