WPL 2024 : ਗੁਜਰਾਤ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਕੇ ਸਿੱਧੀ ਫਾਈਨਲ 'ਚ ਪਹੁੰਚੀ ਦਿੱਲੀ ਕੈਪੀਟਲਸ
Wednesday, Mar 13, 2024 - 11:19 PM (IST)
 
            
            ਸਪੋਰਟਸ ਡੈਸਕ– ਸ਼ੈਫਾਲੀ ਵਰਮਾ ਦੀਆਂ 37 ਗੇਂਦਾਂ ’ਚ 71 ਦੌੜਾਂ ਦੀ ਮਦਦ ਨਾਲ ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਮੈਚ ’ਚ ਬੁੱਧਵਾਰ ਨੂੰ ਗੁਜਰਾਤ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਕੇ ਸਿੱਧੇ ਮਹਿਲਾ ਪ੍ਰੀਮੀਅਰ ਲੀਗ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ।
ਚੋਟੀ ਦੇ ਸਥਾਨ ’ਤੇ ਕਾਬਜ਼ ਦਿੱਲੀ ਕੈਪੀਟਲਸ ਨੇ ਆਪਣੇ ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਦੇ ਦਮ ’ਤੇ ਗੁਜਰਾਤ ਨੂੰ 9 ਵਿਕਟਾਂ ’ਤੇ 126 ਦੌੜਾਂ ’ਤੇ ਰੋਕ ਦਿੱਤਾ ਸੀ। ਜਵਾਬ ਵਿਚ ਉਸ ਨੇ ਇਹ ਟੀਚਾ 13.1 ਓਵਰਾਂ ’ਚ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਹਾਸਲ ਕਰ ਲਿਆ।

ਐਤਵਾਰ ਨੂੰ ਫਾਈਨਲ ਵਿਚ ਦਿੱਲੀ ਕੈਪੀਟਲਸ ਦਾ ਸਾਹਮਣਾ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਦਿੱਲੀ ਲਈ ਸ਼ੈਫਾਲੀ ਨੇ ਆਪਣੀ ਪਾਰੀ ’ਚ 5 ਛੱਕੇ ਤੇ 7 ਚੌਕੇ ਲਾਏ। ਜੇਮਿਮਾ ਰੋਡ੍ਰਿਗੇਜ਼ 38 ਦੌੜਾਂ ਬਣਾ ਕੇ ਅਜੇਤੂ ਰਹੀ।
ਇਸ ਤੋਂ ਪਹਿਲਾਂ ਗੁਜਰਾਤ ਦਾ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਗਲਤ ਸਾਬਤ ਹੋਇਆ ਤੇ ਚੌਥੇ ਹੀ ਓਵਰ ’ਚ ਉਸ ਦੀਆਂ 2 ਬੱਲੇਬਾਜ਼ 12 ਦੌੜਾਂ ਦੇ ਸਕੋਰ ’ਤੇ ਪੈਵੇਲੀਅਨ ਪਰਤ ਗਈਆਂ ਸਨ। ਕਪਤਾਨ ਬੇਥ ਮੂਨੀ ਪਹਿਲੇ ਹੀ ਓਵਰ ’ਚ ਖਾਤਾ ਖੋਲ੍ਹੇ ਬਿਨਾਂ ਕਾਪ ਦੀ ਗੇਂਦ ’ਤੇ ਆਊਟ ਹੋਈ।

ਭਾਰਤੀ ਫੂਲਮਾਲੀ ਦੀਆਂ 36 ਗੇਂਦਾਂ ’ਤੇ 42 ਦੌੜਾਂ ਤੇ ਕੈਥਰੀਨ ਬ੍ਰਾਈਸ ਦੀ ਅਜੇਤੂ 28 ਦੌੜਾਂ ਦੀ ਪਾਰੀ ਨਾ ਹੁੰਦੀ ਤਾਂ ਗੁਜਰਾਤ ਇਸ ਸਕੋਰ ਤੱਕ ਵੀ ਨਾ ਪਹੁੰਚ ਪਾਉਂਦੀ। ਦੱਖਣੀ ਅਫਰੀਕਾ ਦੀ ਤਜਰਬੇਕਾਰ ਮਰਿਆਨੇ ਕਾਪ ਨੇ 4 ਓਵਰਾਂ ’ਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਡੀ ਹੇਮਲਤਾ (4) ਨੂੰ ਜੇਸ ਜੋਨਾਸੇਨ ਨੇ ਬੋਲਡ ਕੀਤਾ। ਉਥੇ ਹੀ ਲੌਰਾ ਵੋਲਵਾਰਟ (7) ਨੂੰ ਕਾਪ ਨੇ ਪੈਵੇਲੀਅਨ ਭੇਜਿਆ।
ਪੰਜਵੇਂ ਓਵਰ ’ਚ ਗੁਜਰਾਤ ਦੀਆਂ 3 ਬੱਲੇਬਾਜ਼ ਪੈਵੇਲੀਅਨ ’ਚ ਸੀ ਜਦੋਂ ਸਕੋਰ ਬੋਰਡ ’ਤੇ ਸਿਰਫ਼ 16 ਦੌੜਾਂ ਹੀ ਲੱਗੀਆਂ ਸਨ। ਆਸਟ੍ਰੇਲੀਆ ਦੀ ਤਜਰਬੇਕਾਰ ਖਿਡਾਰਨ ਐਸ਼ਲੇ ਗਾਰਡਨਰ (12) ਤੇ ਫੋਬੇ ਲਿਚਫੀਲਡ (21) ਨੇ ਪਾਰੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤੇ ਚੌਥੀ ਵਿਕਟ ਲਈ 23 ਦੌੜਾਂ ਜੋੜੀਆਂ। ਆਫ ਸਪਿਨਰ ਮਨੀ ਨੇ ਗਾਰਡਨਰ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ।

ਨੌਵੇਂ ਓਵਰ ’ਚ ਗੁਜਰਾਤ ਦਾ ਸਕੋਰ 4 ਵਿਕਟਾਂ ’ਤੇ 39 ਦੌੜਾਂ ਸੀ। ਮਨੀ ਦੀ ਗੇਂਦ ’ਤੇ ਰਾਧਾ ਯਾਦਵ ਨੇ ਲਿਚਫੀਲਡ ਦਾ ਸ਼ਾਨਦਾਰ ਕੈਚ ਫੜਿਆ। 5 ਵਿਕਟਾਂ 11ਵੇਂ ਓਵਰ ’ਚ 48 ਦੌੜਾਂ ’ਤੇ ਗੁਆਉਣ ਤੋਂ ਬਾਅਦ ਫੂਲਮਾਲੀ ਤੇ ਬ੍ਰਾਇਸ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ 68 ਦੌੜਾਂ ਜੋੜ ਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।

37 ਗੇਂਦਾਂ 'ਚ 7 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੀ ਸ਼ੈਫਾਲੀ ਵਰਮਾ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            