WPL 2024 : ਬੇਹੱਦ ਰੋਮਾਂਚਕ ਮੁਕਾਬਲੇ 'ਚ RCB ਨੂੰ 1 ਦੌੜ ਨਾਲ ਹਰਾ ਕੇ DC ਨੇ ਪਲੇਆਫ਼ 'ਚ ਬਣਾਈ ਜਗ੍ਹਾ
Monday, Mar 11, 2024 - 12:00 AM (IST)
ਸਪੋਰਟਸ ਡੈਸਕ- ਦਿੱਲੀ ਕੈਪੀਟਲਸ ਨੇ ਜੇਮਿਮਾ ਰੋਡ੍ਰਿਗੇਜ਼ (58) ਦੇ 26 ਗੇਂਦਾਂ ’ਚ ਬਣਾਏ ਗਏ ਅਰਧ ਸੈਂਕੜੇ ਤੇ ਐਲਿਸ ਕੈਪਸੀ (48) ਨਾਲ ਉਸ ਦੀ ਤੀਜੀ ਵਿਕਟ ਲਈ 97 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਗੇਂਦਬਾਜ਼ਾਂ ਤੇ ਫੀਲਡਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੂੰ ਬੇਹੱਦ ਰੋਮਾਂਚਕ ਮੁਕਾਬਲੇ ਵਿਚ 1 ਦੌੜ ਨਾਲ ਹਰਾ ਦਿੱਤਾ।
ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ’ਚ 5 ਵਿਕਟਾਂ ਗੁਆ ਕੇ 181 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਆਰ.ਸੀ.ਬੀ. ਨੂੰ 7 ਵਿਕਟਾਂ ’ਤੇ 180 ਦੌੜਾਂ ’ਤੇ ਰੋਕ ਦਿੱਤਾ। ਵੱਡੇ ਟੀਚੇ ਦਾ ਮਜ਼ਬੂਤੀ ਨਾਲ ਪਿੱਛਾ ਕਰਨ ਉਤਰੀ ਆਰ.ਸੀ.ਬੀ. ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਦੂਜੇ ਹੀ ਓਵਰ ਵਿਚ ਉਸ ਨੇ ਕਪਤਾਨ ਸਮ੍ਰਿਤੀ ਮੰਧਾਨਾ (5) ਦੀ ਵਿਕਟ ਗੁਆ ਦਿੱਤੀ।
ਇਸ ਤੋਂ ਬਾਅਦ ਸੋਫੀ ਮੋਲਨਿਊ (33) ਤੇ ਐਲਿਸ ਪੈਰੀ (49) ਨੇ ਪਾਰੀ ਨੂੰ ਸੰਭਾਲਿਆ। ਜਾਰਜੀਆ ਵੇਅਰਹੈਮ 12 ਦੌੜਾਂ ਬਣਾ ਕੇ ਆਊਟ ਹੋਈ। ਰਿਚਾ ਘੋਸ਼ ਨੇ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ ਪਰ ਉਸ ਦੇ ਆਖਰੀ ਗੇਂਦ ’ਤੇ ਰਨ ਆਊਟ ਹੋਣ ਕਾਰਨ ਬੈਂਗਲੁਰੂ 1 ਦੌੜ ਨਾਲ ਹਾਰ ਗਈ।
ਇਸ ਤੋਂ ਪਹਿਲਾਂ ਕਪਤਾਨ ਮੇਗ ਲੈਨਿੰਗ ਤੇ ਸ਼ੈਫਾਲੀ ਵਰਮਾ ਨੇ ਦਿੱਲੀ ਵੱਲੋਂ ਪਹਿਲੀ ਵਿਕਟ ਲਈ 54 ਦੌੜਾਂ ਜੋੜੀਆਂ। ਜੇਮਿਮਾ ਨੇ 36 ਗੇਂਦਾਂ ’ਚ 8 ਚੌਕੇ ਤੇ 1 ਛੱਕਾ ਲਾਇਆ। ਜੇਮਿਮਾ ਨੂੰ 18ਵੇਂ ਓਵਰ ਵਿਚ ਸ਼੍ਰੇਯੰਕਾ ਨੇ ਬੋਲਡ ਕੀਤਾ। ਐਲਿਸ ਕੈਪਸੀ ਨੇ 32 ਗੇਦਾਂ ’ਚ 8 ਚੌਕੇ ਲਾਏ। ਜੇਸ ਜਾਨਸਨ ਇਕ ਦੌੜ ਬਣਾ ਕੇ ਆਊਟ ਹੋਈ। ਮੈਰੀਜੇਨ ਕੈਪ 12 ਤੇ ਰਾਧਾ ਯਾਦਵ 1 ਦੌੜ ਬਣਾ ਕੇ ਅਜੇਤੂ ਰਹੀਆਂ।
36 ਗੇਂਦਾਂ 'ਚ 58 ਦੌੜਾਂ ਦੀ ਪਾਰੀ ਖੇਡਣ ਵਾਲੀ ਦਿੱਲੀ ਦੀ ਜੇਮਿਮਾ ਰੋਡਰਿਗੇਜ਼ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e