WPL 2025 UP vs GG : ਲਖਨਊ ਦੇ ਘਰੇਲੂ ਮੈਦਾਨ ''ਤੇ ਹਾਰੀ ਯੂਪੀ, ਗੁਜਰਾਤ 81 ਦੌੜਾਂ ਨਾਲ ਜਿੱਤੀ
Tuesday, Mar 04, 2025 - 12:08 PM (IST)

ਲਖਨਊ– ਬੇਥ ਮੂਨੀ ਦੀ ਅਜੇਤੂ 96 ਦੌੜਾਂ ਦੀ ਪਾਰੀ ਦੀ ਬਦੌਲਤ ਗੁਜਰਾਤ ਜਾਇੰਟਸ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ ਇਕਪਾਸੜ ਮੈਚ ਵਿਚ ਸੋਮਵਾਰ ਨੂੰ ਇੱਥੇ ਯੂ. ਪੀ. ਵਾਰੀਅਰਜ਼ ਨੂੰ 81 ਦੌੜਾਂ ਨਾਲ ਕਰਾਰੀ ਹਾਰ ਦਿੱਤੀ।
ਮੂਨੀ ਇਸ ਡਬਲਯੂ. ਪੀ. ਐੱਲ. ਸੈਸ਼ਨ ਵਿਚ ਕਿਸੇ ਵੀ ਖਿਡਾਰਨ ਦਾ ਪਹਿਲਾ ਸੈਂਕੜਾ ਬਣਾਉਣ ਤੋਂ ਖੁੰਝ ਗਈ ਪਰ ਉਸਦੀ 59 ਗੇਂਦਾਂ ਵਿਚ 17 ਚੌਕਿਆਂ ਦੀ ਮਦਦ ਨਾਲ ਖੇਡੀ ਗਈ ਅਜੇਤੂ ਪਾਰੀ ਦੀ ਬਦੌਲਤ ਗੁਜਰਾਤ ਜਾਇੰਟਸ ਨੇ 5 ਵਿਕਟਾਂ ’ਤੇ 186 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਦੇ ਦਬਾਅ ਵਿਚ ਯੂ. ਪੀ. ਦੀ ਟੀਮ ਨੇ ਗੋਡੇ ਟੇਕ ਦਿੱਤੇ।
ਜਿੱਤ ਲਈ 187 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਯੂ. ਪੀ. ਵਾਰੀਅਰਜ਼ ਦੀ ਟੀਮ 17.1 ਓਵਰਾਂ ਵਿਚ ਸਿਰਫ 105 ਦੌੜਾਂ ਹੀ ਬਣਾ ਸਕੀ, ਜਿਹੜੀ ਇਸ ਲੀਗ ਵਿਚ ਟੀਮ ਦਾ ਸਭ ਤੋਂ ਛੋਟਾ ਸਕੋਰ ਹੈ। ਇਸ ਜਿੱਤ ਨਾਲ ਗੁਜਰਾਤ ਦੀ ਟੀਮ ਅੰਕ ਸੂਚੀ ਵਿਚ ਪੰਜਵੇਂ ਸਥਾਨ ਤੋਂ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਮੈਚ ਤੋਂ ਪਹਿਲਾਂ ਤੀਜੇ ਸਥਾਨ ’ਤੇ ਰਹਿਣ ਵਾਲੀ ਯੂ. ਪੀ. ਦੀ ਟੀਮ ਪੰਜਵੇਂ ਸਥਾਨ ’ਤੇ ਖਿਸਕ ਗਈ। ਯੂ. ਪੀ. ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪਹਿਲੇ ਓਵਰ ਵਿਚ ਹੀ ਡਿਆਂਡ੍ਰਾ ਡੌਟਿਨ ਨੇ ਦੋ ਝਟਕੇ ਦਿੱਤੇ। ਕਿਰਣ ਨਵਗਿਰੇ ਤੇ ਡਬਲਯੂ. ਪੀ. ਐੱਲ. ਦਾ ਆਪਣਾ ਪਹਿਲਾ ਮੈਚ ਖੇਡ ਰਹੀ ਜਾਰਜੀਆ ਵੋਲ ਖਾਤਾ ਖੋਲ੍ਹੇ ਬਿਨਾਂ ਪੈਵੇਲੀਅਨ ਪਰਤ ਗਈ।
36 ਦੌੜਾਂ ’ਤੇ ਅੱਧੀ ਟੀਮ ਪੈਵੇਲੀਅਨ ਪਰਤ ਗਈ ਸੀ। ਕਾਸ਼ਵੀ ਗੌਤਮ, ਮੇਘਨਾ ਸਿੰਘ , ਤਨੁਜਾ ਕੰਵਰ ਤੇ ਐਸ਼ਲੇ ਗਾਰਡਨਰ ਨੇ ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ। ਯੂ. ਪੀ. ਵਾਰੀਅਰਜ਼ ਦਾ ਚੋਟੀਕ੍ਰਮ ਨਵੀਂ ਗੇਂਦ ਦੇ ਨਾਲ ਸ਼ੁਰੂਆਤੀ ਸਵਿੰਗ ਵਿਰੁੱਧ ਸੰਘਰਸ਼ ਕਰਦਾ ਦਿਸਿਆ। ਸਲਾਮੀ ਬੱਲੇਬਾਜ਼ ਗ੍ਰੇਸ ਹੈਰਿਸ ਨੇ ਐੱਲ. ਬੀ. ਡਬਲਯੂ. ਅਪੀਲ ਤੋਂ ਬਚਣ ਤੋਂ ਬਾਅਦ 3 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਯੂ. ਪੀ. ਦੀ ਹੋਰ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕੀ।