WPL 2025 : ਮੰਧਾਨਾ ਦੀਆਂ 81 ਦੌੜਾਂ, ਬੈਂਗਲੁਰੂ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ
Tuesday, Feb 18, 2025 - 02:04 PM (IST)

ਵਡੋਦਰਾ– ਕਪਤਾਨ ਸਮ੍ਰਿਤੀ ਮੰਧਾਨਾ (81) ਤੇ ਡੈਨੀਅਲ ਵਾਯਟ (42) ਦੀ ਤੂਫਾਨੀ ਬੱਲੇਬਾਜ਼ੀ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ ਚੌਥੇ ਮੁਕਾਬਲੇ ਵਿਚ ਸੋਮਵਾਰ ਨੂੰ ਦਿੱਲੀ ਕੈਪੀਟਲਸ ਨੂੰ 22 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾ ਦਿੱਤਾ।
ਦਿੱਲੀ ਦੀਆਂ 141 ਦੌੜਾਂ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਆਰ. ਸੀ. ਬੀ. ਲਈ ਸਮ੍ਰਿਤੀ ਮੰਧਾਨਾ ਤੇ ਵਾਯਟ ਨੇ ਪਹਿਲੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਕੀਤੀ। 11ਵੇਂ ਓਵਰ ਵਿਚ ਅਰੁੰਧਤੀ ਰੈੱਡੀ ਨੇ ਵਾਯਟ ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਵਾਯਟ ਨੇ 33 ਗੇਂਦਾਂ ਦੀ ਪਾਰੀ ਵਿਚ 7 ਚੌਕੇ ਲਾਏ। ਸਮ੍ਰਿਤੀ ਮੰਧਾਨਾ ਨੇ ਆਪਣੀ 46 ਗੇਂਦਾਂ ਦੀ ਪਾਰੀ ਵਿਚ 10 ਚੌਕੇ ਤੇ 3 ਛੱਕੇ ਲਾਏ। ਉਸ ਨੂੰ 16ਵੇਂ ਓਵਰ ਵਿਚ ਸ਼ਿਖਾ ਪਾਂਡੇ ਨੇ ਆਊਟ ਕੀਤਾ। ਆਰ. ਸੀ. ਬੀ. ਨੇ 16.2 ਓਵਰਾਂ ਵਿਚ 146 ਦੌੜਾਂ ਬਣਾ ਕੇ ਮੁਕਾਬਲਾ 8 ਵਿਕਟਾਂ ਨਾਲ ਜਿੱਤ ਲਿਆ। ਇਹ ਆਰ. ਸੀ. ਬੀ. ਦੀ ਲਗਾਤਾਰ ਦੂਜੀ ਜਿੱਤ ਹੈ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੇ ਪਹਿਲੇ ਹੀ ਓਵਰ ਵਿਚ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (0) ਦੀ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਕਪਤਾਨ ਮੈਗ ਲੈਨਿੰਗ (17) ਤੇ ਜੇਮਿਮਾਹ ਰੋਡ੍ਰਿਗੇਜ਼ (34) ਨੇ ਦੂਜੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਕੀਤੀ। 7ਵੇਂ ਓਵਰ ਵਿਚ ਜੇਮਿਮਾ ਨੂੰ ਜਾਰਜੀਆ ਵੇਅਰਹਮ ਨੇ ਸਟੰਪ ਆਊਟ ਕਰ ਕੇ ਦਿੱਲੀ ਨੂੰ ਵੱਡਾ ਝਟਕਾ ਦਿੱਤਾ। ਅਗਲੇ ਹੀ ਓਵਰ ਵਿਚ ਕਿਮ ਗਾਰਥ ਨੇ ਮੈਗ ਲੈਨਿੰਗ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਆਰ. ਸੀ. ਬੀ. ਦੇ ਗੇਂਦਬਾਜ਼ੀ ਹਮਲੇ ਦੇ ਅੱਗੇ ਦਿੱਲੀ ਦੀਆਂ ਬੱਲੇਬਾਜ਼ ਟਿਕ ਕੇ ਖੇਡ ਨਹੀਂ ਸਕੀਆਂ। ਐਨਾਬੇਲ ਸਦਰਲੈਂਡ (19), ਜੇਸ ਜਾਨਸਨ (1), ਮੈਰੀਜਾਨ ਕੈਪ (12), ਸੇਰਾ ਬ੍ਰਾਇਸ (23) ਤੇ ਸ਼ਿਖਾ ਪਾਂਡੇ (14), ਅਰੁੰਧਤੀ ਰੈੱਡੀ (4) ਤੇ ਰਾਧਾ ਯਾਦਵ (0) ਵੀ ਸਸਤੇ ਵਿਚ ਆਊਟ ਹੋ ਗਈਆਂ ਹਨ। ਦਿੱਲੀ ਦੀ ਪੂਰੀ ਟੀਮ 19.3 ਓਵਰਾਂ ਵਿਚ 141 ਦੇ ਸਕੋਰ ’ਤੇ ਸਿਮਟ ਗਈ।