ਬਜਰੰਗ ਪੂਨੀਆ ਨੇ ਗੋਡੇ ਦੀ ਸੱਟ ਨੂੰ ਲੈ ਕੇ ਦਿੱਤਾ ਇਹ ਬਿਆਨ
Saturday, Jun 26, 2021 - 09:16 PM (IST)
ਨਵੀਂ ਦਿੱਲੀ— ਓਲੰਪਿਕ ’ਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਪਹਿਲਵਾਨ ਬਜਰੰਗ ਪੂਨੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ ਪਰ ਉਨ੍ਹਾਂ ਦੇ ਸੱਜੇ ਗੋਡੇ ਨੂੰ ਕਿੰਨਾ ਨੁਕਸਾਨ ਹੋਇਆ ਹੈ ਇਹ ਸੋਮਵਾਰ ਤਕ ਹੀ ਪਤਾ ਲਗੇਗਾ ਕਿਉਂਕਿ ਸੋਜ ਤੇ ਦਰਦ ਘੱਟ ਹੋਣ ’ਚ ਘੱਟੋ-ਘੱਟ 48 ਘੰਟੇ ਲਗਦੇ ਹਨ।
ਬਜਰੰਗ ਸ਼ੁੱਕਰਵਾਰ ਸ਼ਾਮ ਨੂੰ ਰੂਸ ਦੇ ਇਕ ਟੂਰਨਾਮੈਂਟ ਦੇ ਸੈਮੀਫ਼ਾਈਨਲ ’ਚ ਯੂਰਪੀ ਅੰਡਰ-23 ਦੇ ਚਾਂਦੀ ਦੇ ਤਮਗ਼ਾ ਜੇਤੂ ਅਬੁਲਮਾਜਿਦ ਕੁਦੀਵ ਦੇ ਖਿਲਾਫ਼ ਮੁਕਾਬਲਾ ਕਰਦੇ ਹੋਏ ਆਪਣੇ ਸੱਜੇ ਗੋਡੇ ’ਤੇ ਸੱਟ ਲਵਾ ਬੈਠੇ ਸਨ। ਕਦੀਵ ਨੇ ਬਾਊਟ ਦੇ ਪਹਿਲੇ ਹੀ ਦੌਰ ’ਚ ਬਜਰੰਗ ਦਾ ਸੱਜਾ ਪੈਰ ਜਕੜ ਕੇ ਅਚਾਨਕ ਖਿੱਚ ਲਿਆ। ਬਜਰੰਗ ਦੇ ਸੱਜੇ ਗੋਡੇ ’ਤੇ ਇਸ ਦਾ ਪ੍ਰਭਾਵ ਪਿਆ ਤੇ ਉਹ ਲੰਗੜਾ ਕੇ ਤੁਰਨ ਲੱਗੇ। ਉਨ੍ਹਾਂ ਨੇ ਸੱਟ ਨੂੰ ਗੰੰਭੀਰ ਹੋਣ ਤੋਂ ਬਚਾਉਣ ਲਈ ਉਸੇ ਸਮੇਂ ਮੁਕਾਬਲੇ ਤੋਂ ਹੱਟਣ ਦਾ ਫ਼ੈਸਲਾ ਕੀਤਾ। ਕਰੀਬੀ ਸੂਤਰਾਂ ਨੇ ਕਿਹਾ ਕਿ ਇਹ ਇਕ ਚੰਗਾ ਸੰਕੇਤ ਹੈ ਕਿ ਉਹ ਬਿਨਾ ਕਿਸੇ ਮਦਦ ਦੇ ਤੁਰ ਰਹੇ ਹਨ ਪਰ ਸੱਟ ਦਾ ਸਟੀਕ ਅੰਦਾਜ਼ਾ ਲਾਉਣ ’ਚ ਘੱਟੋ-ਘੱਟ ਦੋ ਦਿਨ ਲਗਣਗੇ।